ਫ਼ੁੱਲੀਆਂ ਹੋਈਆਂ ਖ਼ੂਨ-ਨਾੜਾਂ ਕਈ ਅੰਗਾਂ ਵਿੱਚ ਹੋ ਸਕਦੀਆਂ ਹਨ ਪਰ ਆਮ ਕਰਕੇ ਇਹ ਲੱਤਾਂ ਵਿੱਚ ਹੁੰਦੀਆਂ ਹਨ। ਅਸਾਧਾਰਨ ਤੌਰ ‘ਤੇ ਫ਼ੁੱਲੀਆਂ ਹੋਈਆਂ ਨਾੜਾਂ ਨੂੰ ਤਕਨੀਕੀ ਭਾਸ਼ਾ ਵਿੱਚ ‘ਵੇਰੀਕੋਜ਼ ਵੇਨਜ਼’ ਕਿਹਾ ਜਾਂਦਾ ਹੈ। ਇਹ ਸਮੱਸਿਆ ਨਜ਼ਰ ਆਉਣ ਵਾਲੀਆਂ ਨਾੜਾਂ ਵਿੱਚ ਹੁੰਦੀ ਹੈ। ਵਿਅਕਤੀ ਖੜ੍ਹਾ ਰਹੇ ਤਾਂ ਇਨ੍ਹਾਂ ਵਿੱਚ ਦਬਾਅ ਕਾਫ਼ੀ ਵਧ ਜਾਂਦਾ ਹੈ। ਸਰਜੀਕਲ ਓ.ਪੀ.ਡੀ. ਵਿੱਚ ਵੇਰੀਕੋਜ਼ ਵੇਨਜ਼ ਦੇ ਮਰੀਜ਼ ਆਉਂਦੇ ਹੀ ਰਹਿੰਦੇ ਹਨ। ਇਸ ਬਿਮਾਰੀ ਸਬੰਧੀ ਕਈ ਵਾਰ ਵਿਅਕਤੀ ਨੂੰ ਨੌਕਰੀ ਹਾਸਲ ਕਰਨ ਵੇਲੇ ਮੈਡੀਕਲ ਕਰਾਉਣ ਸਮੇਂ ਹੀ ਪਤਾ ਲਗਦਾ ਹੈ ਕਿ ਉਸ ਦੀਆਂ ਨਾੜਾਂ ਫ਼ੁੱਲੀਆਂ ਹੋਈਆਂ ਹਨ। ਵੇਨਜ਼, ਸਰੀਰ ਦੇ ਬਾਹਰੀ ਹਿੱਸਿਆਂ ਤੋਂ ਨੀਲਾ ਖ਼ੂਨ (ਘੱਟ ਆਕਸੀਜਨ ਵਾਲਾ) ਇਕੱਠਾ ਕਰਕੇ ਦਿਲ ਵੱਲ ਲਿਆਉਂਦੀਆਂ ਹਨ। ਇਨ੍ਹਾਂ ਨਾੜੀਆਂ ਵਿੱਚ ਪੱਤਿਆਂ ਵਰਗੇ ‘ਵਾਲਵ’ ਫ਼ਿੱਟ ਹਨ ਜੋ ਦਿਲ ਵੱਲ ਜਾ ਰਹੇ ਖ਼ੂਨ ਨੂੰ ਵਾਪਸ ਆਉਣ ਤੋਂ ਰੋਕਦੇ ਹਨ। ਜਦੋਂ ਨਾੜੀਆਂ ਫ਼ੁੱਲ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਵਾਲਵ ਕੰਮ ਨਹੀਂ ਕਰਦੇ। ਇਸੇ ਕਰਕੇ ਦਿਲ ਵੱਲ ਨੂੰ ਚੜ੍ਹਨ ਦੀ ਬਜਾਏ ਖ਼ੂਨ ਹੇਠਾਂ ਹੀ ਰਹਿੰਦਾ ਹੈ ਅਤੇ ਨਾੜਾਂ ਹੋਰ ਫ਼ੁੱਲ ਜਾਂਦੀਆਂ ਹਨ। ਲੱਤਾਂ ਜਦੋਂ ਹਰਕਤ ਵਿੱਚ ਰਹਿੰਦੀਆਂ ਹਨ ਤਾਂ ਇਨ੍ਹਾਂ ਨਾੜੀਆਂ ਰਾਹੀਂ ਖ਼ੂਨ ਪੰਪ ਹੋ ਕੇ ਗੁਰੂਤਾ ਦੇ ਵਿਰੁੱਧ ਉੱਪਰ ਨੂੰ ਦਿਲ ਵੱਲ ਚੜ੍ਹਦਾ ਹੈ ਅਤੇ ਪਿੱਛੇ ਨੂੰ ਨਹੀਂ ਆਉਂਦਾ। ਜਿਸ ਵਿਅਕਤੀ ਦੀ ਹਲਚਲ ਘੱਟ ਹੋਵੇ (ਬੈਠੇ ਰਹਿਣ ਵਾਲੇ ਵਿਅਕਤੀ) ਤਾਂ ਉਸ ਦੀਆਂ ਲੱਤਾਂ ਦੀਆਂ ਨਾੜੀਆਂ ਫ਼ੁੱਲਣ ਦਾ ਵਧੇਰੇ ਖ਼ਤਰਾ ਰਹਿੰਦਾ ਹੈ। ਨੀਲੇ ਖ਼ੂਨ ਵਾਲੀਆਂ ਇਹ ਨਾੜੀਆਂ (ਵੇਨਜ਼) ਬਾਕੀ ਸਰੀਰ ਵਾਂਗ ਲੱਤਾਂ ਵਿੱਚ ਵੀ ਚਮੜੀ ਦੇ ਬਿਲਕੁਲ ਹੇਠਾਂ ਜ਼ਰਾ ਡੂੰਘੀਆਂ ਹੁੰਦੀਆਂ ਹਨ।
ਅਲਾਮਤਾਂ:
ਲੱਤਾਂ ਭਾਰੀਆਂ ਭਾਰੀਆਂ ਮਹਿਸੂਸ ਹੋਣੀਆਂ, ਖ਼ਾਸ ਕਰਕੇ ਰਾਤ ਨੂੰ ਜਾਂ ਵਰਜ਼ਿਸ਼ ਤੋਂ ਬਾਅਦ।
ਅਜਿਹੀ ਲੱਤ ‘ਤੇ ਛੋਟੀਆਂ ਨਾੜਾਂ ਦਾ ਕੇਕੜੇ ਵਾਂਗ ਦਿਖਾਈ ਦੇਣਾ।
ਗਿੱਟਿਆਂ ‘ਤੇ ਸੋਜ਼ਿਸ਼, ਖ਼ਾਸ ਕਰਕੇ ਸ਼ਾਮ ਦੇ ਸਮੇਂ।
ਫ਼ੁੱਲੀ ਹੋਈ ਨਾੜ ਦੇ ਕੋਲ ਵਾਲੀ ਚਮੜੀ ਦਾ ਲਾਖੇ ਤੇ ਪੀਲੇ ਰੰਗ ਦਾ ਹੋ ਜਾਣਾ।
ਉਸ ਚਮੜੀ ‘ਤੇ ਪਹਿਲਾਂ ਲਾਲਗੀ, ਖ਼ੁਸ਼ਕੀ, ਮਿੱਠੀ-ਮਿੱਠੀ ਖ਼ਾਰਸ਼ ਤੇ ਬਾਅਦ ਵਿੱਚ ਐਕਜ਼ੀਮਾ ਬਣ ਜਾਣਾ।
ਬੈਠੇ ਬੈਠੇ ਇਕਦਮ ਉਠ ਕੇ ਤੁਰਨ ਵੇਲੇ ਲੱਤ ਵਿੱਚ ਪੀੜ ਹੋਣਾ।
ਉਸ ਜਗ੍ਹਾ ‘ਤੇ ਛੋਟੀ ਮੋਟੀ ਸੱਟ ਲੱਗਣ ਨਾਲ ਕਾਫ਼ੀ ਖ਼ੂਨ ਵਗ ਜਾਣਾ ਜੋ ਬੰਦ ਹੋਣ ਵਿੱਚ ਕਾਫ਼ੀ ਸਮਾਂ ਲਵੇ।
ਕਈਆਂ ਮਰੀਜ਼ਾਂ ਵਿੱਚ ਚਰਬੀ ਸਖ਼ਤ ਹੋ ਜਾਣ ਕਰਕੇ ਗਿੱਟਿਆਂ ਦੇ ਉਤਲੇ ਪਾਸੇ ਵਾਲੀ ਚਮੜੀ ਸਖ਼ਤ ਹੋ ਜਾਂਦੀ ਹੈ, ਇਸ ਨੂੰ ਲਾਇਪੋ-ਡਰਮੋ-ਸਕਲੀਰੋਸਿਸ ਕਿਹਾ ਜਾਂਦਾ ਹੈ।
ਗਿੱਟਿਆਂ ਦੀ ਚਮੜੀ ‘ਤੇ ਉਧੜ ਗੁਧੜੇ ਖ਼ਰੀਂਢ ਅਤੇ ਧੱਬੇ।
ਕਈ ਵਾਰ ਅਜਿਹੇ ਰੋਗੀਆਂ ਵਿੱਚ ‘ਲੱਤਾਂ ਦੀ ਬੇਚੈਨੀ’ (ਰੈਸਟਲੈਸ ਲੈਗ ਸਿੰਡਰੋਮ) ਵਾਲੇ ਲੱਛਣ ਹੋ ਜਾਂਦੇ ਹਨ।
ਲੱਤਾਂ ਦੀ ਬੇਚੈਨੀ ਕੀ ਹੈ: ਮਾੜੀ ਮੋਟੀ ਦਰਦ ਤੋਂ ਲੈ ਕੇ ਲੱਤ ਦੇ ਪਿੱਠਆਂ ਵਿੱਚ ਪੀੜਾਂ ਤੇ ਫ਼ੁੱਲੀ ਹੋਈ ਨਾੜੀ ਵਾਲੀ ਚਮੜੀ ਉੱਤੇ ਅਜਿਹੀ ਖ਼ਾਰਸ਼ ਜਿਸ ਨੂੰ ਤੁਸੀਂ ਖ਼ੁਰਕ ਵੀ ਨਹੀਂ ਸਕਦੇ। ਖ਼ੁਰਕਣ ਨਾਲ ਪਾਣੀ ਜਾਂ ਖ਼ੂਨ ਵਗਣ ਦਾ ਡਰ, ਜੋ ਆਸਾਨੀ ਨਾਲ ਬੰਦ ਵੀ ਨਹੀਂ ਹੋਵੇਗਾ ਜਾਂ ਫ਼ਿਰ ਉਸ ਜਗ੍ਹਾ ‘ਤੇ ਕੁਝ ਸਰਲਾਹਟ ਜਾਂ ਕੁਝ ਤੁਰਦਾ ਹੋਣ ਵਰਗਾ ਅਜੀਬ ਜਿਹਾ ਅਹਿਸਾਸ ਹੋਣਾ। ਇਹ ਸਾਰਾ ਕੁਝ ਉਦੋਂ ਵਧੇਰੇ ਮਹਿਸੂਸ ਹੁੰਦਾ ਹੈ ਜਦੋਂ ਤੁਸੀਂ ਜਾਗਦੇ ਹੋਵੋ, ਪੜ੍ਹ ਰਹੇ ਹੋਵੋ, ਆਰਾਮ ਕਰ ਰਹੇ ਹੋਵੋ ਜਾਂ ਫ਼ਿਰ ਨੀਂਦ ਆਉਣ ਦੀ ਉਡੀਕ ਕਰ ਰਹੇ ਹੋਵੋ।
ਨਾੜਾਂ ਫ਼ੁੱਲਣ ਦੇ ਕਾਰਨ: ਫ਼ੁੱਲਣ ਵਾਲੀਆਂ ਨਾੜਾਂ ਚਮੜੀ ਦੇ ਹੇਠਾਂ ਹੁੰਦੀਆਂ ਹਨ ਤੇ ਫ਼ੁੱਲਣ ਕਰਕੇ ਇਹ ਦੂਰੋਂ ਹੀ ਨਜ਼ਰ ਆਉਂਦੀਆਂ ਹਨ। ਇਸ ਦੇ ਕੁਝ ਅਹਿਮ ਕਾਰਨ ਹਨ- ਲੰਮੇ ਸਮੇਂ ਤਕ ਖੜ੍ਹੇ ਰਹਿਣ ਵਾਲੇ ਵਿਅਕਤੀ ਜਿਵੇਂ ਸੰਤਰੀ ਦੀ ਡਿਊਟੀ ਵਾਲੇ, ਸਰਜਨ ਜਿਨ੍ਹਾਂ ਨੂੰ ਲੰਮੇ ਅਪ੍ਰੇਸ਼ਨਾਂ ਵੇਲੇ ਕਈ ਕਈ ਘੰਟੇ ਲਗਾਤਾਰ ਖੜ੍ਹੇ ਰਹਿਣਾ ਪੈਂਦਾ ਹੈ; ਪਰਿਵਾਰਕ ਪਿੱਠ-ਭੂਮੀ; ਮੋਟਾਪਾ; ਵਧਦੀ ਹੋਈ ਉਮਰ; ਲੰਮਾ ਸਮਾਂ (ਚੌਂਕੜੀ ਮਾਰ ਕੇ) ਬੈਠੇ ਰਹਿਣਾ; ਗਰਭ ਅਵਸਥਾ; ਮੈਨੋਪਾਜ਼; ਲੱਤਾਂ ਦੀਆਂ ਡੂੰਘੀਆਂ ਨਾੜਾਂ ਵਿੱਚ ਖ਼ੂਨ ਦਾ ਜਮਾਓ; ਲੱਤ ਨੂੰ ਸੱਟ ਜਾਂ ਹੱਡੀ ਦਾ ਟੁੱਟ ਜਾਣਾ ਅਤੇ ਪੇਟ ਦੇ ਹੇਠਲੇ ਹਿੱਸੇ ਵਿੱਚ ਜਾਂ ਅੰਦਰ ਕਿਸੇ ਤਰ੍ਹਾਂ ਦੀ ਵੱਡੀ ਰਸੌਲੀ ਜਿਸ ਦੇ ਦਬਾਅ ਕਾਰਨ, ਖ਼ੂਨ ਦਾ ਉੱਪਰ ਵੱਲ ਨੂੰ ਵਹਾ ਘਟ ਜਾਵੇ।
ਉਂਜ, ਇਨ੍ਹਾਂ ਫ਼ੁੱਲੀਆਂ ਹੋਈਆਂ ਨਾੜਾਂ ਨਾਲ ਜ਼ਿੰਦਗ਼ੀ ਨੂੰ ਇੱਕ ਦਮ ਕੋਈ ਖ਼ਤਰਾ ਨਹੀਂ ਹੁੰਦਾ ਪਰ ਇਸ ਨਾਲ ਹੋਰ ਵੀ ਉਲਝਣਾਂ ਉਤਪੰਨ ਹੋ ਸਕਦੀਆਂ ਹਨ ਜਿਵੇਂ-
ਦ ਲੱਤਾਂ ਦਾ ਕੁਰੂਪ ਹੋ ਜਾਣਾ (ਕੌਸਮੈਟੀਕਲ)।
ਦ ਦਰਦ, ਖ਼ਾਸ ਕਰਕੇ ਕੁਝ ਦੇਰ ਖੜ੍ਹੇ ਰਹਿਣ ਕਰਕੇ।
ਦ ਲੱਤਾਂ ‘ਤੇ ਸੋਜ਼ਿਸ਼।
ਦ ਫ਼ੁੱਲੀਆਂ ਹੋਈਆਂ ਨਾੜਾਂ ਦੇ ਉਪਰਲੀ ਚਮੜੀ ‘ਤੇ ਐਕਜ਼ੀਮਾ।
ਦ ਚਮੜੀ ਦਾ ਸਖ਼ਤ ਅਤੇ ਖ਼ੁਰਦਰੀ ਹੋ ਜਾਣਾ।
ਦ ਉੱਪਰੋਂ ਛਿੱਲੇ ਜਾਣ ਕਰਕੇ ਜ਼ਖ਼ਮ ਹੋ ਜਾਣਾ।
ਇਲਾਜ: ਇਸ ਤਰ੍ਹਾਂ ਦੀ ਸਮੱਸਿਆ ਵਾਲੇ ਰੋਗੀਆਂ ਨੂੰ ਸਰਜੀਕਲ ਓ.ਪੀ.ਡੀ. ਵਿੱਚ (ਸਰਜਨ) ਕੋਲ ਜਾਣਾ ਪੈਂਦਾ ਹੈ। ਇਸ ਦੇ ਇਲਾਜ ਵਾਸਤੇ ਫ਼ੁੱਲੀਆਂ ਹੋਈਆਂ ਇਨ੍ਹਾਂ ਨਾੜੀਆਂ ਨਸ਼ਟ ਕੀਤਾ ਜਾਂਦਾ ਹੈ ਜਿਸ ਵਾਸਤੇ ਸਕਲੀਰੋ-ਥੈਰੇਪੀ ਜਾਂ ਲੇਜ਼ਰ ਜਾਂ ਰੇਡੀਓ ਫ਼੍ਰੀਕੈਂਸੀ ਜਾਂ ਸਰਜਰੀ ਵਾਲੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਧਿਆਨ ਰੱਖਣ ਯੋਗ:
ਦ ਬੈਠਣ ਜਾਂ ਲੇਟਣ ਵੇਲੇ ਲੱਤਾਂ ਨੂੰ ਉੱਚਾ ਕਰਕੇ ਰੱਖੋ। ਕੁਰਸੀ ‘ਤੇ ਬੈਠਣ ਵੇਲੇ ਲੱਤਾਂ ਨੂੰ ਸਟੂਲ ‘ਤੇ ਰੱਖ ਲੈਣਾ ਅਤੇ ਲੰਮੇ ਪੈਣ ਵੇਲੇ ਪੈਰਾਂ ਹੇਠਾਂ ਸਿਰਹਾਣਾ ਰੱਖ ਲੈਣਾ ਚਾਹੀਦਾ ਹੈ।
ਦ ਜ਼ਿਆਦਾ ਚਿਰ ਬੈਠਣ ਜਾਂ ਖੜ੍ਹੇ ਰਹਿਣ ਤੋਂ ਪਰਹੇਜ਼ ਕਰੋ।
ਦ ਖ਼ੂਬ ਵਰਜ਼ਿਸ਼ ਕਰੋ।
ਦ ਕੰਮ ਕਾਰ ‘ਤੇ ਜਾਣ ਵੇਲੇ ਲੱਤਾਂ ‘ਤੇ ਭੀੜੀਆਂ (ਟਾਇਟ) ਸਟੌਕਿੰਗਜ਼ ਪਹਿਨਣ ਨਾਲ ਫ਼ਾਇਦਾ ਰਹਿੰਦਾ ਹੈ।
ਡਾ. ਮਨਜੀਤ ਸਿੰਘ ਬੱਲ
9872843491










