ਸੁੰਨਸਾਨ

kahaniya-300x150ਸਵੇਰ ਸਾਰ ਹੀ ਸਾਰੇ ਪਿੰਡ ‘ਚ ਸੁੰਨਸਾਨ ਹੋ ਗਈ। ਕੋਈ ਛਿੰਦਰ ਬਾਰੇ ਕੀ ਗੱਲ ਕਰ ਰਿਹਾ ਸੀ ਤੇ ਕੋਈ ਕੀ ਗੱਲ। ਕੋਈ ਛਿੰਦਰ ਦੀਆਂ ਤਾਰੀਫ਼ਾਂ ਕਰ ਰਿਹਾ ਸੀ ਤੇ ਕੋਈ ਉਸ ਨੂੰ ਕਾਤਿਲ ਕਹਿ ਕੇ ਭੰਡ ਰਿਹਾ ਸੀ।
”ਆਖਿਰ ਉਸਨੇ ਜੋ ਵੀ ਕੀਤਾ ਅਕ ਕੇ ਕੀਤਾ, ਛਿੰਦਰ ਦੇ ਗੁਆਂਢੀਆਂ ਨੇ ਉਹਦਾ ਵੀ ਜਿਉਣਾ ਮੁਹਾਲ ਕੀਤਾ ਹੋਇਆ ਸੀ।” ਸੱਥ ਵਿੱਚ ਬੈਠੇ ਬਾਬੇ ਮੇਹਰੂ ਨੇ ਛਾਈ ਸੋਗ ਦੀ ਲਹਿਰ ‘ਚ ਗੱਲ ਛੇੜੀ।
ਉਸਨੇ ਗੱਲ ਕੀ ਛੇੜੀ ਜਿਵੇਂ ਆਪਣੀ ਮਸਤ ਚਾਲੇ ਚਲਦੇ ਕਾਫ਼ਲੇ ‘ਤੇ ਕਿਸੇ ਨੇ ਹਮਲਾ ਕਰ ਦਿੱਤਾ ਹੋਵੇ ਜਾਂ ਜਿਵੇਂ ਕਿਸੇ ਨੇ ਖੜ੍ਹੇ ਪਾਣੀ ‘ਚ ਠਾਹ ਸੋਟਾ ਮਾਰਿਆ ਹੋਵੇ।
”ਜਾ ਪਰ੍ਹੇ ਉਏ ਮੇਹਰੂ, ਏਹ ਕੋਈ ਗੱਲ ਹੋਈ ਸਾਲੇ ਨੇ ਇਕੋ ਨੂੰ ਛੱਡਿਆ ਟੱਬਰ ‘ਚੋਂ। ਕੰਜਰਾ ਬਾਕੀਆਂ ਨੇ ਕੀ ਵਿਗਾੜਿਆ ਸੀ ਉਹਦਾ। ਇਹੋ ਜਿਹੇ ਦੇ ਪਰਿਵਾਰ ਨੂੰ ਪੰਚੈਤ ਵਲੋਂ ਪਿੰਡੋਂ ਕੱਢ ਦੇਣਾ ਚਾਹੀਦੈ।” ਜੀਤੂ ਨੇ ਬਾਬੇ ਮੇਹਰੂ ‘ਤੇ ਵਰ੍ਹਦਿਆਂ ਕਿਹਾ।
ਸ਼ਾਂਤ ਬੈਠੀ ਸੱਥ ‘ਚ ਅਗਲੀ ਗੱਲ ਨੇ ਆਸਮਾਨ ‘ਚ ਬੋਲ ਗੂੰਜਾ ਦਿੱਤੇ ਜਿਵੇਂ ਕੋਈ ਹਮਲੇ ਦੀ ਕੰਨਸੋਅ ਮਿਲਣ ‘ਤੇ ਰਾਜੇ ਵਲੋਂ ਅਚਨਚੇਤ ਹਮਲੇ ਲਈ ਸੈਨਿਕਾਂ ਨੂੰ ਤਿਆਰ ਹੋਣ ਲਈ ਕਿਹਾ ਗਿਆ ਹੋਵੇ। ਵਿੱਚਲੀ ਗੱਲ ਤਾਂ ਭਾਵੇਂ ਸੱਥ ‘ਚ ਬੈਠਿਆਂ ਵਿੱਚੋਂ ਕਈਆਂ ਨੂੰ ਪਸੰਦ ਸੀ ਇਸ ਲਈ ਹੀ ਤਾਂ ਉਹ ਛਿੰਦਰ ਦਾ ਸਾਥ ਦੇ ਰਹੇ ਸਨ।
”ਨਹੀਂ ਮੈਂ ਤਾਂ ਹੋਰ ਕੋਈ ਨਹੀਂ ਗੱਲ ਕੀਤੀ, ਜੋ ਗੱਲ ਸਹੀ ਏ ਉਹੀ ਕੀਤੀ ਏ। ਕਾਕਾ ਇਹ ਕੀ ਗੱਲ ਹੋਈ ਤੂੰ ਤਾਂ ਮੇਰੇ ਨਾਲ ਲੜਨ ਲੱਗ ਪਿਐਂ।” ਬਾਬੇ ਮੇਹਰੂ ਨੇ ਸਹਿਜਤਾ ਨਾਲ ਕਿਹਾ।
”ਕੀ ਗੱਲ ਹੋਈ ਕਿ ਉਹਨੇ ਅੱਕ ਕੇ ਕੀਤਾ ਏ ਸਭ ਕੁਝ, ਇਹਦਾ ਇਹ ਤਾਂ ਮਤਲਬ ਨੀਂ ਕੀ ਕੋਈ ਬੱਚਿਆਂ ‘ਤੇ ਵੀ ਤਰਸ ਨਾ ਕਰੇ। ਸਾਲੇ ਨੇ ਸਾਰੇ ਪਿੰਡ ‘ਚ ਦਹਿਸ਼ਤ ਫ਼ੈਲਾ ਦਿੱਤੀ, ਜਵਾਕ ਹੁਣ ਮਾਵਾਂ ਦੀਆਂ ਬੁਕਲਾਂ ‘ਚ ਜਾ ਲੁਕੇ ਨੇ। ਲੱਗਦੈ ਕਿ ਕੋਈ ਦਾਨੂ ਦਿਓ ਆ ਗਿਆ ਲੋਕਾਂ ਨੂੰ ਖਾਣ।”
”ਚੱਲ ਉਹਨੂੰ ਵੀ ਮਿਲੂ ਸਜ਼ਾ ਉਹਦੀ ਕੀਤੀ ਦੀ। ਕਾਨੂੰਨ ਉਹਨੂੰ ਦਿਉ ਉਹਦੀ ਸਜ਼ਾ। ਆਪਾਂ ਕਾਹਤੋ ਇਕ ਦੂਜੇ ਨਾਲ ਲੜਦੇ ਹਾਂ।”
”ਕਾਨੂੰਨ ਕੀ ਕਰੂ, ਕਰਨਾ ਤਾਂ ਆਪਾਂ ਨੂੰ ਪੈਣਾ ਏ, ਮਸਾਂ ਉਨ੍ਹਾਂ ਦਾ ਜੱਸੀ ਬਚਿਆ ਜਿਹਨੂੰ ਉਹ ਮਾਰਨ ਗਿਆ ਸੀ। ਉਹੀ ਬਚ ਗਿਆ।” ਜੀਤੂ ਨੇ ਗੱਲ ਅੱਗੇ ਤੋਰੀ।
ਇੰਨੇ ਚਿਰ ਨੂੰ ਇਕ ਮਲਕੀਤ ਉਰਫ਼ ਮੀਤਾ ਸੱਥ ਵਿੱਚ ਆ ਗਿਆ। ਸਾਰਿਆਂ ਨੇ ਉਹਦੇ ਵੱਲ ਉਤਸੁਕਤਾ ਨਾਲ ਵੇਖਿਆ। ਉਹ ਵੀ ਇਕ ਪਾਸੇ ਆ ਕੇ ਬੈਠ ਗਿਆ ਤੇ ਬਾਬੇ ਵੱਲ ਦੇਖਦਿਆਂ ਕਿਹਾ।
”ਹੋਰ ਬਾਬਾ ਜੀ ਕੀ ਹਾਲ ਏ?”
”ਹਾਲ ਕਾਹਦਾ ਏ ਮੀਤਿਆ, ਇਹ ਜਿਹੜੀ ਮਾੜੀ ਘਟਨਾ ਵਾਪਰੀ ਏ, ਇਹਨੇ ਤਾਂ ਸਾਰੇ ਪਿੰਡ ‘ਚ ਦਹਿਸ਼ਤ ਪਾ ‘ਤੀ ਏ। ਬਸ ਹੁਣ ਕੋਈ ਬਾਪੂ ਗਾਂਧੀ ਵਾਂਗ ਅਹਿੰਸਾ ਵਾਲੇ ਰਸਤੇ ਨਹੀਂ ਚਲਦਾ, ਆਹ ਖ਼ੂਨ-ਖਰਾਬਾ ਕਰਤਾ। ਤੈਨੂੰ ਹੁਣ ਕੀ ਮਿਲ ਜੂ ਛਿੰਦਿਆ। ਤੂੰ ਸੁਣਾ ਤੇਰੇ ਸ਼ਹਿਰ ਦਾ ਕੀ ਹਾਲ ਏ?” ਬਾਬੇ ਨੇ ਉਦਾਸੀਨਤਾ ਨਾਲ ਹੌਲ਼ੇ-ਹੌਲ਼ੇ ਮੀਤੇ ਨੂੰ ਉਸ ਤੋਂ ਹਾਲ-ਚਾਲ ਪੁਛਦਿਆਂ ਕਿਹਾ।”ਬਸ ਠੀਕ ਏ ਸਾਡਾ ਸ਼ਹਿਰ ਵੀ, ਆਹ ਖ਼ਬਰ ਚੈਨਲ ‘ਤੇ ਸੁਣੀ ਬਈ ਛਿੰਦੇ ਨੇ ਇਹ ਗੁਰਦਿਆਲੇ ਦੇ ਪਰਿਵਾਰ ਨੂੰ ਮਾਰ ‘ਤਾ। ਇਕੋ ਬਚਿਆ ਜੱਸੀ, ਕੀ ਗੱਲ ਹੋਈ ਸੀ ਬਈ ਕੋਈ ਪਤੈ? ਮੈਂ ਤਾਂ ਬਸ ਹੁਣੇ ਹੀ ਆਇਆ ਬਾਹਰ ਹੀ ਗੱਡੀ ਖੜੀ ਕੀਤੀ, ਮੈਂ ਸੋਚਿਆ ਇਥੋਂ ਹੀ ਸਭ ਕੁਝ ਪਤਾ ਲੱਗ ਜਾਊ।” ਮੀਤੇ ਨੇ ਬਾਬੇ ਮੇਹਰੂ ਨੂੰ ਸੰਬੋਧਨ ਹੁੰਦਿਆਂ ਕਿਹਾ।
”ਕੀ ਦੱਸੀਏ, ਗੱਲ ਬਈ ਉਹਦੇ ਗੁਆਂਢੀ ਗੁਰਦਿਆਲਾ ਸਿਹੁੰ ਨੇ ਉਹਦੀ ਨਾਲ ਕੁਝ ਚੰਗੀ ਤਾਂ ਨਹੀਂ ਕੀਤੀ ਸੀ। ਉਹਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛਿੰਦੇ ਦੇ ਬੀਜੀ ਕਣਕ ਪੁੱਟ ਕੇ ਆਪਣੇ ਬੰਨ੍ਹੇ ‘ਤੇ ਮਿੱਟੀ ਪਾ ਦਿੱਤੀ। ਉਹਦੇ ਵਾਲੇ ਪਾਸੇ ਸਾਰੀ ਮਿੱਟੀ ਹੀ ਮਿੱਟੀ ਕਰ ਦਿੱਤੀ। ਸੋਹਣੀ ਜੰਮੀ ਸੀ ਕਣਕ। ਤਿੰਨ-ਚਾਰ-ਚਾਰ ਓੜਾਂ ਹੀ ਮਾਰੀਆਂ ਗਈਆਂ। ਸਵੇਰ ਗਿਆ ਸੀ ਉਹ ਆਪਣੇ ਵਲੋਂ ਮਿੱਟੀ ਚੁਕਣ ਤੇ ਇਹ ਚਾਰੇ ਪਿਉ ਪੁੱਤਰ ਡਾਂਗਾਂ ਲੈ ਕੇ ਉਥੇ ਪਹੁੰਚ ਗਏ।” ਬਾਬਾ ਮੇਹਰੂ ਖੰਘੂਰਾ ਮਾਰ ਕੇ ਗਲਾ ਸਾਫ਼ ਕਰਨ ਲੱਗ ਪਿਆ ਜਿਵੇਂ ਉਸਦਾ ਗੱਲ ਕਰਦਿਆਂ ਹੀ ਗੱਚ ਭਰ ਆਇਆ ਹੋਵੇ।
”ਹਾਂ ਫ਼ਿਰ ਉਹਨੇ ਆਪਣੀ ਆਦਤ ਨਾ ਛੱਡੀ, ਬੰਨਾ ਵਾਹੁਣ ਵਾਲੀ, ਤੰਗ ਤਾਂ ਫ਼ਿਰ ਗੁਰਦਿਆਲਾ ਈ ਕਰਦਾ ਰਿਹੈ।” ਮੀਤੇ ਨੇ ਗੱਲ ਅੱਗੇ ਤੋਰਦਿਆਂ ਕਿਹਾ।
”ਹਾਂ ਗੱਲ ਤਾਂ ਇਹ ਹੀ ਸੀ, ਚੱਲ ਸੁਣ ਲੈ ਫ਼ਿਰ।… ਤੇ ਜਦੋਂ ਇਹ ਚਾਰੇ ਪਹੁੰਚ ਗਏ ਤਾਂ ਇਹ ਇਕੱਲਾ ਉਥੇ ਕੀ ਕਰਦਾ। ਬਸ ਪਿੰਡ ਪੰਚੈਤ ਲੈਣ ਆ ਗਿਆ, ਤੇ ਫ਼ਿਰ ਪੰਚੈਤ ਕੋਲ ਆਇਆ ਤਾਂ ਸਰਪੰਚ ਤਾਂ ਮਿਲਿਆ ਨਾ, ਬਾਕੀ ਕੁਝ ਮੋਹਤਬਰ ਬੰਦਿਆਂ ਕੋਲ ਗਿਆ ਬਈ ਮੇਰੇ ਨਾਲ ਇੰਸਾਫ਼ ਕਰੋ, ਪਰ ਕਾਹਦਾ ਇੰਸਾਫ਼ ਮੀਤਿਆ, ਕਿਸੇ ਨਾ ਇਕ ਵੀ ਸੁਣੀ। ਤੇ ਫ਼ਿਰ ਤੂੰ ਆਪੇ ਦੇਖ ਬੰਦਾ ਮਰਦਾ ਕੀ ਨਾ ਕਰਦਾ।”
”ਆਹੋ ਬਾਬਾ, ਗੱਲ ਫ਼ਿਰ ਇੰਝ ਹੋਈ। ਮਤਲਬ ਗੁਰਦਿਆਲੇ ਹੁਣਾਂ ਨੇ ਆਪੇ ਮੌਤ ਸੱਦ ਲੀ।” ਮੀਤੇ ਨੇ ਗੱਲ ਅੱਗੇ ਤੋਰਦਿਆਂ ਕਿਹਾ।
”ਫ਼ਿਰ ਸ਼ਾਮ ਹੋਈ ਤਾਂ ਛਿੰਦੇ ਨੂੰ ਪਤਾ ਨੀ ਕੀ ਸੁਝਿਆ। ਤਿੰਨ-ਚਾਰ ਯਾਰ ਬੇਲੀ ਪਤਾ ਨਹੀਂ ਕਿੱਥੋਂ ਲਿਆਂਦੇ ਤੇ ਰਾਤ ਨੂੰ ਬਾਰ੍ਹਾਂ ਇਕ ਕੁ ਵਜੇ ਟੁੱਟ ਪਿਆ। ਗੁਰਦਿਆਲਾ ਤੇ ਵੱਡਾ ਸੱਤਾ ਘਰ ਸੁੱਤੇ ਸੀ, ਛੋਟਾ ਜੱਸੀ ਕਿਤੇ ਬਾਹਰਲੀ ਹਵੇਲੀ ‘ਚ ਅੱਜ ਜਾ ਸੁੱਤਿਆ ਮੱਝਾਂ ਕੰਨੀ।”
”ਉਹਨੂੰ ਤਾਂ ਫ਼ਿਰ ਉਹਦੀ ਕਿਸਮਤ ਹੀ ਲੈ ਗੀ ਬਚਾ ਕੇ। ਅੱਗੇ ਤਾਂ ਕਦੇ ਨੀ ਸੀ ਸੌਂਦਾ ਹਵੇਲੀ ‘ਚ।” ਮੀਤੇ ਨੇ ਕਿਹਾ।
”ਹਾਂ ਉਹਨੂੰ ਹੀ ਪਤਾ ਲੱਗਿਆ ਜਦੋਂ ਉਹ ਸਾਰੇ ਜੀਆਂ ਦਾ ਸਫ਼ਾਇਆ ਕਰ ਗਿਆ ਸੀ। ਫ਼ਿਰ ਪਤਾ ਲੱਗਣ ਤੇ ਰੌਲਾ ਪਾਉਣ ਲੱਗਿਆ। ਲੋਕ ਜਾਗੇ ਤਾਂ ਛਿੰਦਾ ਤੇ ਉਹਦੇ ਦੋਸਤ ਭੱਜ ਗਏ। ਅਜੇ ਤਾਈਂ ਪਤਾ ਨਹੀਂ ਮਿਲਿਆ ਕਿਸੇ ਨੂੰ।” ਬਾਬੇ ਮੇਹਰੂ ਨੇ ਅੱਗੇ ਦੱਸਦਿਆਂ ਕਿਹਾ।
ਇੰਨੇ ਨੂੰ ਪੁਲਿਸ ਦੀ ਗੱਡੀ ਆ ਰੁਕੀ। ਸਾਰਿਆਂ ਨੇ ਉਨ੍ਹਾਂ ਵੱਲ ਤੱਕਿਆ ਤਾਂ ਇੰਸਪੈਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਛਿੰਦਾ ਮਿਲ ਗਿਆ ਏ। ਸਾਰਿਆਂ ਨੇ ਹੈਰਾਨਗੀ ਨਾਲ ਪੁੱਛਿਆ, ”ਕਿੱਥੋਂ ਮਿਲ ਗਿਆ?”
”ਉਨ੍ਹੇ ਆਤਮ ਹੱਤਿਆ ਕਰ ਲਈ ਤੇ ਉਹ ਆਪਣੇ ਖੇਤ ਹੀ ਖਾਲ ‘ਚ ਕੀਟਨਾਸ਼ਕ ਦਵਾਈ ਪੀ ਕੇ ਮਰ ਗਿਆ।” ”ਬਈ ਉਹਨੇ ਇਹ ਕੀ ਕੀਤਾ? ਕੀ ਲੋੜ ਸੀ ਦੂਜਿਆਂ ਨੂੰ ਮਾਰ ਕੇ ਆਪ ਮਰਨ ਦੀ? ਹੁਣ ਕਾਨੂੰਨ ਨਾਲ ਨਜਿੱਠਦਾ।” ਜੀਤੂ ਨੇ ਆਖਦਿਆਂ ਕਿਹਾ। ”ਵਾਹ ਗੁਰਦਿਆਲਿਆ ਤੂੰ ਤਾਂ ਵਾਹ ਲੈ ਦੋ ਹੋਰ ਮਰਲੇ। ਰਲਾ ਲੈ ਆਪਣੀ ਜ਼ਮੀਨ ‘ਚ ਹੋਰ ਦੋ ਮਰਲੇ। ਪਹਿਲਾਂ ਹੀ ਸਿਖ ਜਾਂਦਾ ਕਿ ਅੱਕਿਆ ਬੰਦਾ ਕੁਝ ਵੀ ਕਰ ਸਕਦਾ ਏ ਤਾਂ ਤੇਰੇ ਪਰਿਵਾਰ ਦਾ ਆਹ ਹਾਲ ਨਾ ਹੁੰਦਾ।
ਛਿੰਦੇ ਦੀ ਦੇਹ ਤੇ ਗੁਰਦਿਆਲੇ ਦੇ ਪਰਿਵਾਰ ਦੇ ਜੀਆਂ ਦਾ ਇਕੋ ਦਿਨ ਹੀ ਸ਼ਮਸ਼ਾਨਘਾਟ ‘ਚ ਸਸਕਾਰ ਕੀਤਾ ਗਿਆ।
– ਮੁਖਤਿਆਰ