ਨਵੀਂ ਦਿੱਲੀ- ਆਉਣ ਵਾਲੇ ਦਿਨਾਂ ’ਚ ਸੁਪਰੀਮ ਕੋਰਟ ’ਚ ਮਹਿਲਾ ਜੱਜਾਂ ਦੀ ਗਿਣਤੀ ਵਧ ਕੇ 3 ਹੋ ਸਕਦੀ ਹੈ, ਕਿਉਂਕਿ ਅਦਾਲਤ ਦੇ ਕਾਲੇਜੀਅਮ ਨੇ ਗੁਜਰਾਤ ਹਾਈ ਕੋਰਟ ਦੀ ਚੀਫ ਜਸਟਿਸ ਸੁਨੀਤਾ ਅਗਰਵਾਲ ਨੂੰ ਪਦਉਨਤ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ ਹੈ।
ਦੇਸ਼ ਦੀ ਚੋਟੀ ਦੀ ਅਦਾਲਤ ਅਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਪ੍ਰਕਿਰਿਆ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਂ ਦੇ ਨਾਲ-ਨਾਲ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਦਵਿੰਦਰ ਕੁਮਾਰ ਉਪਾਧਿਆਏ ਅਤੇ ਤੇਲੰਗਾਨਾ ਹਾਈ ਕੋਰਟ ਦੇ ਚੀਫ ਜਸਟਿਸ ਅਪਰੇਸ਼ ਕੁਮਾਰ ਸਿੰਘ ਦੇ ਨਾਵਾਂ ਨੂੰ ਵੀ ਅਗਲੇ ਕੁਝ ਦਿਨਾਂ ’ਚ ਚੋਟੀ ਦੀ ਅਦਾਲਤ ’ਚ ਪਦਉਨਤੀ ਲਈ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ।
ਸੁਪਰੀਮ ਕੋਰਟ ’ਚ ਫਿਲਹਾਲ 2 ਮਹਿਲਾ ਜੱਜ ਹਨ- ਜਸਟਿਸ ਬੀ. ਵੀ. ਨਾਗਰਤਨਾ, ਜੋ 31 ਅਗਸਤ, 2021 ਤੋਂ ਇਸ ਅਦਾਲਤ ’ਚ ਜੱਜ ਹਨ ਅਤੇ ਜਸਟਿਸ ਵੇਂਕਿਟਾ ਸੁਬ੍ਰਮਣੀ ਮੋਹਨਾ, ਜਿਨ੍ਹਾਂ ਨੂੰ ਇਸ ਸਾਲ 2 ਜੂਨ ਨੂੰ ਅਦਾਲਤ ’ਚ ਨਿਯੁਕਤ ਕੀਤਾ ਗਿਆ ਸੀ।















