ਰੀਓ ਡੀ ਜੇਨੇਰੋਂ ਭਾਰਤ ਓਲੰਪਿਕ ਇਤਿਹਾਸ ਦਾ ਆਪਣਾ ਸਭ ਤੋਂ ਵੱਡਾ ਦਲ ਰੀਓ ‘ਚ ਉਤਾਰਨ ਜਾ ਰਿਹਾ ਹੈ ਅਤੇ ਦਲ ‘ਚ ਸ਼ਾਮਲ ਕਈ ਸਿਤਾਰੇ ਖੇਡਾਂ ਦੇ ਮਹਾਕੁੰਭ ਦੇ ਅਸਮਾਨ ‘ਚ ਚਮਕਣ ਲਈ ਤਿਆਰ ਹਨ। ਪੰਜ ਅਗਸਤ ਤੋਂ ਸ਼ੁਰੂ ਹੋਣ ਵਾਲੇ ਰੀਓ ਓਲੰਪਿਕ ‘ਚ ਹੁਣ ਚਾਰ ਦਿਨ ਬਾਕੀ ਰਹਿ ਗਏ ਹਨ ਅਤੇ ਦੇਸ਼ਵਾਸੀਆਂ ਦੀਆਂ ਧੜਕਣਾਂ ਹੁਣ ਲਗਾਤਾਰ ਤੇਜ਼ ਹੁੰਦੀਆਂ ਰਹੀਆਂ ਹਨ ਕਿ ਕੀ ਇਸ ਵਾਰ ਲੰਡਨ ਓਲੰਪਿਕ ਦੇ ਛੇ ਤਮਗਿਆਂ ਦੀ ਗਿਣਤੀ ਪਿੱਛੇ ਰਹੇਗੀ ਜਾਂ ਨਹੀਂ।
ਭਾਰਤ 16 ਦਿਨਾਂ ਤੱਕ ਚੱਲਣ ਵਾਲੇ ਖੇਡਾਂ ਦੇ ਇਸ ਮਹਾਕੁੰਭ ‘ਚ 120 ਖਿਡਾਰੀ ਉਤਾਰੇਗਾ। ਰੀਓ ਓਲੰਪਿਕ ‘ਚ ਭਾਰਤ 15 ਖੇਡਾਂ ਦੇ 66 ਮੁਕਾਬਲਿਆਂ ‘ਚ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ‘ਚ ਭਾਰਤ ਨੂੰ ਤਮਗਿਆਂ ਦੀਆਂ ਉਮੀਦਾਂ ਹਨ :
ਨਿਸ਼ਾਨੇਬਾਜ਼ੀ
ਵਿਸ਼ਵ ਕੱਪ ਦੇ ਚਾਂਦੀ ਤਮਗਾ ਜੇਤੂ ਅਤੇ ਸਭ ਤੋਂ ਪਹਿਲਾਂ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਪਿਸਟਲ ਕਿੰਗ ਜੀਤੂ ਰਾਏ 10 ਮੀਟਰ ਏਅਰ ਪਿਸਟਲ ਅਤੇ 50 ਮੀਟਰ ਪਿਸਟਲ ‘ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਵਿਸ਼ਵ ਕੱਪ ‘ਚ ਚਾਂਦੀ ਤਮਗਾ ਜਿੱਤ ਚੁੱਕੇ ਜੀਤੂ ਤੋਂ ਕਾਫੀ ਉਮੀਦਾਂ ਹਨ। ਗਗਨ ਨਾਰੰਗ 2012 ਦੇ ਲੰਡਨ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤਣ ‘ਚ ਸਫਲ ਰਹੇ ਸਨ। ਇਸ ਵਾਰ ਦੇਸ਼ ਦੀਆਂ ਉਮੀਦਾਂ ਹਨ ਕਿ ਗਗਨ ਇਸ ਨੂੰ ਸੋਨੇ ‘ਚ ਬਦਲਣ ‘ਚ ਸਫਲ ਰਹਿਣਗੇ। ਨਾਰੰਗ ਤਿੰਨ ਮੁਕਾਬਲਿਆਂ 50 ਮੀਟਰ ਏਅਰ ਰਾਈਫਲ, 50 ਮੀਟਰ ਰਾਈਫਲ ਪ੍ਰੋਨ ਅਤੇ 50 ਮੀਟਰ ਰਾਈਫਲ ਥਰੀ ਪੁਜ਼ੀਸ਼ਨ ‘ਚ ਉਤਰਨਗੇ। ਅਭਿਨਵ ਬਿੰਦਰਾ 2008 ਓਲੰਪਿਕ ‘ਚ ਸੋਨ ਤਮਗਾ ਜਿੱਤਣ ‘ਚ ਸਫਲ ਰਹੇ ਸਨ ਪਰ 2012 ਲੰਡਨ ‘ਚ ਆਪਣੀ ਇਸ ਸਫਲਤਾ ਨੂੰ ਦੋਹਰਾ ਨਹੀਂ ਸਕੇ। ਰੀਓ ਓਲੰਪਿਕ ਬਿੰਦਰਾ ਦਾ ਆਖਰੀ ਓਲੰਪਿਕ ਹੈ ਅਤੇ ਉਨ੍ਹਾਂ ਤੋਂ ਅੱਠ ਸਾਲ ਪੁਰਾਣਾ ਇਤਿਹਾਸ ਦੋਹਰਾਉਣ ਦੀਆਂ ਉਮੀਦਾਂ ਹਨ। ਰਾਸ਼ਟਰਮੰਡਲ ਖੇਡਾਂ ‘ਚ ਤਮਗਾ ਜਿੱਤ ਚੁੱਕੇ ਮਾਨਵਜੀਤ ਸਿੰਘ ਸੰਧੂ ‘ਤੇ ਵੀ ਇਸ ਵਾਰ ਨਜ਼ਰਾਂ ਰਹਿਣਗੀਆਂ। ਸੰਧੂ ਨੂੰ ਸੰਜੀਵ ਰਾਜਪੂਤ ਦਾ ਕੋਟਾ ਬਦਲੇ ਜਾਣ ਕਾਰਨ ਟ੍ਰੈਪ ਮੁਕਾਬਲੇ ‘ਚ ਜਗ੍ਹਾ ਮਿਲੀ ਹੈ। ਨਿਸ਼ਾਨੇਬਾਜ਼ੀ ਮੁਕਾਬਲੇ ਛੇ ਅਗਸਤ ਤੋਂ ਸ਼ੁਰੂ ਹੋਣਗੇ। ਮਹਿਲਾ ਨਿਸ਼ਾਨੇਬਾਜ਼ਾਂ ‘ਚ ਹੀਨਾ ਸਿੱਧੂ ਤੋਂ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਅਤੇ 25 ਮੀਟਰ ਪਿਸਟਲ ਮੁਕਾਬਲੇ ‘ਚ ਉਮੀਦਾਂ ਹਨ।
ਰੈਸਲਿੰਗ
ਨਰਸਿੰਘ ਯਾਦਵ ਦੇ ਡੋਪਿੰਗ ਵਿਵਾਦਾਂ ਤੋਂ ਮੁੱਕਤ ਹੋਣ ਬਾਅਦ ਭਾਰਤ ਦੀਆਂ ਰੈਸਲਿੰਗ ‘ਚ ਉਮੀਦਾਂ ਕਾਫੀ ਵੱਧ ਗਈਆਂ ਹਨ। ਕਾਂਸੀ ਤਮਗਾ ਜੇਤੂ ਯੋਗੇਸ਼ਵਰ ਦੱਤ (65 ਕਿ. ਗ੍ਰਾ.), ਨਰਸਿੰਘ (74 ਕਿ. ਗ੍ਰਾ.) ਅਤੇ ਮਹਿਲਾ ਪਹਿਲਵਾਨਾਂ ‘ਚ ਬਬੀਤਾ ਕੁਮਾਰੀ (53 ਕਿ. ਗ੍ਰਾ.) ਅਤੇ ਵਿਨੇਸ਼ ਫੋਗਾਟ (48 ਕਿ. ਗ੍ਰਾ.) ਤੋਂ ਭਾਰਤ ਨੂੰ ਪੂਰੀਆਂ ਉਮੀਦਾਂ ਹਨ। ਭਾਰਤ ਨੇ ਪਿਛਲੀ ਵਾਰ ਰੈਸਲਿੰਗ ‘ਚ ਦੋ ਤਮਗੇ ਜਿੱਤੇ ਸਨ। ਰੈਸਲਿੰਗ ਮੁਕਾਬਲੇ 15 ਅਗਸਤ ਤੋਂ ਸ਼ੁਰੂ ਹੋਣਗੇ।
ਤੀਰਅੰਦਾਜ਼ੀ
ਤੀਰਅੰਦਾਜ਼ੀ ‘ਚ ਭਾਰਤ ਤਿੰਨ ਮੁਕਾਬਲਿਆਂ ‘ਚ ਹਿੱਸਾ ਲਵੇਗਾ। 2012 ਦੇ ਓਲੰਪਿਕ ‘ਚ ਤਮਗਾ ਜਿੱਤਣ ਤੋਂ ਖੁੰਝਣ ਵਾਲੀ ਦੀਪਿਕਾ ਕੁਮਾਰੀ ਤੋਂ ਇਸ ਵਾਰ ਮਹਿਲਾ ਵਿਅਕਤੀਗਤ ਤੀਰਅੰਦਾਜ਼ੀ ਪ੍ਰਤੀਯੋਗਤਾ ‘ਚ ਤਮਗਾ ਜਿੱਤਣ ਦੀ ਪੂਰੀ ਉਮੀਦ ਹੈ। ਇਸ ਦੇ ਨਾਲ ਮਹਿਲਾ ਤੀਰਅੰਦਾਜ਼ੀ ਟੀਮ (ਦੀਪਿਕਾ ਕੁਮਾਰੀ, ਬੋਮਬੀਆ ਦੇਵੀ ਅਤੇ ਲਕਸ਼ਮੀਰਾਣੀ ਮਾਝੀ) ਤੋਂ ਵੀ ਪੂਰੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ। ਤੀਰਅੰਦਾਜ਼ੀ ਮੁਕਾਬਲੇ ਪੰਜ ਅਗਸਤ ਤੋਂ ਸ਼ੁਰੂ ਹੋਣਗੇ।
ਟੈਨਿਸ
ਰਿਕਾਰਡ ਸੱਤਵੀਂ ਵਾਰ ਓਲੰਪਿਕ ਖੇਡਣ ਜਾ ਰਹੇ ਲੀਏਂਡਰ ਪੇਸ ਪੁਰਸ਼ ਡਬਲਜ਼ ‘ਚ ਰੋਹਨ ਬੋਪੰਨਾ ਦੇ ਨਾਲ ਉਤਰਨਗੇ, ਜਦਕਿ ਬੋਪੰਨਾ ਮਿਕਸਡ ਡਬਲਜ਼ ‘ਚ ਵਿਸ਼ਵ ਦੀ ਨੰਬਰ ਇੱਕ ਡਬਲਜ਼ ਖਿਡਾਰਨ ਸਾਨੀਆ ਮਿਰਜ਼ਾ ਨਾਲ ਉਤਰਨਗੇ। ਸਾਨੀਆ ਲਈ ਇਸ ਵਾਰ ਓਲੰਪਿਕ ‘ਚ ਤਮਗਾ ਜਿੱਤਣ ਦਾ ਇਹ ਸਭ ਤੋਂ ਵਧੀਆ ਮੌਕਾ ਹੈ। ਟੈਨਿਸ ਮੁਕਾਬਲੇ ਛੇ ਅਗਸਤ ਤੋਂ ਸ਼ੁਰੂ ਹੋਣਗੇ।
ਬੈਡਮਿੰਟਨ
ਸੁਪਰ ਸਟਾਰ ਸਾਇਨਾ ਨੇਹਵਾਲ ਤੋਂ ਇੱਕ ਵਾਰ ਫਿਰ ਓਲੰਪਿਕ ‘ਚ ਤਮਗਾ ਜਿੱਤਣ ਦੀ ਉਮੀਦ ਲਗਾਈ ਜਾ ਰਹੀ ਹੈ। ਲੰਡਨ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤ ਚੁੱਕੀ ਸਾਇਨਾ ਤੋਂ ਸੋਨ ਤਮਗੇ ਦੀ ਉਮੀਦ ਹੈ। ਸਾਇਨਾ ਦੇ ਨਾਲ ਪੀ. ਵੀ. ਸਿੰਧੂ ਵੀ ਦਾਅਵੇਦਾਰ ਹੈ ਪਰ ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ ‘ਚ ਲਗਾਤਾਰ ਧਿਆਨ ਦੇਣ ਦੀ ਜ਼ਰੂਰਤ ਹੈ। ਮਹਿਲਾ ਡਬਲਜ਼ ‘ਚ ਜਵਾਲਾ ਗੁਟਾ ਅਤੇ ਅਸ਼ਿਵਨੀ ਪੋਨੱਪਾ ‘ਤੇ ਵੀ ਨਜ਼ਰਾਂ ਰਹਿਣਗੀਆਂ। ਬੈਡਮਿੰਟਨ ਮੁਕਾਬਲੇ 11 ਅਗਸਤ ਤੋਂ ਸ਼ੁਰੂ ਹੋਣਗੇ।
ਮੁੱਕੇਬਾਜ਼ੀ
ਵਿਕਾਸ ਕ੍ਰਿਸ਼ਣਨ 75 ਕਿ. ਗ੍ਰਾ. ਮਿਡਲਵੇਟ ਵਰਗ ‘ਚ, ਸ਼ਿਵਾ ਥਾਪਾ ਬੇਂਟਮਵੇਟ ਵਰਗ ‘ਚ ਅਤੇ ਮਨੋਜ ਕੁਮਾਰ ਲਾਈਟ ਵੇਲਟਰਵੇਟ ਵਰਗ ‘ਚ ਰਿੰਗ ‘ਚ ਉਤਰਨਗੇ। 2014 ‘ਚ ਵਿਕਾਸ ਇੰਚਓਨ ਏਸ਼ੀਆਈ ਖੇਡਾਂ ‘ਚ ਕਾਂਸੀ ਤਮਗਾ ਜਿੱਤ ਚੁੱਕੇ ਹੈ। ਇਸ ਵਾਰ ਵੀ ਉਨਾਂ ਤੋਂ ਤਮਗੇ ਦੀ ਉਮੀਦ ਹੈ। ਸ਼ਿਵਾ ਥਾਪਾ ਲੰਡਨ ਓਲੰਪਿਕ ਦੇ ਬਾਅਦ ਇਸ ਵਾਰ ਵੀ ਓਲੰਪਿਕ ‘ਚ ਭਾਰਤ ਵਲੋਂ ਰਿੰਗ ‘ਚ ਉਤਰਨਗੇ। 22 ਸਾਲ ਦੇ ਸ਼ਿਵਾ ਦੇ ਇਸ ਵਾਰ ਤਮਗੇ ਦੀ ਪੂਰੀ ਉਮੀਦ ਹੈ। ਮੁੱਕੇਬਾਜ਼ੀ ਮੁਕਾਬਲੇ ਛੇ ਅਗਸਤ ਤੋਂ ਸ਼ੁਰੂ ਹੋਣਗੇ।
ਜਿਮਨਾਸਟਿਕਸ
ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਨੂੰ ਓਲੰਪਿਕ ‘ਚ ਕਾਰਨਾਮਾ ਕਰਨ ਲਈ ਚਮਤਕਾਰੀ ਪ੍ਰਦਰਸ਼ਨ ਕਰਨਾ ਹੋਵੇਗਾ। 52 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਦਾ ਕੋਈ ਐਥਲੀਟ ਓਲੰਪਿਕ ‘ਚ ਜਿਮਨਾਸਿਟਕ ‘ਚ ਹਿੱਸਾ ਲਵੇਗਾ। 22 ਸਾਲ ਦੀ ਦੀਪਾ ਦੇ ਕੁਆਲੀਫਾਇੰਗ ਦੇ ਬਿਹਤਰੀਨ ਪ੍ਰਦਰਸ਼ਨ ਨੂੰ ਦੇਖਦੇ ਹੋਏ ਹੀ ਉਨ੍ਹਾਂ ਤੋਂ ਤਮਗੇ ਦੀ ਉਮੀਦ ਲਗਾਈ ਜਾ ਰਹੀ ਹੈ। ਜਿਮਨਾਸਟਿਕਸ ਦੇ ਮੁਕਾਬਲੇ ਛੇ ਅਗਸਤ ਤੋਂ ਸ਼ੁਰੂ ਹੋਣਗੇ।
ਹਾਕੀ
ਚੈਂਪੀਅਨਜ਼ ਟਰਾਫੀ ‘ਚ ਚਾਂਦੀ ਤਮਗਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਦੇ ਹਾਲ ਹੀ ਪ੍ਰਦਰਸ਼ਨ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਇਸ ਵਾਰ ਹਾਕੀ ਟੀਮ ਓਲੰਪਿਕ ‘ਚ 36 ਸਾਲ ਦੇ ਸੋਕੇ ਨੂੰ ਖਤਮ ਕਰ ਦੇਵੇਗੀ। ਭਾਰਤ ਨੇ ਆਖਰੀ ਵਾਰ 1980 ਦੇ ਮਾਸਕੋ ਓਲੰਪਿਕ ‘ਚ ਸੋਨ ਤਮਗਾ ਜਿੱਤਿਆ ਸੀ। ਭਾਰਤੀ ਹਾਕੀ ਟੀਮ ਛੇ ਅਗਸਤ ਤੋਂ ਆਪਣਾ ਪਹਿਲਾ ਮੈਚ ਆਇਰਲੈਂਡ ਨਾਲ ਖੇਡੇਗੀ।
ਮਹਿਲਾ ਹਾਕੀ ਟੀਮ ਨੇ 36 ਸਾਲਾਂ ‘ਚ ਪਹਿਲੀ ਵਾਰ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਅਜਿਹੇ ‘ਚ ਇਨ੍ਹਾਂ ‘ਤੇ ਵੀ ਦੇਸ਼ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਸੱਤ ਅਗਸਤ ਨੂੰ ਭਾਰਤੀ ਮਹਿਲਾ ਟੀਮ ਦਾ ਪਹਿਲਾ ਮੁਕਾਬਲਾ ਜਪਾਨ ਨਾਲ ਹੋਵੇਗਾ।
ਐਥਲੈਟਿਕਸ
ਡਿਸਕਸ ਥ੍ਰੋਅਰ ਵਿਕਾਸ ਗੌੜਾ ਤੋਂ ਵੀ ਦੇਸ਼ ਨੂੰ ਰੀਓ ਓਲੰਪਿਕ ‘ਚ ਤਮਗੇ ਦੀਆਂ ਪੂਰੀਆਂ ਉਮੀਦਾਂ ਹਨ। ਗੌੜਾ ਨੇ ਜਮੈਕਾ ਐਥਲੈਟਿਕਸ ਟੂਰਨਾਮੈਂਟ ਦੌਰਾਨ 65 ਮੀਟਰ ਦੀ ਦੂਰੀ ਪਾਰ ਕੀਤੀ ਸੀ। ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜੇਤੂ 32 ਸਾਲਾਂ ਵਿਕਾਸ ਗੌੜਾ ਨੇ ਮਈ ‘ਚ ਕਿੰਗਸਟਨ ‘ਚ 65.14 ਮੀਟਰ ਦੂਰੀ ਤੱਕ ਥ੍ਰੋਅ ਕਰਕੇ ਖਿਤਾਬ ਜਿੱਤਿਆ ਸੀ। 12 ਅਗਸਤ ਨੂੰ ਡਿਸਕਸ ਥ੍ਰੋਅ ਦਾ ਮੁਕਾਬਲਾ ਹੋਵੇਗਾ।
ਵਿਕਾਸ ਦੇ ਇਲਾਵਾ ਪੁਰਸ਼ ਰਿਲੇਅ ਟੀਮ ਅਤੇ ਦੌੜਾਕਾਂ ਤੋਂ ਵੀ ਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਹਨ।












