ਗੁਹਾਟੀ – ਆਸਾਮ ਦੇ ਧੇਮਾਜੀ ਜ਼ਿਲ੍ਹੇ ‘ਚ ਬੁੱਧਵਾਰ ਸਵੇਰੇ ਇਕ ਸਕੂਲ ਟੀਚਰ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਹਮਲੇ ‘ਚ ਉਸ ਦੀ 13 ਸਾਲਾ ਵੱਡੀ ਧੀ ਵੀ ਗੰਭੀਰ ਜ਼ਖਮੀ ਹੋ ਗਈ। ਇਹ ਹਮਲਾ ਜੋਨਾਈ ਕਸਬੇ ਦੇ ਤੇਲਮ ਬਾਜ਼ਾਰ ‘ਚ ਸਥਿਤ ਉਨ੍ਹਾਂ ਦੇ ਘਰ ਦੇ ਅੰਦਰ ਹੋਇਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਮਲੇ ਦਾ ਉਦੇਸ਼ ਅਜੇ ਸਪੱਸ਼ਟ ਨਹੀਂ ਹੈ, ਪਰ ਵਿੱਤੀ ਤੰਗੀ ਨੂੰ ਇਕ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਚਿਨੁਆਰਾ ਬੇਗਮ (33), ਸ਼ਕੀਲ ਅਲੀ (8) ਅਤੇ ਪੰਜ ਸਾਲਾ ਰਿਜ਼ਿਕਾ ਬੇਗਮ ਵਜੋਂ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਜ਼ਖਮੀ ਧੀ ਦਾ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਸ਼ੀ ਗਾਮਚੁਕ ਪ੍ਰਾਇਮਰੀ ਸਕੂਲ ‘ਚ ਸਹਾਇਕ ਅਧਿਆਪਕ ਵਜੋਂ ਕੰਮ ਕਰਦਾ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਘਰੋਂ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਦੋਸ਼ੀ ਅਧਿਆਪਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਵਿੱਤੀ ਤੰਗੀ ਕਾਰਨ ਇਹ ਕਦਮ ਚੁੱਕਿਆ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਹਰ ਮਹੀਨੇ 10,000 ਰੁਪਏ ਮਹੀਨਾ ਮਿਲਦੀ ਹੈ। ਅਧਿਕਾਰੀ ਨੇ ਕਿਹਾ ਕਿ ਫੋਰੈਂਸਿਕ ਟੀਮ ਨੇ ਘਰ ਤੋਂ ਸਬੂਤ ਇਕੱਠੇ ਕਰ ਲਏ ਹਨ ਅਤੇ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।















