ਰਾਜਸਥਾਨ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 12 ਹਜ਼ਾਰ ਦੇ ਕਰੀਬ ਪਹੁੰਚੀ, ਮ੍ਰਿਤਕਾਂ ਦੀ ਗਿਣਤੀ 269 ਹੋਈ

ਜੈਪੁਰ- ਰਾਜਸਥਾਨ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਸ਼ੁੱਕਰਵਾਰ ਨੂੰ 4 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਸੂਬੇ ‘ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 269 ਹੋ ਗਈ ਹੈ। ਇਸ ਦੇ ਨਾਲ ਹੀ 92 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ‘ਚ ਇਸ ਖਤਰਨਾਕ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 11,930 ਹੋ ਗਈ। ਕੁੱਲ 2,818 ਰੋਗੀਆਂ ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ। ਮੁੱਖ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅਜਮੇਰ, ਭਰਤਪੁਰ, ਚਿਤੌੜਗੜ੍ਹ ਅਤੇ ਸਿਰੋਹੀ ‘ਚ ਇਕ-ਇਕ ਹੋਰ ਪੀੜਤ ਦੀ ਮੌਤ ਹੋ ਗਈ। ਇਸ ਨਾਲ ਸੂਬੇ ‘ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 269 ਹੋ ਗਈ ਹੈ। ਸਿਰਫ਼ ਜੈਪੁਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 121 ਹੋ ਗਈ ਹੈ, ਜਦੋਂ ਕਿ ਜੋਧਪੁਰ ‘ਚ 26, ਕੋਟਾ ‘ਚ 18, ਅਜਮੇਰ ‘ਚ 11 ਅਤੇ ਭਰਤਪੁਰ ‘ਚ 10 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 16 ਰੋਗੀਆਂ ਦੀ ਇੱਥੇ ਮੌਤ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਕੱਲੇ ਜੈਪੁਰ ‘ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ 24 ਲੋਕ ਪੀੜਤ ਪਾਏ ਗਏ। ਰਾਜਧਾਨੀ ‘ਚ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 2,473 ਹੋ ਗਈ ਹੈ। ਉੱਥੇ ਹੀ ਸ਼ੁੱਕਰਵਾਰ ਸਵੇਰੇ 10.30 ਵਜੇ ਤੱਕ ਸੂਬੇ ‘ਚ ਇਨਫੈਕਸ਼ਨ ਦੇ 92 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ‘ਚੋਂ ਸਿਰੋਹੀ ‘ਚ 34, ਜੈਪੁਰ ‘ਚ 24, ਝੁੰਝੁਨੂੰ ‘ਚ 10, ਅਜਮੇਰ ਅਤੇ ਅਲਵਰ ‘ਚ 7-7, ਝਾਲਾਵਾੜ ‘ਚ 3, ਕੋਟਾ, ਸਵਾਈਮਾਧੋਪੁਰ ਅਤੇ ਟੋਂਕ ‘ਚ 2-2 ਮਾਮਲੇ ਅਤੇ ਇਕ ਮਾਮਲਾ ਹੋਰ ਸੂਬੇ ਦੇ ਇਕ ਵਿਅਕਤੀ ਨਾਲ ਜੁੜਿਆ ਹੋਇਆ ਹੈ। ਰਾਜਸਥਾਨ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲਿਆਂ ‘ਚ 2 ਇਤਾਲਵੀ ਨਾਗਰਿਕਾਂ ਦੇ ਨਾਲ-ਨਾਲ 61 ਉਹ ਲੋਕ ਵੀ ਹਨ, ਜਿਨ੍ਹਾਂ ਨੂੰ ਈਰਾਨ ਤੋਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ ‘ਚ ਫੌਜ ਦੇ ਅਰੋਗ ਕੇਂਦਰਾਂ ‘ਚ ਠਹਿਰਾਇਆ ਗਿਆ ਸੀ। ਸੂਬੇ ਭਰ ‘ਚ ਕੋਰੋਨਾ ਵਾਇਰਸ ਕਾਰਨ ਕਈ ਥਾਣਾ ਖੇਤਰਾਂ ‘ਚ ਕਰਫਿਊ ਲੱਗਾ ਹੋਇਆ ਹੈ।