ਹੱਡੀਆਂ ਦੇ ਕੈਂਸਰ ਪ੍ਰਤੀ ਸਾਵਧਾਨ ਰਹਿਣ ਦੀ ਲੋੜ

ਇਮਾਰਤਾਂ ਦੀਆਂ ਛੱਤਾਂ ਤੇ ਲੰਮੀਆਂ ਕੰਧਾਂ ਨੂੰ ਸਹਾਰਾ ਦੇਣ ਵਾਸਤੇ ਜਿਵੇਂ ਸਰੀਆ ਪਾਇਆ ਜਾਂਦਾ ਹੈ, ਉਵੇਂ ਹੀ ਹੱਡੀਆਂ ਸਾਡੇ ਸਰੀਰ ਨੂੰ ਸਹਾਰਾ ਦਿੰਦੀਆਂ ਹਨ। ਇਨ੍ਹਾਂ ਕਾਰਨ ਉਠਣਾ ਬੈਠਣਾ, ਚੱਲਣਾ, ਨੱਚਣਾ ਤੇ ਭੰਗੜਾ ਪਾਉਣਾ ਸੰਭਵ ਬਣਦਾ ਹੈ। ਮਨੁੱਖੀ ਸਰੀਰ ਵਿੱਚ ਕੁੱਲ 256 ਹੱਡੀਆਂ ਹੁੰਦੀਆਂ ਹਨ । ਅਸਲ ਵਿੱਚ ਜਨਮ ਵੇਲੇ ਹੱਡੀਆਂ 300 ਤੋਂ ਵਧੇਰੇ ਹੁੰਦੀਆਂ ਹਨ ਪਰ ਬਾਅਦ ਵਿੱਚ ਜਿਵੇਂ ਬੱਚੇ ਦਾ ਵਿਕਾਸ ਹੁੰਦਾ ਹੈ, ਕੁਝ ਹੱਡੀਆਂ ਆਪਸ ਵਿੱਚ ਜੁੜ ਜਾਂਦੀਆਂ ਹਨ। ਇਨ੍ਹਾਂ ਵਿੱਚ ਕੈਲਸ਼ੀਅਮ, ਫ਼ਾਸਫ਼ੋਰਸ ਆਦਿ ਖਣਿਜ ਹੁੰਦੇ ਹਨ। ਅੰਦਰਲੀ ਮਿੱਝ (ਬੋਨ ਮੈਰੋ) ਵਿੱਚ ਖ਼ੂਨ ਦੇ ਸੈਲ ਬਣਦੇ ਹਨ। ਹੱਡੀਆਂ ਦੇ ਕੈਂਸਰ ਦਾ ਪੁਰਾਤਨ ਸਮਿਆਂ ਵਿੱਚ ਹੀ ਪਤਾ ਸੀ ਪਰ ਇਨ੍ਹਾਂ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗ ਸੱਕਿਆ। ਹੱਡੀ ਕੈਂਸਰ ਸਾਰੇ ਦੇਸ਼ਾਂ ਵਿੱਚ ਸਾਰੇ ਵਰਗਾਂ ਦੇ ਲੋਕਾਂ ਵਿੱਚ ਹੁੰਦੇ ਹਨ। ਭਾਵੇਂ ਇਸ ਦਾ ਸਬੰਧ ਕਈ ਵਾਰ, ਕਿਸੇ ਪੁਰਾਣੀ ਸੱਟ ਨਾਲ ਜੋੜਿਆ ਜਾਂਦਾ ਹੈ ਪਰ ਅਜੇ ਤਕ ਇਹ ਸਿੱਧ ਨਹੀਂ ਕੀਤਾ ਜਾ ਸੱਕਿਆ। ਤਜਰਬੇ ਲਈ ਵਰਤੇ ਜਾਂਦੇ ਜਾਨਵਰ ਖ਼ਰਗੋਸ਼ ਨੂੰ ਤਿੰਨ ਸਾਲ ਰੇਡੀਏਸ਼ਨ ਦੇਣ ਨਾਲ ਉਸਦੀ ਲੱਤ ਦੀ ਹੱਡੀ ਵਿੱਚ ਕੈਂਸਰ ਪੈਦਾ ਕਰਕੇ ਇਹ ਜ਼ਰੂਰ ਸਿੱਧ ਕੀਤਾ ਜਾ ਚੁੱਕਿਆ ਹੈ ਕਿ ਰੇਡੀਏਸ਼ਨ ਦਾ ਇਨ੍ਹਾਂ ਕੈਂਸਰਾਂ ਨਾਲ ਪੱਕਾ ਸਬੰਧ ਹੈ।
ਅਮਰੀਕਾ ਦੇ ਵਿਗਿਆਨੀਆਂ ਨੇ 1929 ਦੌਰਾਨ ਔਰੈਂਜ ਕਸਬੇ ਵਿੱਚ ਘੜੀਆਂ ਦੇ ਇੱਕ ਕਾਰਖਾਨੇ ‘ਚ ਕੰਮ ਕਰਦੀਆਂ 18 ਕੁੜੀਆਂ, ਜਿਨ੍ਹਾਂ ਨੂੰ ਰੇਡੀਅਮ ਨਾਲ ਜ਼ਹਿਰਬਾਦ ਹੋ ਗਿਆ ਸੀ, ਬਾਰੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਉਨ੍ਹਾਂ ਵਿੱਚੋਂ ਪੰਜ ਕੁੜੀਆਂ ਦੀ ਮੌਤ ਹੱਡੀਆਂ ਦੇ ਕੈਂਸਰ ਨਾਲ ਹੋਈ ਸੀ। ਇਹ ਲੜਕੀਆਂ, ਘੜੀਆਂ ਦੇ ਡਾਇਲਾਂ ਨੂੰ ਰੇਡੀਅਮ ਨਾਲ ਰੰਗਣ ਵੇਲੇ, ਪੇਂਟ ਵਿੱਚ ਡੁੱਬਿਆ ਬੁਰਸ਼ ਆਪਣੇ ਬੁੱਲ੍ਹਾਂ ਵਿੱਚ ਰੱਖ ਕੇ ਤਿੱਖਾ ਕਰਦੀਆਂ ਹੁੰਦੀਆਂ ਸਨ। ਇੰਜ ਰੇਡੀਅਮ ਉਨ੍ਹਾਂ ਦੇ ਮੂੰਹ ਰਸਤੇ ਅੰਦਰ ਜਾਂਦਾ ਰਿਹਾ ਤੇ ਜ਼ਹਿਰਬਾਦ ਹੋ ਗਿਆ। ਇਸ ਘਟਨਾ ਨੇ ਅਮਰੀਕਾ ਵਿੱਚ ਤਰਥੱਲੀ ਮਚਾ ਦਿੱਤੀ ਸੀ। ਬਾਅਦ ਵਿੱਚ ਇਸ ਘਟਨਾ ‘ਤੇ ਅਧਾਰਤ ਨਾਟਕ ਲਿਖੇ ਤੇ ਖੇਡੇ ਗਏ ਅਤੇ ਇਸ ‘ਤੇ ਅਧਾਰਿਤ ਫ਼ਿਲਮ ਵੀ ਬਣੀ ।
ਹੱਡੀਆਂ ਦੇ ਕੈਂਸਰ ਦੀਆਂ ਮੁੱਖ ਰੂਪ ਵਿੱਚ ਦੋ ਕਿਸਮਾਂ ਹਨ- ਪ੍ਰਾਇਮਰੀ ਬੋਨ ਕੈਂਸਰ (ਘੱਟ ਹੁੰਦਾ ਹੈ) ਅਤੇ ਸੈਕੰਡਰੀ ਬੋਨ ਕੈਂਸਰ (ਵਧੇਰੇ ਹੁੰਦਾ ਹੈ)। ਸੈਕੰਡਰੀ ਦਾ ਮਤਲਬ ਹੈ ਕਿ ਇਹ ਕੈਂਸਰ, ਪ੍ਰਾਇਮਰੀ ਤੌਰ ‘ਤੇ ਕਿਸੇ ਹੋਰ ਅੰਗ ਦਾ ਹੁੰਦਾ ਪਰ ਇਸ ਦੀਆਂ ਜੜ੍ਹਾਂ ਫ਼ੈਲ ਕੇ ਹੱਡੀਆਂ ਵਿੱਚ ਪੁੱਜਦੀਆਂ ਹਨ । ਇਨ੍ਹਾਂ ਅੰਗਾਂ ਦੇ ਪ੍ਰਾਇਮਰੀ ਕੈਂਸਰ ਹੱਡੀਆਂ ਵਿੱਚ ਪੁੱਜਦੇ ਹਨ- ਪਰੌਸਟੇਟ ਜਾਂ ਗਦੂਦਾਂ (ਸਿਰਫ਼ ਮਰਦਾਂ ਵਿੱਚ), ਥਾਇਰਾਇਡ ਜਾਂ ਗਿੱਲ੍ਹੜ (ਵਧੇਰੇ ਔਰਤਾਂ ‘ਚ), ਫ਼ੇਫ਼ੜੇ ਤੇ ਜਿਗਰ, ਔਰਤਾਂ ਦੀ ਛਾਤੀ ਦਾ ਕੈਂਸਰ, ਗੁਰਦੇ ਜਾਂ ਕਿਡਨੀ, ਕਦੀ ਕਦੀ ਵੱਡੀ ਅੰਤੜੀ ਤੇ ਚਮੜੀ ਦੇ ਕੈਂਸਰ।
ਇਨ੍ਹਾਂ ਮਰੀਜ਼ਾਂ ਦੇ ਕੇਸਾਂ ਵਿੱਚ ਕਿਸੇ ਹੋਰ ਅੰਗ ਦਾ ਪ੍ਰਾਇਮਰੀ ਕੈਂਸਰ ਹੋਣ ਕਰਕੇ ਰੋਗੀ ਨੂੰ ਉਸ ਦੇ ਲੱਛਣ ਹੁੰਦੇ ਹਨ। ਇਲਾਜ ਵੀ ਚੱਲ ਰਿਹਾ ਹੁੰਦਾ ਅਤੇ ਰਿਸ਼ਤੇਦਾਰਾਂ ਤੇ ਡਾਕਟਰਾਂ ਨੂੰ ਰੋਗ ਬਾਰੇ ਪਤਾ ਹੁੰਦਾ ਹੈ । ਪ੍ਰਾਇਮਰੀ ਕੈਂਸਰ ਦੇ ਜਿਹੜੇ ਰੋਗੀ, ਫ਼ਾਲੋਅਪ ਵਾਸਤੇ ਨਹੀਂ ਆਉਂਦੇ, ਜੇ ਉਨ੍ਹਾਂ ਦੀ ਕੋਈ ਹੱਡੀ ਅਚਾਨਕ ਟੁੱਟ ਜਾਵੇ (ਪੈਥਾਲੋਜੀਕਲ ਫ਼ਰੈਕਚਰ) ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹੱਡੀ ਵਿੱਚ ਸੈਕੰਡਰੀ ਕੈਂਸਰ ਹੋ ਗਿਆ ਹੈ । ਕਈ ਵਾਰ ਰੋਗੀ ਨੂੰ ਪ੍ਰਾਇਮਰੀ ਕੈਂਸਰ ਦਾ ਪਤਾ ਨਹੀਂ ਹੁੰਦਾ। ਕੋਈ ਗਿਲ੍ਹਟੀ ਜਾਂ ਰਸੌਲੀ ਨਹੀਂ ਹੁੰਦੀ ਤੇ ਅਚਾਨਕ ਮਾਮੂਲੀ ਸੱਟ ਨਾਲ ਹੱਡੀ ਟੁੱਟ ਜਾਂਦੀ ਹੈ (ਪੈਥਾਲੋਜੀਕਲ ਫ਼ਰੈਕਚਰ) । ਉਂਜ ਤਾਂ ਇਸ ਤਰ੍ਹਾਂ ਦੇ ਫ਼ਰੈਕਚਰ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਫ਼ਿਰ ਵੀ ਮੁਆਇਨੇ ਤੇ ਮੁਕੰਮਲ ਜਾਂਚ ਤੋਂ ਪਤਾ ਲਗਦਾ ਹੈ ਕਿ ਇਹ ਹੱਡੀ ਦੇ ਕੈਂਸਰ ਕਰਕੇ ਹੋਇਆ ਹੈ। ਚਾਰ-ਪੰਜ ਕੇਸ ਮੈਂ ਹੁਣ ਤਕ ਵੇਖ ਚੁੱਕਾਂ ਹਾਂ ਜੋ ਰੀੜ੍ਹ ਦੀ ਹੱਡੀ ਦੇ ਫ਼ਰੈਕਚਰ ਕਾਰਨ, ਹੱਡੀਆਂ ਵਾਲੀ ਵਾਰਡ ਵਿੱਚ ਦਾਖ਼ਲ ਹੋਏ ਸਨ ਤੇ ਨਾਲ ਹੀ ਸੁਖਮਣਾ ਨਾੜੀ ਦੱਬੀ ਜਾਣ ਕਰਕੇ ਦੋਵੇਂ ਲੱਤਾਂ ਵੀ ਖਲੋ ਗਈਆਂ ਸਨ। ਜਾਂਚ ਤੋਂ ਪਤਾ ਲੱਗਾ ਕਿ ਗਦੂਦਾਂ ਦਾ ਕੈਂਸਰ, ਰੀੜ੍ਹ ਦੀ ਹੱਡੀ ਦੇ ਮਣਕਿਆਂ ਵਿੱਚ ਫ਼ੈਲਣ ਕਰਕੇ ਉਸਦਾ ਫ਼ਰੈਕਚਰ ਹੋ ਗਿਆ ਸੀ। ਕਈ ਕੇਸਾਂ ਵਿੱਚ ਥਾਇਰਾਇਡ ਦੇ ਕੈਂਸਰ ਦੀਆਂ ਜੜ੍ਹਾਂ (ਮੈਟਾਸਟੇਸਿਸ) ਵੀ ਹੱਡੀਆਂ ਵਿੱਚ ਵੇਖਣ ਨੂੰ ਮਿਲੀਆਂ ਹਨ। ਜਦ ਕਿਸੇ ਅੰਗ ਦਾ ਕੈਂਸਰ, ਹੱਡੀਆਂ ਵਿੱਚ ਪਹੁੰਚ ਜਾਵੇ ਤਾਂ ਰੋਗੀ ਦੀ ਜ਼ਿੰਦਗ਼ੀ ਦੇ ਦਿਨ ਥੋੜ੍ਹੇ ਹੀ ਹੁੰਦੇ ਹਨ। ਜ਼ਿੰਦਗੀ, ਗਿਣਾਤਮਿਕ ਤੇ ਗੁਣਾਤਮਿਕ ਪੱਖੋਂ ਮਾੜੀ ਹੋ ਜਾਂਦੀ ਹੈ।
ਹੱਡੀਆਂ ਦੇ ਪ੍ਰਾਇਮਰੀ ਕੈਂਸਰ: ਇਹ ਹੱਡੀਆਂ ਦੇ ਸੈਲਾਂ ਤੋਂ ਹੀ ਉਤਪੰਨ ਹੁੰਦੇ ਹਨ। ਇਨ੍ਹਾਂ ਦੀਆਂ ਅੱਗੋਂ ਕਈ ਕਿਸਮਾਂ ਹਨ। ਕੈਂਸਰ ਕਿਸੇ ਵੀ ਉਮਰ ਜਾਂ ਮਰਦ-ਔਰਤ ਨੂੰ ਨਹੀਂ ਬਖ਼ਸ਼ਦਾ। ਕਾਫ਼ੀ ਕੈਂਸਰ ਬਚਪਨ ਜਾਂ ਜਵਾਨੀ ਦੀ ਉਮਰ ਵਿੱਚ ਹੁੰਦੇ ਹਨ, ਜਦੋਂ ਹੱਡੀਆਂ ਅਜੇ ਵਿਕਸਿਤ ਹੋਰ ਹੀਆਂ ਹੁੰਦੀਆਂ ਹਨ। ਈਵਿੰਗ ਸਾਰਕੋਮਾ ਬੱਚਿਆਂ ਜਾਂ ਅਲ੍ਹੜ ਉਮਰੇ ਹੋਣ ਵਾਲਾ ਹੱਡੀਆਂ ਦਾ ਕੈਂਸਰ ਹੈ ਜਿਸ ਬਾਰੇ ਸਭ ਤੋਂ ਪਹਿਲਾਂ ਜੇਮਜ਼ ਈਵਿੰਗ ਨੇ 1932 ਵਿੱਚ ਦੱਸਿਆ ਸੀ। ਰੋਗੀ ਨੂੰ ਬੁਖ਼ਾਰ ਰਹਿੰਦਾ ਹੈ। ਹੱਡੀ ਦਰਦ ਕਰਦੀ ਹੈ ਜੋ ਅਰਕ (ਕੂਹਣੀ)ਦੀ ਹੱਡੀ ਜਾਂ ਹੋਰ ਵੀ ਕਿਤੇ ਹੋ ਸਕਦਾ ਹੈ। ਖ਼ੂਨ ਦੇ ਮੁੱਢਲੇ ਟੈਸਟਾਂ ਤੋਂ ਲਗਦਾ ਹੈ ਜਿਵੇ ਹੱਡੀਆਂ ਦੀ ਕੋਈ ਇਨਫ਼ੈਕਸ਼ਨ ਹੋਵੇ । ਪਰ ਟਿਸ਼ੂ ਦੀ ਖ਼ੁਰਦਬੀਨੀ ਜਾਂਚ ਤੇ ਐਕਸਰੇ ਤੋਂ ਪੱਕਾ ਪਤਾ ਲੱਗ ਜਾਂਦਾ ਕਿ ਇਹ ਕੈਂਸਰ ਹੈ। ਇਸਦੇ ਇਲਾਜ ਵਜੋਂ ਸਰਜਰੀ, ਕਿਰਨ ਉਪਚਾਰ (ਰੇਡੀਓਥੈਰਾਪੀ) ਤੇ ਕੀਮੋ ਥੈਰਾਪੀ ਦਿੱਤੇ ਜਾਂਦੇ ਹਨ। ਇਸ ਦੀਆਂ ਜੜ੍ਹਾਂ ਫ਼ੇਫ਼ੜਿਆਂ ਤੇ ਜਿਗਰ ਵਿੱਚ ਫ਼ੈਲਦੀਆਂ ਹਨ। ਕੁਝ ਸਾਲਾਂ, ਕਈ ਵਾਰ ਕੁਝ ਮਹੀਨਿਆਂ ਵਿੱਚ ਬੱਚਾ ਹੱਥਾਂ ‘ਚੋਂ ਨਿਕਲ ਜਾਂਦਾ ਹੈ। ਕਈ ਕੇਸਾਂ ਵਿੱਚ ਜਦੋਂ ਬੱਚੇ ਨੂੰ ਪਹਿਲੀ ਵਾਰ ਡਾਕਟਰ ਕੋਲ ਲਿਆਇਆ ਜਾਂਦਾ ਹੈ ਤਾਂ ਜੜ੍ਹਾਂ ਪਹਿਲਾਂ ਹੀ ਫ਼ੈਲ ਚੁੱਕੀਆਂ ਹੁੰਦੀਆਂ ਹਨ । ਓਸਟੀਓ ਸਾਰਕੋਮਾ ਵੀ ਜਵਾਨ ਉਮਰ ਦੇ ਬੱਚਿਆਂ, ਆਮ ਕਰਕੇ ਮੁੰਡਿਆਂ ਵਿੱਚ ਗੋਡੇ ਦੀਆਂ ਹੱਡੀਆਂ ‘ਚ ਹੁੰਦਾ ਹੈ ਹੱਡੀਆਂ ਦੇ ਪ੍ਰਾਇਮਰੀ ਕੈਂਸਰਾਂ ‘ਚੋਂ ਇਹ ਸਭ ਤੋਂ ਵੱਧ ਹੁੰਦਾ ਹੈ। ਗੋਡਿਆਂ ਤੋਂ ਇਲਾਵਾ ਬਾਹਵਾਂ, ਚੂਲ਼ੇ ਦੀਆਂ ਹੱਡੀਆਂ ਤੇ ਕਦੀ ਕਦੀ ਛੋਟੀਆਂ ਹੱਡੀਆਂ ਜਾਂ ਮੂੰਹ ਦੀਆਂ ਹੱਡੀਆਂ ਵਿੱਚ ਵੀ ਹੋ ਸਕਦਾ ਹੈ। ਕਰੀਬ ਦਸ ਫ਼ੀਸਦੀ ਕੇਸ, 60 ਤੋਂ 70 ਸਾਲ ਦੀ ਉਮਰ ਵਿੱਚ ਵੀ ਹੋ ਸਕਦੇ ਹਨ। ਭਾਵੇਂ ਹਰ ਤਰ੍ਹਾਂ ਦਾ ਇਲਾਜ (ਸਰਜਰੀ, ਕੀਮੋ ਥੈਰਾਪੀ ਆਦਿ) ਕੀਤੇ ਜਾਂਦੇ ਹਨ ਪਰ ਸਭ ਕੁਝ ਕਰਨ ਦੇ ਬਾਵਜੂਦ ਨਤੀਜੇ ਉਤਸ਼ਾਹਜਨਕ ਨਹੀਂ ਮਿਲਦੇ। ਲੱਤ ਵੀ ਕੱਟਣੀ ਪੈਂਦੀ ਹੈ। ਫ਼ਿਰ ਵੀ ਜੜ੍ਹਾਂ ਫ਼ੇਫ਼ੜਿਆਂ ਤੇ ਜਿਗਰ ਵਿੰੱਚ ਫ਼ੈਲ ਜਾਂਦੀਆਂ ਹਨ ਤੇ ਕੁਝ ਸਾਲਾਂ੩., ਕਈ ਵਾਰ ਮਹੀਨਿਆਂ ਵਿੱਚ ਹੀ ਰੋਗੀ ਦੀ ਮੌਤ ਹੋ ਸਕਦੀ ਹੈ। ਵਿਕਸਿਤ ਦੇਸ਼ਾਂ ਵਿੱਚ ਕੁਝ ਨਵੀਆਂ ਖੋਜਾਂ ਹੋਈਆਂ ਹਨ ਜਿਵੇਂ ਪਹਿਲਾਂ ਕੀਮੋਥੈਰਾਪੀ, ਫ਼ਿਰ ਲਿੰਬ-ਸੇਵਿੰਗ ਸਰਜਰੀ ਤੇ ਫ਼ੇਰ ਕੀਮੋਥੈਰਾਪੀ। ਇਸ ਤਰ੍ਹਾਂ ਦੇ ਇਲਾਜ ਨਾਲ ਕੁਝ ਰੋਗੀ ਦਸ ਸਾਲ ਤਕ ਠੀਕ ਰਹਿ ਸਕਦੇ ਹਨ। ਇਸੇ ਅਧਾਰ ‘ਤੇ ਲੇਖਕ ਨੇ ਇੱਕ ਫ਼ਿਲਮ ਬਣਾਣੀ ਹੈ।
ਮਾਇਲੋਮਾ, ਵਡੇਰੀ ਉਮਰ ਵਿੱਚ ਹੋਣ ਵਾਲਾ ਹੱਡੀਆਂ ਦਾ ਕੈਂਸਰ ਹੈ ਜੋ ਇੱਕ ਨਹੀਂ, ਕਈ ਹੱਡੀਆਂ ਵਿੱਚ ਹੁੰਦਾ ਹੈ। ਇਸੇ ਕਰਕੇ ਇਸ ਨੂੰ ‘ਮਲਟੀਪਲ ਮਾਇਲੋਮਾ’ ਕਿਹਾ ਜਾਂਦਾ ਹੈ । ਰੋਗੀ ਨੂੰ ਹੱਡੀਆਂ ਵਿੱਚ ਪੀੜਾ ਹੋਣੀ, ਪੈਥਾਲੋਜੀਕਲ ਫ਼ਰੈਕਚਰ ਯਾਨੀ ਮਾੜੀ ਮੋਟੀ ਸੱਟ ਨਾਲ ਹੀ ਹੱਡੀ ਟੁੱਟ ਜਾਣੀ, ਕਮਜ਼ੋਰੀ, ਭੁੱਖ ਤੇ ਭਾਰ ਦਾ ਘਟਣਾ ਆਦਿ ਲੱਛਣ ਹੁੰਦੇ ਹਨ । ਹੱਡੀਆਂ ਦੇ ਹੋਰ ਟਿਊਮਰ ਹਨ- ਕੌਂਡਰੋ ਮਿਕਸਾਇਡ ਫ਼ਾਇਬਰੋਮਾ, ਕੌਂਡਰੋ ਸਾਰਕੋਮਾ, ਜਾਇੰਟ ਸੈਲ ਟਿਊਮਰ, ਆਦਿ। ਹੱਡੀਆਂ ਦੇ ਕੁਝ ਹੋਰ ਰੋਗ ਹਨ ਜੋ ਟਿਊਮਰਾਂ-ਵਾਂਗ ਲੱਗਦੇ ਹਨ। ਉਂਜ ਹੱਡੀਆਂ ਵਿੱਚ ਟੀ.ਬੀ. ਵੀ ਹੋ ਜਾਂਦੀ ਹੈ। ਅੰਤ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਆਪਣਾ ਪਿੰਜਰ, ਜਿਸ ਨਾਲ ਸਾਡਾ ਸਰੀਰ ਕਇਮ ਤੇ ਚਲਦਾ ਫ਼ਿਰਦਾ ਹੈ, ਦਾ ਪੂਰਾ ਖਿਆਲ ਰੱਖਣਾ ਸਾਡਾ ਹੀ ਫ਼ਰਜ਼ ਹੈ। ਇਹਦੇ ‘ਤੇ ਬੇਲੋੜਾ ਵਾਧੂ ਭਾਰ ਨਾ ਪਾਓ। ਸਰੀਰ ਦੇ ਭਾਰ ਨੂੰ ਕੰਟਰੋਲ ਵਿੱਚ ਰੱਖੋ। ਦਰੁਸਤ ਹੱਡੀਆਂ ਬਨਾਉਣ ਵਾਲੇ ਤੱਤਾਂ ਵਾਲੇ ਭੋਜਨ ਬੱਚਿਆਂ ਨੂੰ ਖਵਾਓ ਤੇ ਆਪ ਵੀ ਖਾਓ ਜਿਵੇਂ ਕੈਲਸ਼ੀਅਮ ਲਈ ਘੱਟ ਚਰਬੀ ਵਾਲਾ ਦੁੱਧ, ਦਹੀਂ, ਪਨੀਰ, ਹਰੀਆਂ ਸਬਜ਼ੀਆਂ, ਸੂਰਜਮੁਖੀ ਤੇਲ, ਫ਼ਾਸਫ਼ੋਰਸ ਲਈ ਜੌਂ ਤੇ ਕਣਕ ਦੀਆਂ ਘੁੰਙਣੀਆਂ, ਸੋਇਆਬੀਨ, ਮਗਜ਼-ਹਦਵਾਣੇ ਖਰਬੂਜ਼ੇ ਦੇ ਅਤੇ ਹੋਰ, ਬਦਾਮ, ਕਾਜੂ, ਪਿਸਤਾ, ਫ਼ਲੀਆਂ, ਗੁਰਦੇ ਕਪੂਰੇ, ਸੈਲਮਨ ਮੱਛੀ, ਆਦਿ। ਵਿਟਾਮਿਨ ਡੀ ਵਾਸਤੇ ਦੁੱਧ, ਪਨੀਰ, ਮੱਛੀ, ਆਂਡਾ ਆਦਿ। ਕਿਸੇ ਤਰ੍ਹਾਂ ਦੀ ਹੱਡੀਆਂ ਜਾਂ ਜੋੜਾਂ ਦੀ ਸਮੱਸਿਆ ਹੋਵੇ ਤਾਂ ਮਲ਼ਣ ਵਾਲੇ ਭਲਵਾਨਾਂ ਜਾਂ ਅਖੌਤੀ ਸਿਆਣਿਆਂ ਕੋਲ ਜਾਣ ਦੀ ਬਜਾਏ ਹੱਡੀਆਂ ਦੇ ਮਾਹਿਰ ਡਾਕਟਰ ਦੀ ਸਲਾਹ ਲਓ। ਸਰੀਰ ਦੇ ਕਿਸੇ ਹਿੱਸੇ ਦਾ ਕੈਂਸਰ ਹੋਵੇ ਤਾਂ ਹੱਡੀਆਂ ਦੀ ਨਿਯਮਿਤ ਸਕੈਨਿੰਗ ਕਰਵਾਉਣੀ ਪੈਂਦੀ ਹੈ।
ਡਾ. ਮਨਜੀਤ ਸਿੰਘ ਬੱਲ
08358-00237