ਕਪੂਰਥਲਾ/ ਸ੍ਰੀ ਆਨੰਦਪੁਰ ਸਾਹਿਬ— ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਨਾਜਾਇਜ਼ ਮਾਈਨਿੰਗ ਦੇ ਮੁੱਦੇ ’ਤੇ ਭਗਵੰਤ ਮਾਨ ਦੀ ਸਰਕਾਰ ਨੂੰ ਲਪੇਟੇ ’ਚ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਧੜੱਲੇ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ ’ਤੇ ਧਿਆਨ ਦੇਣ ਦੀ ਗੱਲ ਕਹੀ ਹੈ। ਖਹਿਰਾ ਨੇ ਟਵਿੱਟਰ ’ਤੇ ਇਕ ਵੀਡੀਓ ਸਾਂਝੀ ਕਰਕੇ ਕਿਹਾ ਕਿ ਭਗਵੰਤ ਮਾਨ ਜੀ ਪਿੰਡ ਸੰਸੋਵਾਲ (ਆਨੰਦਪੁਰ) ’ਚ ਅੱਜ ਸਵੇਰ ਤੋਂ ਜ਼ਬਰਦਸਤ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਵੱਲ ਧਿਆਨ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਤੁਹਾਡੇ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ’ਚ ਨਾਜਾਇਜ਼ ਮਾਈਨਿੰਗ ਨੂੰ ਖ਼ਤਮ ਕਰਨ ਦਾ ਦਾਅਵਾ ਕੀਤਾ ਗਿਆ ਹੈ ਪਰ ਇਥੇ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਵੱਲੋਂ ਖਣਨ ਮਾਫ਼ੀਆ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਸਵੇਰੇ ਕਰੀਬ 8 ਵਜੇ ਉਕਤ ਸਥਾਨ ’ਤੇ ਧੜੱਲੇ ਨਾਲ ਹੋ ਰਹੀ ਮਾਈਨਿੰਗ ਨੂੰ ਲੈ ਕੇ ਪੂਰੇ ਪਿੰਡ ਵਾਲੇ ਇਕੱਠੇ ਹੋਏ ਅਤੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ। ਵਿਰੋਧ ਹੁੰਦਾ ਵੇਖ ਨੇ ਟਿੱਪਰ ਵਾਲੇ ਉਥੋਂ ਭੱਜ ਗਏ। ਇਸ ਦੀ ਇਕ ਵੀਡੀਓ ਵੀ ਉਨ੍ਹਾਂ ਵੱਲੋਂ ਬਣਾਈ ਗਈ ਹੈ, ਜਿਸ ਨੂੰ ਸੁਖਪਾਲ ਖਹਿਰਾ ਵੱਲੋਂ ਟਵਿੱਟਰ ’ਤੇ ਸਾਂਝੀ ਕਰਦਿਆਂ ਮਾਈਨਿੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਧਿਆਨ ਦੇਣ ਲਈ ਕਿਹਾ ਹੈ।















