ਰੋਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਯੂਰਪੀ ਦੌਰੇ ਦੇ ਆਖਰੀ ਅਤੇ ਸਭ ਤੋਂ ਮਹੱਤਵਪੂਰਨ ਪੜਾਅ ‘ਤੇ ਇਟਲੀ ਪਹੁੰਚ ਗਏ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੇ ਵਿਸ਼ੇਸ਼ ਸੱਦੇ ‘ਤੇ ਹੋ ਰਿਹਾ ਇਹ ਦੌਰਾ ਪੀਐੱਮ ਮੋਦੀ ਦਾ ਇਟਲੀ ਦਾ ਪਹਿਲਾ ਅਧਿਕਾਰਤ ਦੁਵੱਲਾ ਦੌਰਾ ਹੈ। ਇਟਲੀ ਪਹੁੰਚਦੇ ਹੀ ਪੀਐੱਮ ਮੋਦੀ ਅਤੇ ਜੌਰਜੀਆ ਮੇਲੋਨੀ ਦੀ ਇਕ ਨਵੀਂ ਸੈਲਫੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮੇਲੋਨੀ ਨੇ ਕੈਪਸ਼ਨ ਦਿੱਤਾ ਹੈ, “ਰੋਮ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਦੋਸਤ!”।
ਰਣਨੀਤਕ ਸਬੰਧਾਂ ਨੂੰ ਮਿਲੇਗੀ ਨਵੀਂ ਮਜ਼ਬੂਤੀ
ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇਣ ਵਾਲਾ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਵਪਾਰ, ਰੱਖਿਆ, ਤਕਨੀਕ ਅਤੇ ਗਲੋਬਲ ਸਹਿਯੋਗ ਵਰਗੇ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਸਾਲ 2023 ਤੋਂ ਬਾਅਦ ਦੋਵਾਂ ਪ੍ਰਧਾਨ ਮੰਤਰੀਆਂ ਵਿਚਾਲੇ ਇਹ 8ਵੀਂ ਮੁਲਾਕਾਤ ਹੈ, ਜੋ ਭਾਰਤ ਅਤੇ ਇਟਲੀ ਦੇ ਮਜ਼ਬੂਤ ਹੁੰਦੇ ਸਬੰਧਾਂ ਦੀ ਗਵਾਹੀ ਭਰਦੀ ਹੈ। ਇਸ ਦੌਰੇ ਦੌਰਾਨ ਦੋਵੇਂ ਆਗੂ ‘ਸਾਂਝੀ ਰਣਨੀਤਕ ਕਾਰਜ ਯੋਜਨਾ 2025-29’ ਦੇ ਤਹਿਤ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ।
ਵਪਾਰ ਅਤੇ ਰੱਖਿਆ ਖੇਤਰ ‘ਚ ਵੱਡੇ ਟੀਚੇ
ਯੂਰਪੀ ਸੰਘ ਵਿੱਚ ਇਟਲੀ ਇਸ ਸਮੇਂ ਭਾਰਤ ਦਾ ਚੌਥਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਸਾਲ 2025 ਵਿੱਚ ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਲਗਭਗ 1.3 ਲੱਖ ਕਰੋੜ ਰੁਪਏ (14.25 ਬਿਲੀਅਨ ਯੂਰੋ) ਤੱਕ ਪਹੁੰਚ ਗਿਆ ਹੈ ਅਤੇ ਹੁਣ ਸਾਲ 2029 ਤੱਕ ਇਸ ਨੂੰ ਵਧਾ ਕੇ 20 ਬਿਲੀਅਨ ਯੂਰੋ ਕਰਨ ਦਾ ਅਭਿਲਾਸ਼ੀ ਟੀਚਾ ਰੱਖਿਆ ਗਿਆ ਹੈ। ਰੱਖਿਆ ਖੇਤਰ ਵਿੱਚ ਵੀ ਦੋਵੇਂ ਦੇਸ਼ ਫੌਜੀ ਸਾਜ਼ੋ-ਸਾਮਾਨ ਦੇ ਸਾਂਝੇ ਵਿਕਾਸ (Co-development) ਅਤੇ ਸਾਂਝੇ ਉਤਪਾਦਨ (Co-production) ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ।
ਜੌਰਜੀਆ ਮੇਲੋਨੀ ਨੇ ਇੱਕ ਸੈਲਫੀ ਕੀਤੀ ਸਾਂਝੀ
ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੇ ਵਿਸ਼ੇਸ਼ ਸੱਦੇ ‘ਤੇ ਕੀਤੀ ਗਈ ਇਹ ਫੇਰੀ ਪ੍ਰਧਾਨ ਮੰਤਰੀ ਮੋਦੀ ਦੀ ਇਟਲੀ ਦੀ ਪਹਿਲੀ ਅਧਿਕਾਰਤ ਦੁਵੱਲੀ ਫੇਰੀ ਹੈ। ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਦੇ ਹੋਏ ਮੇਲੋਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਉਨ੍ਹਾਂ ਨਾਲ ਇੱਕ ਫੋਟੋ ਸਾਂਝੀ ਮੇਲੋਨੀ ਨੇ ਕੈਪਸ਼ਨ ਲਿਖਿਆ, “ਰੋਮ ਵਿੱਚ ਤੁਹਾਡਾ ਸਵਾਗਤ ਹੈ, ਮੇਰੇ ਦੋਸਤ!”।
ਤਕਨੀਕ ਅਤੇ ਭਾਰਤੀ ਭਾਈਚਾਰੇ ‘ਤੇ ਜ਼ੋਰ
ਇਸ ਯਾਤਰਾ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਕੁਆਂਟਮ ਟੈਕਨਾਲੋਜੀ, ਗ੍ਰੀਨ ਹਾਈਡ੍ਰੋਜਨ ਅਤੇ ਕਲੀਨ ਐਨਰਜੀ ਦੇ ਖੇਤਰ ਵਿੱਚ ‘ਸਹਿਯੋਗ ਪ੍ਰੋਗਰਾਮ 2025-27’ ਤਹਿਤ ਕਈ ਸਾਂਝੇ ਪ੍ਰੋਜੈਕਟਾਂ ‘ਤੇ ਮੋਹਰ ਲੱਗਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਲਗਭਗ 1.87 ਲੱਖ ਤੋਂ 2.5 ਲੱਖ ਭਾਰਤੀ ਰਹਿੰਦੇ ਹਨ, ਜੋ ਯੂਰਪੀ ਸੰਘ ਵਿੱਚ ਭਾਰਤੀ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਹੈ। ਪੀਐੱਮ ਮੋਦੀ ਆਪਣੇ ਇਸ ਦੌਰੇ ਦੌਰਾਨ ਇਟਲੀ ਦੇ ਰਾਸ਼ਟਰਪਤੀ ਸਰਜੀਓ ਮਟਾਰੇਲਾ ਨਾਲ ਵੀ ਮੁਲਾਕਾਤ ਕਰਨਗੇ ਅਤੇ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (FAO) ਦੇ ਹੈੱਡਕੁਆਰਟਰ ਦਾ ਵੀ ਦੌਰਾ ਕਰਨਗੇ।















