ਬਟਾਲਾ : ਬੀਤੇ ਦਿਨੀਂ ਸ੍ਰੀਨਗਰ ਦੇ ਖੰਨੇਵਾਲ ਵਿਖੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਬਟਾਲਾ ਦੇ ਸ਼ਹੀਦ ਪਲਵਿੰਦਰ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਾਏ ਚੱਕ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ|
10 ਸਿੱਖ ਰੈਜੀਮੈਂਟ ਵਿਚ ਬਤੌਰ ਹਵਲਦਾਰ ਤਾਇਨਾਤ ਪਲਵਿੰਦਰ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ 9 ਸਾਲ ਦੀ ਬੇਟੀ ਅਤੇ 6 ਸਾਲ ਦਾ ਬੇਟਾ ਛੱਡ ਗਏ ਹਨ|
ਇਸ ਦੌਰਾਨ ਜਦੋਂ ਸ਼ਹੀਦ ਪਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਮਾਹੌਲ ਕਾਫੀ ਗਮਗੀਨ ਹੋ ਗਿਆ| ਪਰਿਵਾਰ ਦੇ ਹੰਝੂ ਦੇਖ ਕੇ ਹਰ ਇਕ ਦੀਆਂ ਅੱਖਾਂ ਨਮ ਹੋ ਗਈਆਂ| ਸ਼ਹੀਦ ਦੀ ਪਤਨੀ ਨੇ ਕਿਹਾ ਕਿ ਮੈਨੂੰ ਆਪਣੀ ਪਤੀ ਦੀ ਮੌਤ ਦਾ ਦੁੱਖ ਤਾਂ ਹੈ, ਪਰ ਮੈਨੂੰ ਉਨ੍ਹਾਂ ਦੀ ਸ਼ਹਾਦਤ ਉਤੇ ਸਾਰੀ ਉਮਰ ਮਾਣ ਰਹੇਗਾ|