ਹੰਗਾਮੇ ਦੀ ਭੇਟ ਚੜ੍ਹੀ ਲੋਕ ਸਭਾ ਦੀ ਕਾਰਵਾਈ; ਇਕ ਮਿੰਟ ਦੇ ਅੰਦਰ ਹੀ ਸਦਨ 2 ਵਜੇ ਤੱਕ ਮੁਲਤਵੀ

ਨਵੀਂ ਦਿੱਲੀ- ਲੋਕ ਸਭਾ ‘ਚ ਮੰਗਲਵਾਰ ਨੂੰ ਵੀ ਪਿਛਲੇ ਕੁਝ ਦਿਨਾਂ ਦੀ ਤਰ੍ਹਾਂ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਗਤੀਰੋਧ ਜਾਰੀ ਰਿਹਾ, ਜਿਸ ਕਾਰਨ ਸਦਨ ਦੀ ਬੈਠਕ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਈ ਫਿਰ ਮੁਲਤਵੀ ਕਰਨੀ ਪਈ। ਜਦੋਂ ਦੁਪਹਿਰ 12 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ, ਤਾਂ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਿਰੋਧੀ ਧਿਰ ਦੀ ਮੰਗ ਹੈ ਕਿ ਸਦਨ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ। ਹੰਗਾਮੇ ਦੇ ਵਿਚਕਾਰ ਹੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵਿਰੋਧੀ ਮੈਂਬਰਾਂ ਨੂੰ ਬਜਟ ‘ਤੇ ਚਰਚਾ ‘ਚ ਹਿੱਸਾ ਲੈਣ ਦੀ ਅਪੀਲ ਕੀਤੀ। ਰਿਜਿਜੂ ਨੇ ਕਿਹਾ ਕਿ ਬਜਟ ‘ਤੇ ਚਰਚਾ ਸ਼ੁਰੂ ਹੋ ਚੁੱਕੀ ਹੈ ਅਤੇ ਕਾਂਗਰਸ ਮੈਂਬਰ ਸ਼ਸ਼ੀ ਥਰੂਰ ਦਾ ਨਾਂ ਬੋਲਣ ਲਈ ਪੁਕਾਰਿਆ ਜਾ ਚੁੱਕਾ ਹੈ, ਪਰ ਕਾਂਗਰਸੀ ਮੈਂਬਰਾਂ ਵੱਲੋਂ ਹੰਗਾਮਾ ਕਰਕੇ ਸਦਨ ਦੀ ਮਰਿਆਦਾ ਨੂੰ ਡੇਗਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ, ਹੰਗਾਮੇ ਕਾਰਨ ਸਦਨ ‘ਚ ਪ੍ਰਸ਼ਨ ਕਾਲ ਵੀ ਨਹੀਂ ਚੱਲ ਸਕਿਆ। ਜਦੋਂ ਸਮਾਜਵਾਦੀ ਪਾਰਟੀ (ਸਪਾ) ਦੀ ਸੰਸਦ ਮੈਂਬਰ ਇਕਰਾ ਚੌਧਰੀ ਨੇ ਪੂਰਕ ਸਵਾਲ ਪੁੱਛਿਆ ਅਤੇ ਰਾਜ ਮੰਤਰੀ ਐੱਸ.ਪੀ. ਸਿੰਘ ਬਘੇਲ ਉੱਤਰ ਦੇਣ ਲੱਗੇ, ਤਾਂ ਸ਼ੋਰ-ਸ਼ਰਾਬਾ ਵਧਣ ਕਾਰਨ ਪੀਠਾਸਾਨ ਸਭਾਪਤੀ ਨੇ ਬੈਠਕ ਨੂੰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਸੀ। ਸਦਨ ‘ਚ ਇਹ ਗਤੀਰੋਧ ਪਿਛਲੇ ਹਫ਼ਤੇ ਰਾਹੁਲ ਗਾਂਧੀ ਨੂੰ ਸਾਬਕਾ ਫੌਜ ਮੁਖੀ ਐੱਮ.ਐੱਮ. ਨਰਵਣੇ ਦੇ ਅਣਪ੍ਰਕਾਸ਼ਿਤ ਸੰਸਮਰਣਾਂ ਨਾਲ ਜੁੜਿਆ ਮੁੱਦਾ ਚੁੱਕਣ ਦੀ ਇਜਾਜ਼ਤ ਨਾ ਮਿਲਣ ਅਤੇ ਸਦਨ ਦੀ ਮਰਿਆਦਾ ਦੀ ਉਲੰਘਣਾ ਦੇ ਮਾਮਲੇ ‘ਚ 8 ਵਿਰੋਧੀ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਕਾਰਨ ਬਣਿਆ ਹੋਇਆ ਹੈ।