ਨਵੀਂ ਦਿੱਲੀ: ਸੁਡਾਨ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਪਹਿਲਾ ਜਹਾਜ਼ ਅੱਜ ਸਵੇਰੇ ਪੰਜ ਵਜੇ ਤਿਰੂਵਨੰਤਪੁਰਮ ਪਹੁੰਚ ਗਿਆ। ਭਾਰਤੀਆਂ ਨੂੰ ਕੱਢਣ ਲਈ ਚੱਲ ਰਹੇ ਆਪਰੇਸ਼ਨ ਸੰਕਟ ਮੋਚਨ ਦੀ ਅਗਵਾਈ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਖੁਦ ਕਰ ਰਹੇ ਹਨ। ਹਵਾਈ ਫੌਜ ਦੇ ਦੋ ਸੀ-17 ਜਹਾਜ਼ਾਂ ਨਾਲ ਭਾਰਤੀਆਂ ਨੂੰ ਕੱਢਿਆ ਗਿਆ ਹੈ। ਦੋਵੇਂ ਜਹਾਜ਼ ਤਿਰੂਵਨੰਤਪੁਰਮ ਤੋਂ ਸਵੇਰੇ 10 ਵਜੇ ਦਿੱਲੀ ਪਹੁੰਚੇ।
ਦੱਖਣੀ ਸੁਡਾਨ ਵਿੱਚ ਪਿਛਲੇ ਹਫਤੇ ਤੋਂ ਵਿਦਰੋਹੀਆਂ ਤੇ ਸੈਨਾ ਵਿਚਾਲ਼ੇ ਗਹਿਗੱਚ ਲੜਾਈ ਚੱਲ ਰਹੀ ਹੈ। ਹਿੰਸਾ ਕਰਕੇ 36,000 ਲੋਕਾਂ ਨੇ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਸ਼ਰਨ ਲਈ ਹੋਈ ਹੈ। ਦੱਸ ਦਈਏ ਕਿ ਦੱਖਣੀ ਸੂਡਾਨ ਵਿੱਚ 600 ਭਾਰਤੀ ਨਾਗਰਿਕ ਹਨ। ਇਨ੍ਹਾਂ ਵਿੱਚੋਂ 450 ਨਾਗਰਿਕ ਰਾਜਧਾਨੀ ਜੁਬਾ ਵਿੱਚ ਹਨ। ਇਨ੍ਹਾਂ 600 ਭਾਰਤੀਆਂ ਵਿੱਚੋਂ ਸਿਰਫ 300 ਨੇ ਭਾਰਤ ਆਉਣ ਦੀ ਇੱਛਾ ਪ੍ਰਗਟਾਈ ਹੈ।
ਕਾਬਲੇਗੌਰ ਹੈ ਕਿ ਦੱਖਣੀ ਸੁਡਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਨੇ ਵੀਰਵਾਰ ਨੂੰ ਅਪ੍ਰੇਸ਼ਨ ਸ਼ੁਰੂ ਕੀਤਾ ਸੀ। ਵਿਦੇਸ਼ ਮੰਤਰੀ ਨੇ ਉੱਥੇ ਫਸੇ ਲੋਕਾਂ ਦੇ ਰਿਸ਼ਤੇਦਾਰਾਂ ਵੱਲੋਂ ਟਵੀਟਰ ‘ਤੇ ਮਦਦ ਦੀ ਲਗਾਈ ਗੁਹਾਰ ਤੋਂ ਬਾਅਦ ਫਸੇ ਲੋਕਾਂ ਨੂੰ ਦੇਸ਼ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ। ਸਥਾਨਕ ਦੂਤਾਵਾਸ ਕੋਲ ਵੀ ਅਜਿਹੇ ਲੋਕਾਂ ਵੱਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।















