ਛਤਰਪਤੀ ਸੰਭਾਜੀਨਗਰ- ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ ਹਿੰਗੋਲੀ ਜ਼ਿਲ੍ਹੇ ‘ਚ ਸ਼ਨੀਵਾਰ ਸਵੇਰੇ 4.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਕਾਰਨ ਹਿੰਗੋਲੀ ਦੇ ਨਾਲ-ਨਾਲ ਗੁਆਂਢੀ ਜ਼ਿਲ੍ਹਿਆਂ ਨਾਂਦੇੜ ਅਤੇ ਪਰਭਣੀ ‘ਚ ਵੀ ਲੋਕਾਂ ‘ਚ ਦਹਿਸ਼ਤ ਫੈਲ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ, ਭੂਚਾਲ ਸਵੇਰੇ 8:45 ਵਜੇ ਆਇਆ ਸੀ। ਇਸ ਦਾ ਕੇਂਦਰ ਹਿੰਗੋਲੀ ਜ਼ਿਲ੍ਹੇ ਦੇ ਵਸਮਤ ਤਾਲੁਕਾ ਦੇ ਪਿੰਡ ਸ਼ਿਰਲੀ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਨਾਂਦੇੜ ਦੇ ਇਕ ਕਾਲਜ ਅਧਿਆਪਕ ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਜਦੋਂ ਉਹ ਸਟਾਫ ਰੂਮ ‘ਚ ਕੰਮ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਅਚਾਨਕ ਇਕ ਤੇਜ਼ ਝਟਕਾ ਅਤੇ ਅਜੀਬ ਆਵਾਜ਼ ਸੁਣਾਈ ਦਿੱਤੀ।
ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ, ਹਿੰਗੋਲੀ ਦੇ ਪਾਂਗਰਾ ਸ਼ਿੰਦੇ ਪਿੰਡ ‘ਚ ਕੁਝ ਘਰਾਂ ਅਤੇ ਕਮਿਊਨਿਟੀ ਹਾਲਾਂ ‘ਚ ਤਰੇੜਾਂ ਆਉਣ ਦੀਆਂ ਰਿਪੋਰਟਾਂ ਮਿਲੀਆਂ ਹਨ। ਹਿੰਗੋਲੀ ਦੇ ਕਲੈਕਟਰ ਰਾਹੁਲ ਗੁਪਤਾ ਨੇ ਦੱਸਿਆ ਕਿ ਟੀਮਾਂ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ ਹੈ ਤਾਂ ਜੋ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਇਆ ਜਾ ਸਕੇ। ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਨਾਂਦੇੜ ਤੇ ਪਰਭਣੀ ‘ਚ ਐਮਰਜੈਂਸੀ ਟੀਮਾਂ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ। ਨਾਂਦੇੜ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਅਧਿਕਾਰੀਆਂ ਨੇ ਟੀਨ ਦੀਆਂ ਛੱਤਾਂ ਵਾਲੇ ਘਰਾਂ ‘ਚ ਰਹਿੰਦੇ ਹਨ, ਉਹ ਛੱਤਾਂ ‘ਤੇ ਰੱਖੇ ਭਾਰੀ ਪੱਥਰਾਂ ਨੂੰ ਹਟਾ ਦੇਣ ਅਤੇ ਸ਼ੀਟਾਂ ਨੂੰ ਬੋਲਟਾਂ ਨਾਲ ਪੱਕਾ ਕਰਨ। ਕਿਸੇ ਵੀ ਹੋਰ ਝਟਕੇ ਜਾਂ ਅਸਧਾਰਨ ਆਵਾਜ਼ ਦੀ ਸੂਰਤ ਵਿੱਚ ਤੁਰੰਤ ਖੁੱਲ੍ਹੇ ਸਥਾਨਾਂ ‘ਤੇ ਜਾਣ ਦੀ ਹਦਾਇਤ ਕੀਤੀ ਗਈ ਹੈ।ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।















