ਹਰਿਦੁਆਰ – ਰੱਖੜੀ ਦੇ ਤਿਉਹਾਰ ’ਤੇ ਯੋਗ ਗੁਰੂ ਬਾਬਾ ਰਾਮਦੇਵ ਨੇ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਲਈ ਮਠਿਆਈ ਅਤੇ ਤੋਹਫ਼ਾ ਭੇਜਿਆ। ਉਨ੍ਹਾਂ ਨੇ ਇਕ ਲਿਫ਼ਾਫ਼ੇ ’ਚ 500 ਰੁਪਏ ਦੇ ਨੋਟਾਂ ਦੀ ਥੱਦੀ ਵੀ ਭੇਜੀ। ਇਸ ਦੌਰਾਨ ਰਾਮਦੇਵ ਨੇ ਕਿਹਾ ਕਿ ਰਿਸ਼ਤਿਆਂ ’ਚ ਮਿਠਾਸ ਬਣੀ ਰਹਿਣੀ ਚਾਹੀਦੀ ਹੈ ਅਤੇ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ ਪ੍ਰੇਮ ਨਾਲ ਅੱਗੇ ਵਧਣਾ ਚਾਹੀਦਾ ਹੈ। ਰਾਮਦੇਵ ਨੇ ਕਿਹਾ ਕਿ ਦੇਸ਼ ’ਚ ਕਿਸੇ ਵੀ ਕਾਰਨ ਨਫ਼ਰਤ ਅਤੇ ਇਕ-ਦੂਜੇ ਪ੍ਰਤੀ ਵੈਰ ਭਾਵ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਅਤੇ ਕੰਗਨਾ ਰਣੌਤ ਵਿਚਾਲੇ ਵਿਵਾਦ ਦੀ ਚਰਚਾ ਹੋਈ ਸੀ, ਜਿਸ ਨੂੰ ਸੰਵਾਦ ਰਾਹੀਂ ਖਤਮ ਕੀਤਾ ਜਾਣਾ ਚਾਹੀਦਾ ਹੈ। ਮੈਂ ਕੰਗਨਾ ਨੂੰ ਫੋਨ ਕਰ ਕੇ ਰੱਖੜੀ ਦੀਆਂ ਸ਼ੁੱਭਕਾਮਨਾਵਾਂ ਦਿਆਂਗਾ।
ਇਸ ਤੋਂ ਬਾਅਦ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਰਾਮਦੇਵ ਦੀ ਵੀਡੀਓ ਸ਼ੇਅਰ ਕੀਤੀ। ਉਸ ਨੇ ਲਿਖਿਆ-ਤਿਉਹਾਰ ਦਾ ਦਿਨ ਹੁੰਦਾ ਹੈ ਸਭ ਗਿਲੇ-ਸ਼ਿਕਵੇ ਭੁਲਾ ਕੇ ਮੁਆਫ਼ ਕਰਨ ਲਈ। ਮੇਰੇ ਭਰਾ ਬਾਬਾ ਰਾਮਦੇਵ ਜੀ ਨੇ ਬਹੁਤ ਚੰਗੀ ਗੱਲ ਕਹੀ ਕਿ ਵਿਵਾਦ ਨਹੀਂ, ਸੰਵਾਦ ਹੋਣਾ ਚਾਹੀਦਾ ਹੈ। ਅੱਜ ਰੱਖੜੀ ਦੇ ਦਿਨ ਮੈਂ ਉਨ੍ਹਾਂ ਦੀ ਮਠਿਆਈ ਅਤੇ ਵੱਡੇ ਭਰਾ ਦਾ ਪ੍ਰੇਮ, ਦੋਵੇਂ ਸਵੀਕਾਰ ਕਰਦੀ ਹਾਂ। ਬਹੁਤ ਧੰਨਵਾਦ। ਰੱਬ ਤੁਹਾਨੂੰ ਲੰਮੀ ਉਮਰ ਦੇਵੇ।















