ਸਕੂਲ ਪ੍ਰਿੰਸੀਪਲ ਨੇ ਸਹਿਕਰਮੀ ਨਾਲ ਕੀਤਾ ਜਬਰ ਜ਼ਿਨਾਹ, FIR ਦਰਜ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਠਿਯੋਗ ਖੇਤਰ ‘ਚ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ‘ਤੇ ਇਕ ਮਹਿਲਾ ਕਰਮਚਾਰੀ ਨਾਲ ਜਬਰ ਜ਼ਿਨਾਹ ਕਰਨ, ਧਮਕਾਉਣ ਅਤੇ ਕੁੱਟਮਾਰ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਔਰਤ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਗਾਇਆ ਕਿ ਪ੍ਰਿੰਸੀਪਲ ਨੇ ਉਸ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਏ ਅਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਲਈਆਂ।
ਔਰਤ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਗਾਇਆ ਕਿ ਮੁਲਜ਼ਮ ਨੇ ਤਸਵੀਰਾਂ ਦਾ ਇਸਤੇਮਾਲ ਕਰ ਕੇ ਉਸ ਨੂੰ ਧਮਕਾਇਆ ਅਤੇ ਵਾਰ-ਵਾਰ ਜਬਰ ਜ਼ਿਨਾਹ ਕੀਤਾ। 25 ਮਾਰਚ ਨੂੰ ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਬੈਲਟ ਨਾਲ ਕੁੱਟਿਆ। ਸ਼ਿਮਲਾ ਦੇ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਜਬਰ ਜ਼ਿਨਾਹ ਸਣੇ ਹੋਰ ਧਾਰਾਵਾਂ ‘ਚ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।