ਨਵੀਂ ਦਿੱਲੀ – ਭਾਰਤੀ ਕ੍ਰਿਕਟ ਵਿੱਚ ਸੰਨਿਆਸ ਕਿਸੇ ਪਹੇਲੀ ਦੀ ਤਰ੍ਹਾਂ ਹੈ ਜਿਥੇ ਕੁੱਝ ਖਿਡਾਰੀਆਂ ਨੇ ਸਹੀ ਸਮੇਂ ਇਹ ਫ਼ੈਸਲਾ ਕੀਤਾ ਜਦ ਕਿ ਕੁੱਝ ਇਸ ਬਾਰੇ ਫ਼ੈਸਲਾ ਲੈਣ ਲਈ ਜੂਝਦੇ ਦਿਸੇ। ਮਹਿੰਦਰ ਸਿੰਘ ਧੋਨੀ ਦੇ ਭਵਿੱਖ ‘ਤੇ ਜਾਰੀ ਸ਼ਸ਼ੋਪੰਜ ਨੇ ਇੱਕ ਵਾਰ ਫ਼ਿਰ ਇਸ ਬਹਿਸ ਨੂੰ ਛੇੜ ਦਿੱਤਾ ਹੈ ਕਿ ਭਾਰਤੀ ਕ੍ਰਿਕਟ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਕਦੋਂ ਖੇਡ ਨੂੰ ਅਲਵਿਦਾ ਕਹੇਗਾ। ਝਾਰਖੰਡ ਦਾ 38 ਸਾਲਾ ਧੋਨੀ ਪਿਛਲੇ ਦੋ ਮਹੀਨਿਆਂ ਤੋਂ ਟੀਮ ਨਾਲ ਨਹੀਂ, ਅਤੇ ਨਵੰਬਰ ਤੋਂ ਪਹਿਲਾਂ ਉਸ ਦੇ ਟੀਮ ਨਾਲ ਜੁੜਨ ‘ਤੇ ਵੀ ਸ਼ਸ਼ੋਪੰਜ ਦੀ ਸਥਿਤੀ ਬਰਕਰਾਰ ਹੈ। ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਨੂੰ ਲੈ ਕੇ ਅਜੇ ਤਕ ਧੋਨੀ ਵਲੋਂ ਕੁੱਝ ਨਹੀਂ ਕਿਹਾ ਗਿਆ ਹੈ। BCCI ਦੇ ਇੱਕ ਸੂਤਰ ਨੇ ਕਿਹਾ, ”ਇਸ ਗੱਲ ਦੀ ਸੰਭਾਵਨਾ ਬੇਹੱਦ ਘੱਟ ਹੈ ਕਿ ਧੋਨੀ ਬੰਗਲਾਦੇਸ਼ ਦੌਰੇ ਲਈ ਉਪਲੱਬਧ ਹੋਵੇਗਾ। BCCI ਵਿੱਚ ਅਸੀਂ ਸੀਨੀਅਰ ਅਤੇ A-ਟੀਮ ਦੇ ਕ੍ਰਿਕਟਰਾਂ ਲਈ 45 ਦਿਨ ਪਹਿਲਾਂ ਮੈਚਾਂ (ਕੌਮਾਂਤਰੀ ਅਤੇ ਘਰੇਲੂ) ਦੀ ਤਿਆਰੀ ਕਰ ਲੈਂਦੇ ਹਾਂ ਜਿਸ ਵਿੱਚ ਟ੍ਰੇਨਿੰਗ, ਡੋਪਿੰਗ ਰੋਕੂ ਪ੍ਰੋਗਰਾਮ ਨਾਲ ਜੁੜੀਆਂ ਚੀਜ਼ਾਂ ਸ਼ਾਮਿਲ ਹਨ।”
ਇਹ ਪਤਾ ਲੱਗਾ ਹੈ ਕਿ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਵਿਜੇ ਹਜ਼ਾਰੇ ਰਾਸ਼ਟਰੀ ਵਨ ਡੇ ਚੈਂਪੀਅਨਸ਼ਿਪ ਵਿੱਚ ਧੋਨੀ ਝਾਰਖੰਡ ਲਈ ਨਹੀਂ ਖੇਡੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਹਿੰਦਰ ਸਿੰਘ ਧੋਨੀ ਨੇ ਲੰਬੇ ਸਮੇਂ ਤਕ ਭਾਰਤੀ ਕ੍ਰਿਕਟ ਦੀ ਸੇਵਾ ਕੀਤੀ ਹੈ, ਪਰ ਪਰਦੇ ‘ਤੇ ਧੋਨੀ ਦਾ ਕਿਰਦਾਰ ਨਿਭਾਉਣ ਵਾਲੇ ਸ਼ੁਸ਼ਾਂਤ ਸਿੰਘ ਰਾਜਪੂਤ ਨੇ ਇੱਕ ਗੱਲਬਾਤ ਵਿੱਚ ਕਿਹਾ, ”ਅਸੀਂ ਸਾਰੇ ਸੇਵਕ ਹਾਂ ਅਤੇ ਰਾਸ਼ਟਰ ਦੀ ਸੇਵਾ ਕਰ ਰਹੇ ਹਾਂ।” ਧੋਨੀ ਨੂੰ ਸ਼ਾਇਦ ਇਸ ਦਾ ਮਤਲਬ ਸਮਝਣਾ ਪਵੇਗਾ।
ਬਿਹਤਰੀਨ ਤਰੀਕੇ ਨਾਲ ਲਿਆ ਸੀ ਗਾਵਸਕਰ ਨੇ ਸੰਨਿਆਸ ਦਾ ਫ਼ੈਸਲਾ
ਧਾਕੜ ਸੁਨੀਲ ਗਾਵਸਕਰ ਨੇ ਹਾਲ ਹੀ ਵਿੱਚ ਇੱਕ ਟੈਲੀਵਿਯਨ ਪ੍ਰੋਗਰਾਮ ਵਿੱਚ ਕਿਹਾ ਸੀ, ”ਮੈਨੂੰ ਲੱਗਦਾ ਹੈ ਕਿ ਉਹ ਖ਼ੁਦ ਹੀ ਇਹ ਫ਼ੈਸਲਾ ਕਰ ਲਵੇਗਾ। ਸਾਨੂੰ ਮਹਿੰਦਰ ਸਿੰਘ ਧੋਨੀ ਤੋਂ ਅੱਗੇ ਬਾਰੇ ਸੋਚਣਾ ਚਾਹੀਦਾ ਹੈ। ਘੱਟ ਤੋਂ ਘੱਟ ਉਹ ਮੇਰੀ ਟੀਮ ਦਾ ਹਿੱਸਾ ਨਹੀਂ ਹੋਵੇਗਾ।”
ਗਾਵਸਕਰ ਨੂੰ ਇੱਕ ਕ੍ਰਿਕਟਰ ਦੇ ਤੌਰ ‘ਤੇ ਸਿੱਧੇ ਸਪੱਸ਼ਟ ਤੌਰ ‘ਤੇ ਬੋਲਣ ਲਈ ਜਾਣਿਆ ਜਾਂਦਾ ਹੈ। ਗੱਲ ਜਦੋਂ ਸੰਨਿਆਸ ਦੀ ਆਉਂਦੀ ਹੈ ਤਾਂ ਗਾਵਸਕਰ ਨੇ ਇਹ ਫ਼ੈਸਲਾ ਬਿਹਤਰੀਨ ਤਰੀਕੇ ਨਾਲ ਕੀਤਾ। ਗਾਵਸਕਰ ਨੇ ਚਿੰਨਾਸਵਾਮੀ ਸਟੇਡੀਅਮ ਦੀ ਟਰਨ ਲੈਂਦੀ ਪਿੱਚ ‘ਤੇ ਆਪਣੇ ਆਖ਼ਰੀ ਟੈੱਸਟ ਵਿੱਚ ਪਾਕਿਸਤਾਨ ਵਿਰੁੱਧ 96 ਦੌੜਾਂ ਬਣਾਈਆਂ ਸਨ। ਗਾਵਸਕਰ 1987 ਵਿੱਚ 34 ਸਾਲ ਦਾ ਸੀ, ਪਰ ਆਪਣੀ ਸ਼ਾਨਦਾਰ ਤਕਨੀਕ ਦੇ ਦਮ ‘ਤੇ 1989 ਦੇ ਪਾਕਿਸਤਾਨ ਦੌਰੇ ਤਕ ਖੇਡ ਸਕਦਾ ਸੀ। ਉਹ ਇਸ ਖੇਡ ਨੂੰ ਅਲਵਿਦਾ ਕਹਿਣ ਦੀ ਕਲਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੂੰ ਪਤਾ ਸੀ ਕਿ ਚੰਗੇ ਪ੍ਰਦਰਸ਼ਨ ਤੋਂ ਬਾਅਦ ਵੀ ਉਹ ਇਸ ਖੇਡ ਦਾ ਮਜ਼ਾ ਨਹੀਂ ਲੈ ਪਾ ਰਿਹਾ ਹੈ। ਸਵ. ਵਿਜੇ ਮਰਚੈਂਟ ਨੇ ਇੱਕ ਵਾਰ ਕਿਹਾ ਸੀ ਕਿ ਖਿਡਾਰੀ ਨੂੰ ਸੰਨਿਆਸ ਦੇ ਫ਼ੈਸਲੇ ਬਾਰੇ ਚੌਕਸ ਰਹਿਣਾ ਚਾਹੀਦਾ ਹੈ। ਉਸ ਨੂੰ ਉਸ ਸਮੇਂ ‘ਤੇ ਸੰਨਿਆਸ ਲੈਣਾ ਚਾਹੀਦਾ ਹੈ ਜਦੋਂ ਲੋਕ ਪੁੱਛਣ ਹੁਣੇ ਹੀ ਕਿਉਂ ਨਾ ਕਿ ਓਦੋਂ ਜਦੋਂ ਲੋਕ ਇਹ ਪੁੱਛਣ ਲੱਗਣ ਕਿ ਕਦੋਂ।
ਕ੍ਰਿਕਟ ਨੂੰ ਅਲਵਿਦਾ ਕਹਿਣ ਦੀ ਤਿਆਰੀ ਕਰ ਰਹੇ ਇੱਕ ਖਿਡਾਰੀ ਨੇ ਕਿਹਾ, ”ਤੁਸੀਂ 10 ਸਾਲ ਦੀ ਉਮਰ ਵਿੱਚ ਖੇਡਣਾ ਸ਼ੁਰੂ ਕਰਦੇ ਹੋ, 20 ਸਾਲ ਦੀ ਉਮਰ ਵਿੱਚ ਡੈਬਿਊ ਕਰਦੇ ਹੋ ਅਤੇ 35 ਸਾਲ ਦੀ ਉਮਰ ਤਕ ਖੇਡਦੇ ਹੋ। ਤੁਸੀਂ ਪੈਸਾ ਕਮਾਉਂਦੇ ਹੋ, ਤੁਹਾਡੀ ਆਰਥਿਕ ਸਥਿਤੀ ਚੰਗੀ ਹੁੰਦੀ ਹੈ ਅਤੇ ਅਚਾਨਕ ਤੁਹਾਨੂੰ ਅਜਿਹਾ ਫ਼ੈਸਲਾ ਕਰਨਾ ਪੈਂਦਾ ਹੈ ਜਿਸ ਨਾਲ ਆਰਥਿਕ ਸਥਿਤੀ ਪ੍ਰਭਾਵਿਤ ਹੁੰਦੀ ਹੈ।”
ਕਪਿਲ ਦੇਵ ਨੇ ਕੀਤੀ ਸੀ ਲੰਬੇ ਸਮੇਂ ਤਕ ਕਰੀਅਰ ਨੂੰ ਖਿੱਚਣ ਦੀ ਕੋਸ਼ਿਸ਼
ਹਰ ਮਹਾਨ ਕ੍ਰਿਕਟਰ ਹਾਲਾਂਕਿ ਗਾਵਸਕਰ ਦੀ ਤਰ੍ਹਾਂ ਇਸ ਕਲਾ ਵਿੱਚ ਮਾਹਿਰ ਨਹੀਂ ਰਿਹਾ। ਭਾਰਤ ਦੇ ਮਹਾਨ ਕ੍ਰਿਕਟਰਾਂ ਵਿੱਚ ਸ਼ਾਮਿਲ ਕਪਿਲ ਦੇਵ ‘ਤੇ 1991 ਵਿੱਚ ਆਸਟੇਰਲੀਆਈ ਦੌਰੇ ‘ਤੇ ਉਮਰ ਦਾ ਅਸਰ ਸਾਫ਼ ਦਿਸ ਰਿਹਾ ਸੀ। ਕਪਿਲ ਵਿਸ਼ਵ ਰਿਕਾਰਡ ਦੇ ਨੇੜੇ ਸੀ, ਪਰ ਉਸ ਦੀ ਗਤੀ ਵਿੱਚ ਕਮੀ ਆ ਗਈ ਸੀ ਅਤੇ ਉਹ ਲੈਅ ਵਿੱਚ ਨਹੀਂ ਸੀ। ਤਤਕਾਲੀ ਕਪਤਾਨ ਅਜ਼ਹਰੂਦੀਨ ਉਸ ਤੋਂ ਕੁੱਝ ਓਵਰ ਕਰਾਉਣ ਤੋਂ ਬਾਅਦ ਸਪਿਨਰਾਂ ਨੂੰ ਗੇਂਦ ਦੇ ਦਿੰਦਾ ਸੀ। ਉਸ ਸਮੇਂ ਭਾਰਤੀ ਕ੍ਰਿਕਟ ਵਿੱਚ ਸਭ ਤੋਂ ਤੇਜ਼ ਗਤੀ ਨਾਲ ਗੇਂਦਬਾਜ਼ੀ ਕਰਨ ਵਾਲਿਆਂ ਵਿੱਚੋਂ ਇੱਕ ਜਵਾਗਲ ਸ਼੍ਰੀਨਾਥ ਨੂੰ ਕਪਿਲ ਦੇ ਟੀਮ ਵਿੱਚ ਹੋਣ ਕਾਰਨ ਤਿੰਨ ਸਾਲ ਤਕ ਰਾਸ਼ਟਰੀ ਟੀਮ ਵਿੱਚ ਮੌਕਾ ਨਹੀਂ ਸੀ ਮਿਲਿਆ। ਗਾਵਸਕਰ ਨੇ ਇਹ ਫ਼ੈਸਲਾ ਸ਼ਾਨਦਾਰ ਤਰੀਕੇ ਨਾਲ ਕੀਤਾ ਜਦਕਿ ਕਪਿਲ ਦੇਵ ਨੇ ਲੰਬੇ ਸਮੇਂ ਤਕ ਕਰੀਅਰ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ।
2008 ਵਿੱਚ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਆਸਟਰੇਲੀਆ ਦੌਰੇ ਤੋਂ ਪਹਿਲਾਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਚੋਣਕਾਰ ਉਸ ਨੂੰ ਇੱਕ ਵਾਰ ਫ਼ਿਰ ਟੀਮ ਵਿੱਚੋਂ ਬਾਹਰ ਕਰਨ। ਹਾਲਾਂਕਿ ਉਸ ਲਈ ਟੈੱਸਟ ਕ੍ਰਿਕਟ ਵਿੱਚ ਆਖ਼ਰੀ ਦੇ ਦੋ ਸਾਲ ਸ਼ਾਨਦਾਰ ਰਹੇ।
2011 ਵਿੱਚ ਟੈੱਸਟ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦ੍ਰਾਵਿੜ ਨੇ ਵਨ ਡੇ ਟੀਮ ਵਿੱਚ ਜਗ੍ਹਾ ਬਣਾ ਲਈ। ਦ੍ਰਾਵਿੜ ਨੇ ਹਾਲਾਂਕਿ ਐਲਾਨ ਕਰ ਦਿੱਤਾ ਸੀ ਕਿ ਇਹ ਉਸ ਦੀ ਆਖ਼ਰੀ ਵਨ ਡੇ ਲੜੀ ਹੋਵੇਗੀ। ਉਸ ਤੋਂ ਛੇ ਮਹੀਨੇ ਬਾਅਦ ਆਸਟਰੇਲੀਆ ਵਿੱਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਉਸ ਨੇ ਟੈੱਸਟ ਕ੍ਰਿਕਟ ਨੂੰ ਵੀ ਅਲਵਿਦਾ ਕਹਿ ਦਿੱਤੀ ਸੀ।
ਸਚਿਨ ਲਈ ਮਾਮਲਾ ਬਿਲਕੁਲ ਵੱਖਰਾ ਸੀ
ਸਚਿਨ ਤੇਂਦੁਲਕਰ ਲਈ ਹਾਲਾਂਕਿ ਮਾਮਲਾ ਬਿਲਕੁਲ ਵੱਖਰਾ ਸੀ। ਉਹ ਸੈਂਕੜੇ ਨਹੀਂ ਬਣਾ ਪਾ ਰਿਹਾ ਸੀ ਪਰ ਬੱਲੇ ਨਾਲ ਠੀਕ-ਠਾਕ ਯੋਗਦਾਨ ਦੇ ਰਿਹਾ ਸੀ। ਵਰਿੰਦਰ ਸਹਿਵਾਗ ਅਤੇ ਗੌਤਮ ਗੰਭੀਰ ਵੀ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਿਲ ਰਹੇ ਜਿਨ੍ਹਾਂ ਨੂੰ ਇਹ ਸਮਝਣ ਵਿੱਚ ਥੋੜ੍ਹਾ ਸਮਾਂ ਲੱਗਾ ਕਿ ਭਾਰਤੀ ਟੀਮ ਵਿੱਚ ਉਨ੍ਹਾਂ ਦਾ ਸਮਾਂ ਖ਼ਤਮ ਹੋ ਗਿਆ ਹੈ।












