ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਹੋਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਛਾਪੇਮਾਰੀ ਮਗਰੋਂ ਹੁਣ ਉਨ੍ਹਾਂ ਦੇ ਧੀ-ਜਵਾਈ ਦੇ ਘਰ ਵੀ ਈ. ਡੀ. ਦੀ ਟੀਮ ਪੁੱਜੀ ਹੈ। ਦੱਸ ਦੇਈਏ ਕਿ ਖਹਿਰਾ ਦੇ ਧੀ-ਜਵਾਈ ਦਿੱਲੀ ’ਚ ਰਈਸ ਇਲਾਕੇ ਵਿਚ ਰਹਿੰਦੇ ਹਨ। ਸੂਤਰਾਂ ਮੁਤਾਬਕ ਛਾਪੇਮਾਰੀ ਦੌਰਾਨ ਪ੍ਰਾਪਰਟੀ ਅਤੇ ਬੈਂਕਾਂ ਨਾਲ ਸਬੰਧਤ ਦਸਤਾਵੇਜ਼ ਈ. ਡੀ. ਵਲੋਂ ਵੇਖੇ ਗਏ ਅਤੇ ਟੀਮ ਇਸ ਬਾਰੇ ਪੁੱਛ-ਗਿੱਛ ਕਰ ਰਹੀ ਹੈ। ਟੀਮ ਖਹਿਰਾ ਨਾਲ ਸੰਬੰਧਤ ਕਈ ਦਸਤਾਵੇਜ਼ ਸਮੇਤ ਹੋਰ ਜਾਣਕਾਰੀ ਲਈ ਪੜਤਾਲ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈ. ਡੀ. ਦੀ ਟੀਮ ਨੇ ਸੁਖਪਾਲ ਖਹਿਰਾ ਦੀ ਰਿਹਾਇਸ਼ ’ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਛਾਪੇਮਾਰੀ ਕੀਤੀ ਹੈ। ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਮਨੀ ਲਾਂਡਰਿੰਗ ਨਹੀਂ ਕੀਤੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਕਾਗਜ਼ਾਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੇ ਹਨ।
ਚੰਡੀਗੜ੍ਹ ਦੇ ਸੈਕਟਰ-5 ਸਥਿਤ ਕੋਠੀ ਅਤੇ ਭੁਲੱਥ ਹਲਕੇ ਦੇ ਜੱਦੀ ਪਿੰਡ ਰਾਮਗੜ੍ਹ ਸਥਿਤ ਉਨ੍ਹਾਂ ਦੇ ਘਰ ’ਤੇ ਈ. ਡੀ. ਵਲੋਂ ਛਾਪੇਮਾਰੀ ਕੀਤੀ ਗਈ। ਖਹਿਰਾ ਦਾ ਘਰ ਸੀਲ ਕਰ ਦਿੱਤਾ ਗਿਆ ਅਤੇ ਫੋਨ ਜ਼ਬਤ ਕਰ ਲਏ ਗਏ। ਈ. ਡੀ. ਨੇ ਖਹਿਰਾ ਤੋਂ ਮਨੀ ਲਾਂਡਰਿੰਗ ਦੇ ਮਾਮਲੇ ’ਚ ਸਵਾਲ-ਜਵਾਬ ਕੀਤੇ।















