ਨਵੀਂ ਦਿੱਲੀ – ਕ੍ਰਿਕਟ ਮੈਦਾਨ ‘ਤੇ ਅਕਸਰ ਖਿਡਾਰੀਆਂ ਅਤੇ ਅੰਪਾਇਰਾਂ ਵਿੱਚਾਲੇ ਤੂ-ਤੂ ਮੈਂ-ਮੈਂ ਹੁੰਦੀ ਰਹਿੰਦੀ ਹੈ। ਡਿਸੀਯਨ ਰਿਵਿਯੂ ਸਿਸਟਮ (DRS) ਦੇ ਆਉਣ ਤੋਂ ਬਾਅਦ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਜ਼ਿਆਦਾ ਕਮੀ ਦੇਖਣ ਨੂੰ ਨਹੀਂ ਮਿਲ ਰਹੀ। ਹਾਲ ਹੀ ‘ਚ ਨਿਊ ਜ਼ੀਲੈਂਡ ਦੇ ਬੱਲੇਬਾਜ਼ ਡੈਰਿਲ ਮਿਸ਼ੈਲ ਭਾਰਤ ਖਿਲਾਫ਼ ਵਿਵਾਦਮਈ ਤਰੀਕੇ ਨਾਲ ਅੰਪਾਇਰ ਦੇ ਗ਼ਲਤ ਫ਼ੈਸਲੇ ਦਾ ਸ਼ਿਕਾਰ ਹੋ ਗਿਆ ਜਦਕਿ ਐਤਵਾਰ ਨੂੰ ਨਿਊ ਜ਼ੀਲੈਂਡ ਵਿੱਚ ਇੱਕ ਕਲੱਬ ਮੈਚ ਦੌਰਾਨ ਫ਼ੈਸਲੇ ਤੋਂ ਨਾਰਾਜ਼ ਖਿਡਾਰੀਆਂ ਨੇ ਮੈਦਾਨ ‘ਤੇ ਹੀ ਅੰਪਾਇਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਦਰਅਸਲ ਐਤਵਾਰ ਨੂੰ ਨਿਊ ਜ਼ੀਲੈਂਡ ਵਿੱਚ ਹੋਰੋਵੇਨੁਆ ਕਾਪਿਟਿ ਕਲੱਬ ਪਾਰਾਪਾਰਾਉਮੁ ਅਤੇ ਵੇਰਾਰੋਆ ਵਿੱਚਾਲੇ ਇੱਕ ਮੈਚ ਖੇਡਿਆ ਜਾ ਰਿਹਾ ਸੀ। ਇਸ ਮੈਚ ਦੌਰਾਨ ਪਾਰਾਪਾਰਾਉਮੁ ਵਲੋਂ ਖੇਡਣ ਆਏ ਖਿਡਾਰੀ ਨੇ ਅੰਪਾਇਰਿੰਗ ਕਰਦਿਆਂ ਇੱਕ ਅਜਿਹਾ ਫ਼ੈਸਲਾ ਦਿੱਤਾ ਜਿਸ ਨੂੰ ਵੇਰਾਰੋਆ ਖਿਡਾਰੀ ਗ਼ਲਤ ਦੱਸਣ ਲੱਗੇ। ਪਾਰਾਪਾਰਾਉਮੁ ਦੇ ਪੱਖ ਵਿੱਚ ਫ਼ੈਸਲਾ ਜਾਂਦਾ ਦੇਖ ਵੇਰਾਰੋਆ ਦੇ ਕੁੱਝ ਖਿਡਾਰੀਆਂ ਨੇ ਮੈਦਾਨ ‘ਤੇ ਹੀ ਅੰਪਾਇਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਮਾਮਲਾ ਵਿਗੜਦਾ ਦੇਖ ਮੈਦਾਨ ‘ਤੇ ਪੁਲੀਸ ਨੂੰ ਬੁਲਾਉਣਾ ਪਿਆ। ਪੁਲਸ ਦੀ ਸਖ਼ਤੀ ਕਾਰਨ ਦੋਹਾਂ ਪੱਖਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਉੱਥੇ ਮੌਜੂਦ ਇੱਕ ਵਿਅਕਤੀ ਮੁਤਾਬਿਕ ਅੰਪਾਇਰ ਨੂੰ ਪਹਿਲਾਂ ਖਿਡਾਰੀਆਂ ਘੇਰ ਲਿਆ। ਉਸ ਤੋਂ ਬਾਅਦ ਉਸ ਨੂੰ ਤਿੰਨ ਲੱਤਾਂ ਮਾਰ ਕੇ ਹੇਠਾਂ ਸੁੱਟਿਆ ਗਿਆ। ਨਿਊ ਜ਼ੀਲੈਂਡ ਕ੍ਰਿਕਟ ਅਫ਼ੇਅਰ ਪਬਲਿਕ ਮੈਨੇਜਰ ਰਿਚਰਡ ਬੁਕ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਇੱਕ ਹੋਰ ਵਿਅਕਤੀ ਮੁਤਾਬਿਕ ਅੰਪਾਇਰ ਦੇ ਨੱਕ ‘ਤੇ ਹਮਲਾ ਕਰਨ ਕਾਰਨ ਉਸ ਦਾ ਨੱਕ ਟੁੱਟ ਗਿਆ, ਪਰ ਇਸ ਤੋਂ ਬਾਅਦ ਵੀ ਖਿਡਾਰੀ ਉਸ ਨੂੰ ਮਾਰਦੇ ਰਹੇ। ਉੱਥੇ ਹੀ ਪੁਲੀਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਪੀੜਤ ਵਲੋਂ ਹੁਣ ਤਕ ਕੋਈ ਦੋਸ਼ ਨਹੀਂ ਲਾਇਆ ਗਿਆ ਹੈ।












