ਚੰਡੀਗੜ੍ਹ— ਪੰਜਾਬ ਕੈਬਨਿਟ ‘ਚੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਕੋਠੀ ਵੀ ਖਾਲੀ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਸਿੱਧੂ ਨੇ ਟਵੀਟ ਕਰਕੇ ਖੁਦ ਦਿੱਤੀ। ਉਨ੍ਹਾਂ ਲਿੱਖਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸਰਕਾਰੀ ਰਿਹਾਇਸ਼ ਉਨ੍ਹਾਂ ਨੇ ਖਾਲੀ ਕਰ ਦਿੱਤੀ ਹੈ ਅਤੇ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ। ਮੰਤਰੀ ਅਹੁਦੇ ਤੋਂ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਮੰਤਰੀ ਦੇ ਤੌਰ ‘ਤੇ ਮਿਲੀਆਂ ਸਰਕਾਰੀ ਸਹੂਲਤਾਂ ਵੀ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਾਅਦ ਦੁਪਹਿਰ ਸਿੱਧੂ ਦੇ ਸੈਕਟਰ-2 ਸਥਿਤ 42 ਨੰਬਰ ਸਰਕਾਰੀ ਘਰ ‘ਤੇ ਸਾਮਾਨ ਪੈਕ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਉਸ ਨੂੰ ਲਿਜਾਣ ਲਈ ਗੱਡੀਆਂ ਪਹੁੰਚ ਗਈਆਂ ਸਨ। ਘਰ ਅੰਦਰ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਸ਼ਾਮ ਤੱਕ ਸਾਮਾਨ ਪੈਕ ਕਰ ਕੇ ਗੱਡੀਆਂ ਬਾਹਰ ਜਾਂਦੀਆਂ ਦਿਖੀਆਂ।
ਜ਼ਿਕਰਯੋਗ ਹੈ ਕਿ ਸਰਕਾਰੀ ਘਰ ‘ਚ ਜ਼ਿਆਦਾ ਸਾਮਾਨ ਤਾਂ ਸਰਕਾਰੀ ਹੀ ਹੁੰਦਾ ਹੈ ਪਰ ਸਿੱਧੂ ਦਾ ਆਪਣਾ ਨਿੱਜੀ ਸਾਮਾਨ ਵੀ ਇਥੇ ਸੀ। ਸਿੱਧੂ ਨੇ ਘਰ ‘ਚ ਆਪਣੇ ਨਾਲ ਮਿਲੇ ਸਰਕਾਰੀ ਸਟਾਫ ਨੂੰ ਵੀ ਵਾਪਸ ਭੇਜ ਦਿੱਤਾ ਹੈ। ਹੁਣ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਸਿੱਧੂ ਦੇ ਅਗਲੇ ਕਦਮ ‘ਤੇ ਟਿਕੀਆਂ ਹਨ ਅਤੇ ਚਰਚਾ ਹੈ ਕਿ 22 ਜੁਲਾਈ ਨੂੰ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੀ ਉਹ ਆਪਣੇ ਪੱਤੇ ਖੋਲ੍ਹਣਗੇ। ਦੱਸ ਦੇਈਏ ਕਿ ਬੀਤੇ ਦਿਨੀਂ ਸਿੱਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਗਏ ਅਸਤੀਫੇ ਨੂੰ ਸ਼ਨੀਵਾਰ ਕੈਪਟਨ ਨੇ ਮਨਜ਼ੂਰ ਕਰ ਲਿਆ ਸੀ।















