ਰਣਵੀਰ ਨਾਲ ਰੋਮੈਂਸ ਕਰੇਗੀ ਮਾਨੁਸ਼ੀ

ਮਿਸ ਵਰਲਡ ਰਹਿ ਚੁੱਕੀ ਮਾਨੁਸ਼ੀ ਛਿੱਲਰ ਅਦਾਕਾਰ ਰਣਵੀਰ ਸਿੰਘ ਨਾਲ ਬੌਲੀਵੁਡ ‘ਚ ਡੈਬਿਊ ਕਰੇਗੀ। ਵੈਸੇ ਮਾਨੁਸ਼ੀ ਦੀ ਫ਼ਿਲਮਾਂ ‘ਚ ਐਂਟਰੀ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਹੈ। ਹੁਣ ਉਹ ਯਸ਼ਰਾਜ ਫ਼ਿਲਮਜ਼ ਦੀ ਨਵੀਂ ਬਣਨ ਵਾਲੀ ਫ਼ਿਲਮ ‘ਚ ਨਜ਼ਰ ਆਵੇਗੀ। ਇਸ ‘ਚ ਉਹ ਰਣਵੀਰ ਸਿੰਘ ਨਾਲ ਰੋਮੈਂਸ ਕਰਦੀ ਨਜ਼ਰ ਆਵੇਗੀ। ਪਦਮਾਵਤ, ਸਿੰਬਾ ਅਤੇ ਗਲੀ ਬੁਆਏ ਵਰਗੀਆਂ ਤਿੰਨ ਹਿੱਟ ਫ਼ਿਲਮਾਂ ਦੇ ਚੁੱਕਾ ਰਣਵੀਰ ਇਸ ਵਕਤ ਸਾਬਤ ਕਦਮੀਂ ਅੱਗੇ ਵੱਧ ਰਿਹਾ ਹੈ। ਉਸ ਦੀਆਂ ਅਗਲੀਆਂ ਫ਼ਿਲਮਾਂ ‘ਚ ’83 ਅਤੇ ਤਖ਼ਤ ਵਰਗੀਆਂ ਵੱਡੀਆਂ ਫ਼ਿਲਮਾਂ ਸ਼ਾਮਿਲ ਹਨ।
ਰਣਵੀਰ ਆਪਣੇ ਡੈਬਿਊ ਪ੍ਰੋਡਕਸ਼ਨ ਹਾਊਸ ਨਾਲ ਮੁੜ ਕੰਮ ਕਰਨ ਲਈ ਤਿਆਰ ਹੈ। ਅਸਲ ‘ਚ ਰਣਵੀਰ ਨੇ ਯਸ਼ਰਾਜ ਬੈਨਰ ਦੀ ਫ਼ਿਲਮ ਤੋਂ ਹੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ ਉਹ ਯਸ਼ਰਾਜ ਬੈਨਰ ਦੀ ਅਗਲੀ ਫ਼ਿਲਮ ‘ਚ ਮਾਨੁਸ਼ੀ ਨਾਲ ਨਜ਼ਰ ਆਵੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਕਰੇਗਾ। ਰਣਵੀਰ ਦੀ ਪਹਿਲੀ ਫ਼ਿਲਮ ਬੈਂਡ ਬਾਜਾ ਬਰਾਤ ਦਾ ਨਿਰਦੇਸ਼ਨ ਵੀ ਮਨੀਸ਼ ਸ਼ਰਮਾ ਨੇ ਕੀਤਾ ਸੀ। ਦੂਜਾ ਪਾਸੇ, ਇਹ ਵੀ ਕਿਹਾ ਜਾ ਰਿਹਾ ਹੈ ਮਾਨੁਸ਼ੀ ਨੂੰ ਰਣਵੀਰ ਦੀ ਫ਼ਿਲਮ ਲਈ ਅਪ੍ਰੋਚ ਜ਼ਰੂਰ ਕੀਤਾ ਗਿਆ ਹੈ, ਪਰ ਉਹ ਨਿਰਦੇਸ਼ਕ ਫ਼ਰਹਾ ਖ਼ਾਨ ਦੀ ਫ਼ਿਲਮ ਨਾਲ ਡੈਬਿਊ ਕਰੇਗੀ। ਫ਼ਰਹਾ ਦੀ ਇਸ ਫ਼ਿਲਮ ਨੂੰ ਰੋਹਿਤ ਸ਼ੈੱਟੀ ਪ੍ਰੋਡਿਊਸ ਕਰੇਗਾ। ਫ਼ਰਹਾ ਪਹਿਲੀ ਵਾਰ ਰੋਹਿਤ ਦੇ ਪ੍ਰੋਡਕਸ਼ਨ ਹਾਊਸ ਲਈ ਕੋਈ ਫ਼ਿਲਮ ਬਣਾਏਗੀ। ਖ਼ੈਰ, ਬਹੁਤ ਜਲਦ ਪਤਾ ਚੱਲੇਗਾ ਕਿ ਮਾਨੁਸ਼ੀ ਛਿੱਲਰ ਪਹਿਲਾਂ ਰਣਵੀਰ ਦੀ ਫ਼ਿਲਮ ਕਰੇਗੀ ਜਾਂ ਫ਼ਰਹਾ ਦੀ। ਦੂਜੇ ਪਾਸੇ ਰੋਹਿਤ ਸ਼ੈੱਟੀ ਇਸ ਵਕਤ ਅਕਸ਼ੇ ਕੁਮਾਰ ਨੂੰ ਲੈ ਕੇ ਸੂਰਯਾਵੰਸ਼ੀ ਫ਼ਿਲਮ ਡਾਇਰੈਕਟ ਕਰ ਰਿਹਾ ਹੈ। ਇਸ ‘ਚ ਅਕਸ਼ੇ ਇੱਕ ਪੁਲੀਸ ਅਧਿਕਾਰੀ ਦੀ ਭੂਮਿਕਾ ਨਿਭਾਏਗਾ।