ਸ਼੍ਰੀ ਅਮਰਨਾਥ ਯਾਤਰਾ 2026 ਦਾ ਐਲਾਨ: 3 ਜੁਲਾਈ ਤੋਂ ਹੋਵੇਗੀ ਸ਼ੁਰੂਆਤ, ਜਾਣੋ ਰਜਿਸਟ੍ਰੇਸ਼ਨ ਤੇ ਨਵੇਂ ਨਿਯਮ

ਜੰਮੂ : ਬਾਬਾ ਬਰਫ਼ਾਨੀ ਦੇ ਭਗਤਾਂ ਲਈ ਖ਼ੁਸ਼ਖ਼ਬਰੀ ਹੈ। ਸਾਲ 2026 ਦੀ ਪਵਿੱਤਰ ਸ਼੍ਰੀ ਅਮਰਨਾਥ ਜੀ ਯਾਤਰਾ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ (SASB) ਦੀ ਅਹਿਮ ਬੈਠਕ ਤੋਂ ਬਾਅਦ ਦੱਸਿਆ ਕਿ ਇਹ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 28 ਅਗਸਤ ਨੂੰ ਸੰਪੰਨ ਹੋਵੇਗੀ। ਇਸ ਵਾਰ ਇਹ ਯਾਤਰਾ ਕੁੱਲ 57 ਦਿਨਾਂ ਤੱਕ ਚੱਲੇਗੀ।
ਸ਼੍ਰੀ ਅਮਰਨਾਥ ਯਾਤਰਾ ਦੀ ਪਹਿਲੀ ਪੂਜਾ 19 ਜੂਨ ਨੂੰ ਜੇਠ ਪੂਰਨਮਾਸ਼ੀ ਦੇ ਮੌਕੇ ‘ਤੇ ਆਯੋਜਿਤ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਯਾਤਰਾ ਨੂੰ ਸੁਰੱਖਿਅਤ ਅਤੇ ਸੁਚਾਰੂ ਬਣਾਉਣ ਲਈ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯਾਤਰਾ ‘ਤੇ ਜਾਣ ਦੇ ਇੱਛੁਕ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ। ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂ 15 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਦੇਸ਼ ਭਰ ਦੀਆਂ 556 ਅਧਿਕਾਰਤ ਬੈਂਕ ਸ਼ਾਖਾਵਾਂ ਰਾਹੀਂ ਅਗਾਊਂ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਉਪਲਬਧ ਹੋਵੇਗੀ।
ਉਮਰ ਸੀਮਾ ਅਤੇ ਰਸਤੇ
ਬੋਰਡ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਨਿਯਮ ਤੈਅ ਕੀਤੇ ਹਨ। ਯਾਤਰਾ ਲਈ ਸ਼ਰਧਾਲੂ ਦੀ ਉਮਰ 13 ਤੋਂ 70 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। 6 ਹਫ਼ਤਿਆਂ ਤੋਂ ਵੱਧ ਦੀ ਗਰਭਵਤੀ ਔਰਤਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਭਾਵੇਂ ਉਨ੍ਹਾਂ ਕੋਲ ਸਿਹਤ ਸਰਟੀਫਿਕੇਟ ਹੋਵੇ। ਸ਼ਰਧਾਲੂਆਂ ਲਈ ਕਿਸੇ ਅਧਿਕਾਰਤ ਡਾਕਟਰ ਜਾਂ ਸੰਸਥਾ ਵੱਲੋਂ 8 ਅਪ੍ਰੈਲ, 2026 ਜਾਂ ਉਸ ਤੋਂ ਬਾਅਦ ਜਾਰੀ ਕੀਤਾ ਗਿਆ ਲਾਜ਼ਮੀ ਸਿਹਤ ਸਰਟੀਫਿਕੇਟ (Compulsory Health Certificate) ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਬੋਰਡ ਨੇ ਅਧਿਕਾਰਤ ਡਾਕਟਰਾਂ ਦੀ ਸੂਚੀ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ। ਸ਼ਰਧਾਲੂ ਦੋ ਰਸਤਿਆਂ ਰਾਹੀਂ ਦਰਸ਼ਨਾਂ ਲਈ ਜਾ ਸਕਦੇ ਹਨ। ਪਹਿਲਗਾਮ ਮਾਰਗ 48 ਕਿਲੋਮੀਟਰ ਲੰਬਾ ਰਵਾਇਤੀ ਰਸਤਾ ਅਤੇ ਬਾਲਟਾਲ ਮਾਰਗ: 14 ਕਿਲੋਮੀਟਰ ਛੋਟਾ ਪਰ ਚੜ੍ਹਾਈ ਪੱਖੋਂ ਔਖਾ ਰਸਤਾ ਹੈ।