ਲੁਧਿਆਣਾ ‘ਚ ਡੇਂਗੂ ਦਾ ਡੰਗ: ਬਾਰਿਸ਼ ਤੋਂ ਬਾਅਦ ਵਧਿਆ ਖ਼ਤਰਾ, ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ

ਲੁਧਿਆਣਾ : ਮਹਾਨਗਰ ਵਿੱਚ ਸਮੇਂ ਤੋਂ ਪਹਿਲਾਂ ਡੇਂਗੂ ਦਾ ਖ਼ਤਰਾ ਬਣਿਆ ਹੋਇਆ ਹੈ, ਜੋ ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਹੋਰ ਵੀ ਵਧ ਗਿਆ ਹੈ। ਮੈਡੀਕਲ ਮਾਹਿਰਾਂ ਅਨੁਸਾਰ ਮੌਸਮ ਵਿੱਚ ਬਦਲਾਅ ਦੇ ਨਾਲ-ਨਾਲ ਮੱਛਰਾਂ ਦਾ ਪ੍ਰਕੋਪ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਹਰ ਹਿੱਸੇ ਵਿੱਚ ਮੱਛਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ ਤੇ ਹੁਣ ਬਾਰਿਸ਼ ਤੋਂ ਬਾਅਦ ਇਸ ਵਿੱਚ ਹੋਰ ਵਾਧਾ ਹੋ ਸਕਦਾ ਹੈ। ਹਸਪਤਾਲਾਂ ਦੀਆਂ ਰਿਪੋਰਟਾਂ ਅਨੁਸਾਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ ਹੋ ਚੁੱਕੀ ਹੈ, ਜਦੋਂ ਕਿ ਸਿਹਤ ਵਿਭਾਗ ਨੇ ਕਰਾਸ-ਚੈਕਿੰਗ ਦੇ ਨਾਂ ’ਤੇ 83 ਮਰੀਜ਼ਾਂ ਨੂੰ ਨੈਗੇਟਿਵ ਕਰਾਰ ਦਿੱਤਾ ਹੈ ਤੇ ਹੁਣ ਤੱਕ ਸਿਰਫ਼ ਇੱਕ ਮਰੀਜ਼ ਨੂੰ ਪਾਜ਼ੇਟਿਵ ਦੱਸਿਆ ਗਿਆ ਹੈ।
ਮਾਹਿਰਾਂ ਅਨੁਸਾਰ ਹਰ ਹਸਪਤਾਲ ਆਪਣੇ ਮਾਪਦੰਡਾਂ ਅਨੁਸਾਰ ਡੇਂਗੂ ਦਾ ਟੈਸਟ ਤੇ ਇਲਾਜ ਕਰਦਾ ਹੈ, ਜਿਸ ਨਾਲ ਮਰੀਜ਼ ਠੀਕ ਹੋ ਕੇ ਘਰ ਚਲਾ ਜਾਂਦਾ ਹੈ ਪਰ ਸਿਹਤ ਵਿਭਾਗ ਨੂੰ ਕਰਾਸ-ਚੈਕਿੰਗ ਲਈ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਦੇਰੀ ਨਾਲ ਭੇਜਣ ਜਾਂ ਸੈਂਪਲ ਦੇ ਸਹੀ ਰੱਖ-ਰਖਾਅ (ਤਾਪਮਾਨ) ਨਾ ਹੋਣ ਕਾਰਨ ਅਕਸਰ ”ਫਾਲਸ ਨੈਗੇਟਿਵ” ਆ ਜਾਂਦੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਸਿਹਤ ਵਿਭਾਗ ਸੈਂਪਲਾਂ ਦੇ ਰੱਖ-ਰਖਾਅ ਵਿੱਚ ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕਰ ਰਿਹਾ ਹੈ ਜਾਂ ਨਹੀਂ। ਸਿਹਤ ਵਿਭਾਗ ਨੇ ਹੁਣ ਤੱਕ 83 ਮਰੀਜ਼ਾਂ ਦੀ ਕਰਾਸ-ਚੈਕਿੰਗ ਰਿਪੋਰਟ ਤਿਆਰ ਕੀਤੀ ਹੈ ਪਰ ਹਰ ਹਸਪਤਾਲ ਵੱਲੋਂ ਵਿਭਾਗ ਨੂੰ ਰਿਪੋਰਟਾਂ ਨਹੀਂ ਭੇਜੀਆਂ ਜਾ ਰਹੀਆਂ। ਵਿਭਾਗ ਵੱਲੋਂ ਹਸਪਤਾਲਾਂ ਨੂੰ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਮੀਟਿੰਗ ਕੀਤੀ ਗਈ ਹੈ ਕਿ ਉਹ ਸ਼ੱਕੀ ਮਰੀਜ਼ਾਂ ਦੀ ਜਾਣਕਾਰੀ ਉਸੇ ਦਿਨ ਸਾਂਝੀ ਕਰਨ।
ਮੱਛਰਾਂ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਇਸ ਸਾਲ ਨਗਰ ਨਿਗਮ ਨਾਲ ਕੋਈ ਤਾਲਮੇਲ ਨਹੀਂ ਕੀਤਾ ਹੈ ਤਾਂ ਜੋ ਫੋਗਿੰਗ ਦਾ ਸ਼ਡਿਊਲ ਬਣਾਉਣ ਲਈ ਆਪਸੀ ਸਹਿਮਤੀ ਬਣ ਸਕੇ। ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਸਮੇਂ ਮਰੀਜ਼ਾਂ ਦੀ ਗਿਣਤੀ ਬਹੁਤੀ ਜ਼ਿਆਦਾ ਨਹੀਂ ਹੈ ਪਰ ਲਾਪਰਵਾਹੀ ਕਾਰਨ ਇਹ ਅਚਾਨਕ ਵਧ ਸਕਦੀ ਹੈ।