ਸਰਕਾਰੀ ਸਕੂਲਾਂ ’ਚ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਅਹਿਮ ਬਿਆਨ

ਚੀਮਾ ਮੰਡੀ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਰਕਾਰੀ ਸਕੂਲਾਂ ’ਚ ਸਰਵੋਤਮ ਸਿੱਖਿਆ ਪ੍ਰਣਾਲੀ ਨੂੰ ਸਥਾਪਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਸਰਕਾਰੀ ਸਕੂਲਾਂ ’ਚ ਹਰ ਸੁਵਿਧਾ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ, ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ ਪਿੰਡ ਨਾਗਰਾ ਅਤੇ ਜਖੇਪਲ ਚੌਵਾਸ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਨਵੇਂ ਬਣਨ ਵਾਲੇ ਕਲਾਸਰੂਮਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਕੀਤਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਸੁਨਾਮ ਦੇ 7 ਸੀਨੀਅਰ ਸੈਕੰਡਰੀ ਸਕੂਲਾਂ ’ਚ 13 ਨਵੇਂ ਕਲਾਸਰੂਮ ਬਣਾਉਣ ਲਈ 98 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ, ਜਿਸ ਦੀ ਪਹਿਲੀ ਕਿਸ਼ਤ ਵਜੋਂ 39 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਅਮਨ ਅਰੋੜਾ ਨੇ ਦੱਸਿਆ ਕਿ ਅੱਜ ਨਾਗਰਾ, ਲਖਮੀਰਵਾਲਾ, ਈਲਵਾਲ, ਬਿਜਲਪੁਰ ਵਿਖੇ 2-2 ਕਲਾਸਰੂਮ ਲਈ 48 ਲੱਖ ਰੁਪਏ, ਚੌਵਾਸ ਵਿਖੇ 3 ਕਲਾਸਰੂਮ ਲਈ 9 ਲੱਖ ਰੁਪਏ, ਸ਼ਾਹਪੁਰ ਤੇ ਤੋਲਾਵਾਲ ਵਿਚ 1-1 ਕਲਾਸਰੂਮ ਬਣਾਉਣ ਲਈ 6 ਲੱਖ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਲੋਕਾਂ ਨੂੰ ਸਿਖਿਆ ਅਤੇ ਸਿਹਤ ਦੇ ਖੇਤਰ ’ਚ ਵੱਡੇ ਬਦਲਾਅ ਨਜ਼ਰ ਆਉਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਦੇ ਟੀਚੇ ਤਹਿਤ 36 ਅਧਿਆਪਕਾਂ ਦਾ ਵਫ਼ਦ ਵਿਸ਼ੇਸ਼ ਤੌਰ ’ਤੇ ਸਿੰਗਾਪੁਰ ਭੇਜਿਆ ਤਾਂ ਜੋ ਉਹ ਵਾਪਸ ਆ ਕੇ ਆਪਣੇ ਸਕੂਲਾਂ ’ਚ ਵਿਸ਼ਵ ਪੱਧਰੀ ਸਿੱਖਿਆ ਸੁਧਾਰਾਂ ਨੂੰ ਲਾਗੂ ਕਰਨ ’ਚ ਸਹਿਯੋਗ ਪਾ ਸਕਣ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਭਵਿੱਖ ਨੂੰ ਚਮਕਾਉਣ ਲਈ ਉਨ੍ਹਾਂ ਨੂੰ ਸਕੂਲੀ ਸਿੱਖਿਆ ਦੌਰਾਨ ਵਧੀਆ ਬੁਨਿਆਦੀ ਢਾਂਚਾ, ਉਸਾਰੂ ਮਾਹੌਲ ਅਤੇ ਸੂਝਵਾਨ ਅਧਿਆਪਕਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੀ ਦਿਸ਼ਾ ’ਚ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਜਲਦ ਹੀ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।
ਪਿੰਡਾਂ ਦੇ ਨਿਵਾਸੀਆਂ ਨੂੰ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੂਬੇ ਦੇ ਸਰਵਪੱਖੀ ਵਿਕਾਸ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਨਾਲ-ਨਾਲ ਹਰ ਖੇਤਰ ’ਚ ਬੁਲੰਦੀਆਂ ਨੂੰ ਹਾਸਲ ਕਰਨ ਲਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਹਲਕਾ ਸੁਨਾਮ ਦੇ ਹਰ ਸ਼ਹਿਰੀ ਤੇ ਪੇਂਡੂ ਖੇਤਰ ’ਚ ਵਿਕਾਸ ਕਾਰਜਾਂ ਲਈ ਉਹ ਦਿਨ-ਰਾਤ ਸਰਗਰਮ ਹਨ। ਇਸ ਮੌਕੇ ਪ੍ਰਿੰਸੀਪਲ ਸਰਕਾਰੀ ਸਕੂਲ ਨਾਗਰਾ ਅਸ਼ੋਕ ਠਾਕੁਰ, ਆਗੂ ਜਗਤਾਰ ਸਿੰਘ ਤਾਰੀ ਨਾਗਰਾ, ਗੁਰਤੇਜ ਸਿੰਘ ਨਾਗਰਾ, ਰਾਣਾ ਜਵੰਧਾ, ਲਖਵਿੰਦਰ ਸਿੰਘ ਨਾਗਰਾ, ਲਾਭ ਸਿੰਘ ਨੀਲੋਵਾਲ, ਪਰਮਿੰਦਰ ਸਿੰਘ ਧਾਲੀਵਾਲ, ਗੁਰਚਰਨ ਸਿੰਘ, ਗੁਰਤੇਜ ਸਿੰਘ, ਸਰਪੰਚ ਮੱਖਣ ਸਿੰਘ, ਸੈਸੀ ਸਿੰਘ ਮੈਬਰ, ਲਾਲ ਸਿੰਘ, ਰਾਜ ਸਿੰਘ, ਜਰਨੈਲ ਸਿੰਘ, ਨਿਰਭੈ ਸਿੰਘ ਆਦਿ ਵੀ ਹਾਜ਼ਰ ਸਨ।