ਵਟਸਐੱਪ ਰਾਹੀਂ ਪਤਨੀ ਨੂੰ ਦਿੱਤਾ ‘ਤਿੰਨ ਤਲਾਕ’, ਪਤੀ ਖ਼ਿਲਾਫ਼ ਮਾਮਲਾ ਦਰਜ

ਇੰਦੌਰ – ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਇਕ 27 ਸਾਲਾ ਵਿਅਕਤੀ ਖ਼ਿਲਾਫ਼ ਸੋਸ਼ਲ ਮੀਡੀਆ ਪਲੇਟਫਾਰਮ ਵਟਸਐੱਪ ‘ਤੇ ਵੁਆਇਸ ਨੋਟ ਭੇਜ ਕੇ ਆਪਣੀ ਪਤਨੀ ਨੂੰ ਤਿੰਨ ਤਲਾਕ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਓਜੀ ਬਾਜ਼ਾਰ ਪੁਲਸ ਥਾਣੇ ਦੇ ਸਬ-ਇੰਸਪੈਕਟਰ ਰਾਮ ਕੁਮਾਰ ਰਘੂਵੰਸ਼ੀ ਨੇ ਦੱਸਿਆ ਕਿ 23 ਸਾਲਾ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਖ਼ਿਲਾਫ਼ ਮੁਸਲਿਮ ਵੂਮੈਨ (ਪ੍ਰੋਟੈਕਸ਼ਨ ਆਫ ਮੈਰਿਜ ਰਾਈਟਸ) ਐਕਟ 2019 ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੀੜਤ ਔਰਤ ਅਤੇ ਮੁਲਜ਼ਮ ਦਾ ਨਿਕਾਹ ਕਰੀਬ 3 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੀ ਇਕ ਬੇਟੀ ਵੀ ਹੈ। ਰਘੂਵੰਸ਼ੀ ਨੇ ਦੱਸਿਆ ਕਿ ਔਰਤ ਦਾ ਦੋਸ਼ ਹੈ ਕਿ ਉਸ ਦਾ ਪਤੀ ਨਿਕਾਹ ਦੇ 3 ਮਹੀਨਿਆਂ ਬਾਅਦ ਤੋਂ ਹੀ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਜਦੋਂ ਉਹ ਮਾਂ ਬਣਨ ਵਾਲੀ ਸੀ ਤਾਂ ਉਸ ਨੇ ਉਸ ਦੇ ਚਰਿੱਤਰ ’ਤੇ ਉਂਗਲੀ ਉਠਾਈ ਅਤੇ ਕਿਹਾ ਕਿ ਗਰਭ ਵਿਚ ਪਲ ਰਹੇ ਬੱਚੇ ਦਾ ਪਿਤਾ ਕੋਈ ਹੋਰ ਹੈ।