ਭਾਰਤ ਦੇ ਮੁੱਖ ਕੋਚ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਦਾ ਹਾਲ ਹੀ ‘ਚ ਸ਼ਾਰਟ ਪਿੱਚ ਗੇਂਦਾਂ ‘ਤੇ ਆਊਟ ਹੋਣਾ ਉਸ ਦੀ ਕਮਜ਼ੋਰੀ ਮੰਨਣਾ ਸਹੀ ਨਹੀਂ ਹੋਵੇਗਾ।
ਕੁੰਬਲੇ ਨੇ ਕਿਹਾ, ”ਵਿਜੇ ਪਿਛਲੇ ਦੋ ਸਾਲਾਂ ਤੋਂ ਸਾਡਾ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲਾ ਬੱਲੇਬਾਜ਼ ਰਿਹਾ ਹੈ। ਉਸ ਨੇ ਰਾਜਕੋਟ ‘ਚ ਸੈਂਕੜਾ ਬਣਾਇਆ ਸੀ। ਹਾਂ, ਉਹ ਇਕੋ ਜਿਹੀਆਂ ਗੇਂਦਾਂ ‘ਤੇ ਆਊਟ ਹੋਇਆ ਤੇ ਇਸ ਲਈ ਤੁਸੀਂ ਇਸ ਨੂੰ ਉਸ ਦੀ ਕਮਜ਼ੋਰੀ ਦੇ ਰੂਪ ਵਿਚ ਦੇਖ ਸਕਦੇ ਹੋ ਪਰ ਮੇਰਾ ਮੰਨਣਾ ਹੈ ਕਿ ਇਹ ਸਹੀ ਨਹੀਂ ਹੈ। ਉਹ ਅਜਿਹਾ ਬੱਲੇਬਾਜ਼ ਹੈ, ਜਿਸ ਬਾਰੇ ਸਾਨੂੰ ਲੱਗਦਾ ਹੈ ਕਿ ਉਹ ਜਲਦ ਹੀ ਵੱਡਾ ਸਕੋਰ ਬਣਾਏਗਾ।”
ਕੋਚ ਨੇ ਕਿਹਾ ਕਿ ਟੀਮ ਸਟਾਫ ਨੈੱਟ ‘ਤੇ ਉਸ ਦੀ ਮਦਦ ਕਰ ਰਿਹਾ ਹੈ ਤੇ ਜਦੋਂ ਅਸੀਂ ਨੈੱਟ ‘ਤੇ ਜਾਂਦੇ ਹਾਂ ਤਾਂ ਉਸ ਨੂੰ ਇਸ ਤਰ੍ਹਾਂ ਦੀਆਂ ਗੇਂਦਾਂ ਨੂੰ ਖੇਡਣ ‘ਚ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਮਾਮਲੇ ਵਿਚ ਬਹੁਤ ਡੂੰਘਾਈ ‘ਚ ਜਾਣ ਦੀ ਲੋੜ ਨਹੀਂ ਹੈ ਕਿ ਉਹ ਇਸ ਤਰ੍ਹਾਂ ਨਾਲ ਕਿਉਂ ਆਊਟ ਹੋ ਰਿਹਾ ਹੈ। ਉਹ ਕਿਸੇ ਵੀ ਸਮੇਂ ਦੌੜਾਂ ਬਣਾਉਣਾ ਸ਼ੁਰੂ ਕਰ ਦੇਵੇਗਾ। ਸਾਨੂੰ ਪੂਰਾ ਭਰੋਸਾ ਹੈ ਕਿ ਉਹ ਜਲਦ ਹੀ ਅਜਿਹਾ ਕਰੇਗਾ।












