ਸ਼ਮੀ ਅਤੇ ਭੁਵਨੇਸ਼ਵਰ ਦੇ ਨਕਸ਼ੇਕਦਮ ‘ਤੇ ਚਲਣਾ ਚਾਹੁੰਦੈ ਨਾਗਰਕੋਟੀ

ਮੁੰਬਈਂ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਕਮਲੇਸ਼ ਨਾਗਰਕੋਟੀ ਭਾਰਤੀ ਸੀਨੀਅਰ ਟੀਮ ਦੇ ਮੈਂਬਰ ਮੁਹੰਮਦ ਸ਼ਮੀ ਅਤੇ ਭੁਵਨੇਸ਼ਵਰ ਕੁਮਾਰ ਦੇ ਨਕਸ਼ੇਕਦਮ ਉੱਤੇ ਚੱਲਣਾ ਚਾਹੁੰਦੇ ਹਨ ਅਤੇ ਮੁਸ਼ਕਲ ਹਾਲਾਤ ਵਿੱਚ ਇਨ੍ਹਾਂ ਦੋਨਾਂ ਦੀ ਤਰ੍ਹਾਂ ਖੇਡਣ ਦੀ ਕੋਸ਼ਿਸ਼ ਕਰਦੇ ਹਨ । ਨਿਊਜ਼ੀਲੈਂਡ ਵਿੱਚ ਵਿਸ਼ਵ ਕੱਪ ਜਿੱਤਣ ਦੇ ਬਾਅਦ ਭਾਰਤ ਪਰਤਨ ‘ਤੇ ਨਾਗਰਕੋਟੀ ਨੇ ਪੱਤਰਕਾਰਾਂ ਨੂੰ ਕਿਹਾ, ”ਜਦੋਂ ਵੀ ਮੇਰੇ ਸਾਹਮਣੇ ਮੁਸ਼ਕਲ ਹਾਲਤ ਹੁੰਦੇ ਹਨ ਮੈਂ ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ ਨੂੰ ਆਪਣੇ ਦਿਮਾਗ ਵਿੱਚ ਰੱਖਦਾ ਹਾਂ ।”
ਆਈ.ਪੀ.ਐੱਲ. ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ
ਉਨ੍ਹਾਂ ਨੇ ਕਿਹਾ, ”ਮੈਂ ਇਹ ਸੋਚਣ ਦੀ ਕੋਸ਼ਿਸ਼ ਕਰਦਾ ਹਾਂ ਕਿ ਉਹ ਕਿਵੇਂ ਦੀ ਗੇਂਦਬਾਜ਼ੀ ਕਰਦੇ ਹਨ ਅਤੇ ਇਸਨੂੰ ਦੁਹਰਾਉਣ ਦੀ ਕੋਸ਼ਿਸ਼ ਕਰਦਾ ਹਾਂ । ਮੈਂ ਹੁਣ ਤੱਕ ਉਨ੍ਹਾਂ ਨੂੰ ਨਹੀਂ ਮਿਲਿਆ ਹਾਂ, ਉਮੀਦ ਕਰਦਾ ਹਾਂ ਕਿ ਅਗਲੇ ਦਿਨਾਂ ਵਿੱਚ ਮੈਨੂੰ ਉਨ੍ਹਾ ਦੇ ਨਾਲ ਗੱਲ ਕਰਨ ਦਾ ਮੌਕਾ ਮਿਲੇਗਾ ।” ਵਿਸ਼ਵ ਕੱਪ ਵਿੱਚ ਭਾਰਤ ਦੀ ਖਿਤਾਬੀ ਜਿੱਤ ਦੇ ਦੌਰਾਨ 16.33 ਦੀ ਔਸਤ ਨਾਲ ਨੌਂ ਵਿਕਟ ਝਟਕਾਉਣ ਵਾਲੇ ਨਾਗਰਕੋਟੀ ਨੇ ਕਿਹਾ ਕਿ ਉਹ ਵਿਜੇ ਹਜਾਰੇ ਟਰਾਫ਼ੀ ਅਤੇ ਫ਼ਿਰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ।
ਸ਼ਿਵਮ ਮਾਵੀ ਵੀ ਆਈ.ਪੀ.ਐੱਲ. ਨੂੰ ਲੈ ਕੇ ਉਤਸ਼ਾਹਤ
ਨਾਗਰਕੋਟੀ ਦੇ ਤੇਜ਼ ਗੇਂਦਬਾਜ਼ੀ ਜੋੜੀਦਾਰ ਸ਼ਿਵਮ ਮਾਵੀ ਭਾਰਤ ਏ ਟੀਮ ਵਿੱਚ ਜਗ੍ਹਾ ਬਣਾਉਣ ਲਈ ਆਈ.ਪੀ.ਐੱਲ. ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ । ਉਨ੍ਹਾਂ ਨੇ ਕਿਹਾ, ”ਮੈਂ ਆਈ.ਪੀ.ਐੱਲ. ਨੂੰ ਲੈ ਕੇ ਉਤਸ਼ਾਹਤ ਹਾਂ । ਇਹ ਕਾਫ਼ੀ ਸੰਭਾਵਨਾਵਾਂ ਖੋਲ੍ਹੇਗਾ । ਇਹ ਪ੍ਰਤਿਭਾ ਵਿਖਾਉਣ ਅਤੇ ਭਾਰਤ ਏ ਅਤੇ ਹੋਰ ਸੀਨੀਅਰ ਘਰੇਲੂ ਟੂਰਨਾਮੈਂਟਾਂ ਲਈ ਦਾਅਵਾ ਪੇਸ਼ ਕਰਨ ਦਾ ਚੰਗਾ ਮੰਚ ਹੈ ।” ਸ਼ਿਵਮ ਨੇ ਵਿਸ਼ਵ ਕੱਪ ਵਿੱਚ ਨੌਂ ਵਿਕਟ ਝਟਕਾਏ ਹਨ।