ਵਿਰਾਟ ਨੇ ਟੈੱਸਟ ਸੀਰੀਜ਼ ਜਿੱਤ ਕੇ ਧੋਨੀ ਦੀ ਕੀਤੀ ਬਰਾਬਰੀ, ਬਣਾਇਆ ਰਿਕਾਰਡ

ਨਵੀਂ ਦਿੱਲੀਂ ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਇੰਡੀਆ ਲਗਾਤਾਰ ਟੈਸਟ ‘ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਜਿੱਤ ਹਾਸਲ ਕਰ ਰਹੀ ਹੈ। ਰਵਿੰਦਰ ਜਡੇਜਾ ਦੀ ਫ਼ਿਰਕੀ ਦੇ ਜਾਦੂ ਨਾਲ ਭਾਰਤ ਨੇ ਸਲਾਮੀ ਬੱਲੇਬਾਜ਼ ਦਿਮੁਥ ਕਰੁਣਾਰਤਨੇ ਦੇ ਜੁਝਾਰੂ ਸੈਂਕੜੇ ਦੇ ਬਾਵਜੂਦ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ ਚਾਹ ਤੋਂ ਪਹਿਲਾਂ ਸ਼੍ਰੀਲੰਕਾ ਨੂੰ ਪਾਰੀ ਅਤੇ 53 ਦੌੜਾਂ ਨਾਲ ਹਰਾ ਕੇ 3 ਮੈਚਾਂ ਮੈਚਾਂ ਦੀ ਲੜੀ ‘ਚ 2-0 ਦੀ ਜੇਤੂ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਹੀ ਕਪਤਾਨ ਵਿਰਾਟ ਕੋਹਲੀ ਕਈ ਰਿਕਾਰਡਜ਼ ‘ਚ ਕਬਜ਼ਾ ਕਰਕੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਬਰਾਬਰ ਪਹੁੰਚ ਚੁੱਕੇ ਹਨ। ਵਿਰਾਟ ਕੋਹਲੀ ਨੇ ਵਿਦੇਸ਼ੀ ਧਰਤੀ ‘ਤੇ ਜਿੱਤਣ ਦੇ ਮਾਮਲੇ ‘ਚ ਧੋਨੀ ਦੀ ਬਰਾਬਰੀ ਕਰ ਲਈ ਹੈ ਅਤੇ ਛੇਵੀਂ ਜਿੱਤ ਦਰਜ ਕਰ ਲਈ ਹੈ ਅਤੇ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡ ਦਿੱਤਾ ਹੈ ਕਿਉਂਕਿ ਧੋਨੀ ਦੀ ਕਪਤਾਨੀ ਵਿੱਚ ਵੀ ਟੀਮ ਇੰਡੀਆ ਨੇ ਵਿਦੇਸ਼ ‘ਚ 6 ਜਿੱਤਾਂ ਹਾਸਲ ਕੀਤੀਆਂ ਸਨ ਅਤੇ ਦ੍ਰਾਵਿੜ ਨੇ ਵਿਦੇਸ਼ ‘ਚ 5 ਟੈਸਟ ਮੈਚ ਜਿੱਤੇ ਸਨ। ਵਿਦੇਸ਼ ‘ਚ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਦਾ ਰਿਕਾਰਡ ਸੌਰਵ ਗਾਂਗੁਲੀ (11) ਦੇ ਨਾਂ ਹੈ। ਇਸ ਤੋਂ ਇਲਾਵਾ ਵੀ ਵਿਰਾਟ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਉਨ੍ਹਾਂ ਦੀ ਕਪਤਾਨੀ ‘ਚ ਸ਼੍ਰੀਲੰਕਾਈ ਸਰਜ਼ਮੀਂ ‘ਤੇ ਟੀਮ ਇੰਡੀਆ ਨੇ ਚੌਥਾ ਟੈਸਟ ਜਿੱਤਿਆ। ਸ਼੍ਰੀਲੰਕਾ ‘ਚ 4 ਟੈਸਟ ਜਿੱਤਣ ਵਾਲੇ ਵਿਰਾਟ ਇੱਕਲੌਤੇ ਵਿਦੇਸ਼ੀ ਕਪਤਾਨ ਹਨ।