ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਸਮੁੰਦਰ ‘ਚ ਜਾ ਡਿੱਗਾ ਜਹਾਜ਼, 2 ਲੋਕਾਂ ਦੀ ਮੌਤ

ਹਾਂਗਕਾਂਗ – ਹਾਂਗਕਾਂਗ ਵਿੱਚ ਸੋਮਵਾਰ ਤੜਕੇ ਲੈਂਡਿੰਗ ਦੌਰਾਨ ਇੱਕ ਕਾਰਗੋ ਜਹਾਜ਼ ਰਨਵੇਅ ਤੋਂ ਫਿਸਲ ਕੇ ਸਮੁੰਦਰ ਵਿੱਚ ਜਾ ਡਿੱਗਾ। ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਪੁਲਸ ਰਿਪੋਰਟਾਂ ਦੇ ਅਨੁਸਾਰ, ਜਹਾਜ਼ ਹਵਾਈ ਅੱਡੇ ‘ਤੇ ਤਾਇਨਾਤ ਇੱਕ ਵਾਹਨ ਨਾਲ ਟਕਰਾਉਣ ਮਗਰੋਂ ਸਮੁੰਦਰ ਵਿਚ ਡਿੱਗ ਪਿਆ, ਜਿਸ ਨਾਲ ਵਾਹਨ ਵਿੱਚ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਚਾਲਕ ਦਲ ਦੇ 4 ਮੈਂਬਰਾਂ ਨੂੰ ਬਚਾਅ ਲਿਆ ਗਿਆ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਂਗਕਾਂਗ ਹਵਾਈ ਅੱਡਾ ਅਥਾਰਟੀ ਦੇ ਅਨੁਸਾਰ, ਉਡਾਣ ਦੁਬਈ ਤੋਂ ਆ ਰਹੀ ਸੀ ਅਤੇ ਸਵੇਰੇ 3:50 ਵਜੇ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨ ਵਾਲੀ ਸੀ।
ਹਾਂਗਕਾਂਗ ਹਵਾਈ ਅੱਡਾ ਏਸ਼ੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਹੈ, ਅਤੇ ਜਿਸ ਰਨਵੇਅ ‘ਤੇ ਜਹਾਜ਼ ਫਿਸਲਿਆ ਉਸਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ, ਹਵਾਈ ਅੱਡੇ ਦੇ ਹੋਰ 2 ਰਨਵੇਅ ਚਾਲੂ ਹਨ। ਬੋਇੰਗ 747 ਕਾਰਗੋ ਜਹਾਜ਼ ਤੁਰਕੀ ਕੈਰੀਅਰ ਏਅਰਏਸੀਟੀ ਦਾ ਸੀ। ਹਾਂਗਕਾਂਗ ਦੇ ਸਿਵਲ ਏਵੀਏਸ਼ਨ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਏਅਰਲਾਈਨ ਅਤੇ ਹੋਰ ਸਬੰਧਤ ਧਿਰਾਂ ਨਾਲ ਤਾਲਮੇਲ ਕਰਕੇ ਘਟਨਾ ਦੀ ਜਾਂਚ ਕਰ ਰਿਹਾ ਹੈ।