ਹਿਮਾਚਲ ‘ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ

ਹਮੀਰਪੁਰ— ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਵਿਚ ਸਲਾਸੀ ਪਿੰਡ ਦੇ ਨੇੜੇ ਸ਼ਨੀਵਾਰ ਸਵੇਰ ਨੂੰ ਇਕ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟ ਗਈ, ਜਿਸ ਕਾਰਨ 17 ਬੱਚੇ ਜ਼ਖਮੀ ਹੋ ਗਏ। ਇਨ੍ਹਾਂ ‘ਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਦੇ ਸਮੇਂ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ। ਡਿਪਟੀ ਕਮਿਸ਼ਨਰ ਰਿਚਾ ਵਰਮਾ, ਐੱਸ. ਐੱਚ. ਓ. ਗੌਤਮ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਅਤੇ ਬਚਾਅ ਤੇ ਰਾਹਤ ਕੰਮ ਚਲਾਇਆ।
ਜ਼ਖਮੀ ਬੱਚਿਆਂ ਨੂੰ ਬੱਸ ਵਿਚੋਂ ਕੱਢ ਕੇ ਹਮੀਰਪੁਰ ਦੇ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ। ਉਨ੍ਹਾਂ ਨੇ ਬੱਚਿਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਵੀ ਗੱਲ ਕੀਤੀ। ਰਿਚਾ ਵਰਮਾ ਨੇ ਬੱਚਿਆਂ ਦੇ ਇਲਾਜ ਵਿਚ ਕਿਸੇ ਤਰ੍ਹਾਂ ਲਾਪ੍ਰਵਾਹੀ ਨਾ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਸਥਾਨਕ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।