ਵੱਧ ਰਿਹੈ ਸ਼ੂਗਰ ਰੋਗ ਸੋ ਬਦਲੋ ਆਪਣੀਆਂ ਆਦਤਾਂ

ਡਾਇਬਟੀਜ਼ ਦੇਸ਼ ‘ਚ ਤੇਜ਼ੀ ਨਾਲ ਵਧਣ ਵਾਲੀਆਂ ਬੀਮਾਰੀਆਂ ਵਿਚੋਂ ਇੱਕ ਹੈ। ਇੱਕ ਖੋਜ ਦੀ ਮੰਨੀਏ ਤਾਂ ਪਿਛਲੇ 25 ਸਾਲਾਂ ‘ਚ ਇਸ ਬੀਮਾਰੀ ਦੇ ਮਾਮਲਿਆਂ ‘ਚ 64 ਫ਼ੀਸਦੀ ਇਜ਼ਾਫ਼ਾ ਹੋਇਆ ਹੈ ਅਤੇ ਮਾਹਿਰ ਇਸ ਵਾਧੇ ਨੂੰ ਦੇਸ਼ ਦੀ ਆਰਥਿਕ ਤਰੱਕੀ ਦੇ ਨਾਲ ਜੋੜ ਕੇ ਦੇਖ ਰਹੇ ਹਨ। ਇਸ ਤੋਂ ਵੀ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਛੇ ਸਾਲਾਂ ‘ਚ ਦੇਸ਼ ‘ਚ ਇਸ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ 13.5 ਕਰੋੜ ਤੋਂ ਜ਼ਿਆਦਾ ਹੋ ਸਕਦੀ ਹੈ ਜੋ ਸਾਲ 2017 ‘ਚ 7.2 ਕਰੋੜ ਸੀ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ, ਇੰਸਟੀਚਿਊਟ ਫ਼ੌਰ ਹੈੱਲਥ ਮੈਟ੍ਰਿਕਸ ਐਂਡ ਅਵੈਲਿਊਏਸ਼ਨ ਅਤੇ ਪਬਲਿਕ ਹੈੱਲਥ ਫ਼ਾਊਂਡੇਸ਼ਨ ਔਫ਼ ਇੰਡੀਆ ਦੀ ਨਵੰਬਰ 2017 ਦੀ ਇੱਕ ਰਿਪੋਰਟ ਮੁਤਾਬਿਕ ਪਿਛਲੇ 25 ਸਾਲਾਂ ‘ਚ ਭਾਰਤ ‘ਚ ਡਾਇਬਟੀਜ਼ ਦੇ ਮਾਮਲਿਆਂ ‘ਚ 64 ਫ਼ੀਸਦੀ ਦਾ ਵਾਧਾ ਹੋਇਆ ਹੈ। ਹੁਣ ਵਿਸ਼ਵ ਬੈਂਕ ਦੀ ਇੱਕ ਰਿਪੋਰਟ ‘ਤੇ ਨਜ਼ਰ ਮਾਰੀਏ ਤਾਂ 1990 ‘ਚ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 24 ਹਜ਼ਾਰ 867 ਰੁਪਏ ਸੀ ਜੋ 2016 ‘ਚ ਵੱਧ ਕੇ 109,000 ਹੋ ਗਈ। ਇਸ ਦਾ ਸਿੱਧਾ ਅਰਥ ਹੈ ਕਿ ਖ਼ੁਸ਼ਹਾਲੀ ਵਧਣ ਦੇ ਨਾਲ-ਨਾਲ ਸ਼ੂਗਰ ਦੇ ਰੋਗੀ ਵੀ ਵਧਦੇ ਜਾ ਰਹੇ ਹਨ।
ਖੋਜ ਮੁਤਾਬਿਕ, ਸਾਲ 2017 ‘ਚ ਦੁਨੀਆਂ ਦੇ ਕੁੱਲ ਡਾਇਬਟੀਜ਼ ਰੋਗੀਆਂ ਦਾ 49 ਫ਼ੀਸਦੀ ਹਿੱਸਾ ਭਾਰਤ ‘ਚ ਸੀ ਅਤੇ 2015 ‘ਚ ਜਦੋਂ ਇਹ ਅੰਕੜਾ 13.5 ਕਰੋੜ ‘ਤੇ ਪਹੁੰਚੇਗਾ ਤਾਂ ਦੇਸ਼ ਦੀਆਂ ਜਨਤਕ ਸਿਹਤ ਸੇਵਾਵਾਂ ‘ਤੇ ਇੱਕ ਵੱਡਾ ਬੋਝ ਹੋਣ ਦੇ ਨਾਲ ਹੀ ਆਰਥਿਕ ਰੂਪ ਨਾਲ ਵੀ ਇੱਕ ਵੱਡੀ ਚੁਣੌਤੀ ਪੇਸ਼ ਕਰੇਗਾ।
ਧਰਮਸ਼ਿਲਾ ਨਾਰਾਇਣਾ ਸੁਪਰ ਸਪੈਸ਼ਲਿਸਟ ਹਸਪਤਾਲ ਦੇ ਸੀਨੀਅਰ ਡਾਕਟਰ ਮੁਤਾਬਿਕ ਡਾਇਬਟੀਜ਼ ‘ਚ ਸ਼ਰੀਰ ‘ਚ ਇਨਸੁਲਿਨ ਬਣਾਉਣ ਦੀ ਪ੍ਰਕਿਰਿਆ ਰੁਕ ਜਾਂ ਘੱਟ ਜਾਂਦੀ ਹੈ। ਇਨਸੁਲਿਨ ਨਾਲ ਸ਼ਰੀਰ ਨੂੰ ਊਰਜਾ ਮਿਲਦੀ ਹੈ ਅਤੇ ਇਸ ਪ੍ਰਕਿਰਿਆ ਦੇ ਪ੍ਰਭਾਵਿਤ ਹੋਣ ਨਾਲ ਸ਼ਰੀਰ ਦੇ ਮੁੱਖ ਅੰਗਾਂ ਦੇ ਸੰਚਾਲਨ ‘ਚ ਰੁਕਾਵਟ ਪੈਦਾ ਹੁੰਦੀ ਹੈ। ਇਸ ਦੌਰਾਨ ਦਵਾਈ ਖਾ ਕੇ ਬੀਮਾਰੀ ਨੂੰ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ।
ਕੰਬੋਜ