ਜ਼ਖਮੀ ਹੋਣ ਕਾਰਨ ਟੀਮ ਤੋਂ ਬਾਹਰ ਹੋਇਆ ਧੋਨੀ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਮਾਂਸ-ਪੇਸ਼ੀਆਂ ‘ਚ ਖਿਚਾਅ ਕਾਰਨ ਨਿਊ ਜ਼ੀਲੈਂਡ ਖਿਲਾਫ਼ ਤੀਜਾ ਇੱਕ ਰੋਜਾ ਮੈਚ ਨਹੀਂ ਖੇਡ ਸੱਕਿਆ। ਸੋਮਵਾਰ ਨੂੰ ਖੇਡੇ ਗਏ ਤੀਜੇ ਇੱਕ ਰੋਜਾ ‘ਚ ਉਸ ਦੀ ਜਗ੍ਹਾ ਦਿਨੇਸ਼ ਕਾਰਤਿਕ ਨੇ ਵਿਕਟਕੀਪਰ ਦੀ ਭੂਮਿਕਾ ਨਿਭਾਈ। ਸ਼ਾਨਦਾਰ ਫ਼ਿਟਨੈੱਸ ਲਈ ਜਾਣਿਆ ਜਾਂਦੇ ਧੋਨੀ ਲਈ ਇੱਕ ਰੋਜਾ ਕਰੀਅਰ ‘ਚ ਇਹ ਸਿਰਫ਼ ਤੀਜਾ ਮੌਕਾ ਹੈ ਜਦੋਂ ਉਹ ਜ਼ਖ਼ਮੀ ਹੋਣ ਦੇ ਕਾਰਨ ਟੀਮ ਦਾ ਹਿੱਸਾ ਨਹੀਂ ਬਣ ਸਕਿਆ।
ਧੋਨੀ ਇਸ ਤੋਂ ਪਹਿਲਾਂ 2013 ਵਿੱਚ ਇੱਕ ਤਿਕੌਣੀ ਸੀਰੀਜ਼ ‘ਚ ਵੈੱਸਟਇੰਡੀਜ਼ ਖ਼ਿਲਾਫ਼ ਜ਼ਖਮੀ ਹੋਣ ਕਾਰਨ ਸੀਮਿਤ ਓਵਰਾਂ ਦਾ ਮੈਚ ਨਹੀਂ ਸੀ ਖੇਡ ਸਕਿਆ। ਪਿਛਲੇ 14 ਸਾਲਾਂ ‘ਚ ਇਹ ਸਿਰਫ਼ ਛੇਵਾਂ ਮੌਕਾ ਹੈ ਜਦੋਂ ਉਸ ਨੂੰ ਸੱਟ ਕਾਰਨ ਬਾਹਰ ਬੈਠਣਾ ਪਿਆ। ਮਾਸ-ਪੇਸ਼ੀਆਂ ‘ਚ ਖਿਚਾਅ ਦੇ ਕਾਰਨ ਧੋਨੀ 2013 ‘ਚ ਤਿੰਨ ਮੈਚਾਂ ‘ਚ ਨਹੀਂ ਖੇਡ ਸਕਿਆ ਸੀ। ਇਸ ਤੋਂ ਪਹਿਲਾਂ 2007 ‘ਚ ਉਹ ਬੁਖ਼ਾਰ ਕਾਰਨ ਆਇਰਲੈਂਡ ਅਤੇ ਦੱਖਣੀ ਅਫ਼ਰੀਕਾ ਖਿਲਾਫ਼ ਮੈਦਾਨ ‘ਤੇ ਨਹੀਂ ਉੱਤਰ ਸਕਿਆ ਸੀ।
37 ਸਾਲ ਦੇ ਇਸ ਖਿਡਾਰੀ ਨੇ ਹਾਲ ਹੀ ‘ਚ ਆਸਟਰੇਲੀਆ ‘ਚ ਹੋਈ ਇੱਕ ਰੋਜ਼ਾ ਸੀਰੀਜ਼ ‘ਚ ਤਿੰਨ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਨ। ਉਸ ਨੇ 51 ਅਜੇਤੂ 55 ਅਤੇ ਅਜੇਤੂ 87 ਦੌੜਾਂ ਬਣਾਈਆਂ ਸਨ। ਜਿਸ ਨਾਲ ਉਹ ਪਲੇਅਰ ਔਫ਼ ਦਾ ਸੀਰੀਜ਼ ਵੀ ਰਿਹਾ। ਨਿਊ ਜ਼ੀਲੈਂਡ ‘ਚ ਵੀ ਉਸ ਨੇ ਆਪਣੀ ਲੈਅ ਜਾਰੀ ਰੱਖੀ। ਧੋਨੀ ਨੇ ਦੂਜੇ ਇੱਕ ਰੋਜਾ ‘ਚ 33 ਗੇਂਦ ‘ਚ ਅਜੇਤੂ 48 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ ਚਾਰ ਵਿਕਟਾਂ ‘ਤੇ 324 ਦੌੜਾਂ ਤਕ ਪਹੁੰਚਾਉਣ ‘ਚ ਅਹਿੰਮ ਯੋਗਦਾਨ ਦਿੱਤਾ ਸੀ।