ਨਵੀਂ ਦਿੱਲੀ: ਮੱਧ ਪ੍ਰਦੇਸ਼ ਤੇ ਅਸਾਮ ‘ਚ ਹੜ੍ਹ ਦਾ ਕਹਿਰ ਜਾਰੀ ਹੈ। ਹੜ੍ਹ ਦੇ ਚੱਲਦੇ ਇੱਥੇ 13 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਮਾਨਸੂਨ ਆਉਣ ਨਾਲ ਕਈ ਉੱਤਰੀ ਰਾਜਾਂ ‘ਚ ਤਾਪਮਾਨ ਆਮ ਤੋਂ ਘੱਟ ਦਰਜ ਕੀਤਾ ਗਿਆ ਹੈ। ਦੇਸ਼ ਦੇ ਕਈ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋਈ ਹੈ। ਛੱਤੀਸਗੜ੍ਹ, ਯੂ ਪੀ, ਬਿਹਾਰ ਸਮੇਤ ਦੇਸ਼ ਦੇ ਕਈ ਇਲਾਕੇ ਪਾਣੀ ਵਿੱਚ ਡੁੱਬੇ ਹੋਏ ਹਨ।
ਮੱਧ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਦੇ ਚੱਲਦੇ 11 ਲੋਕਾਂ ਦੀ ਮੌਤ ਹੋਈ ਹੈ। ਭੋਪਾਲ ‘ਚ ਕੱਲ੍ਹ ਤੋਂ 11 ਇੰਚ ਤੋਂ ਜਿਆਦਾ ਮੀਂਹ ਪਿਆ ਹੈ। ਇੱਥੋਂ ਕਰੀਬ 20 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ ਹੈ। ਭੋਪਾਲ, ਹਬੀਬਗੰਜ, ਇਟਾਰਸੀ, ਜਬਲਪੁਰ, ਸਾਗਰ ਤੇ ਬੀਨਾ ਸਟੇਸ਼ਨਾਂ ‘ਤੇ ਰੇਲ ਲਾਈਨਾਂ ਪਾਣੀ ‘ਚ ਡੁੱਬ ਗਈਆਂ ਹਨ। ਸ਼ਹਿਰ ਦੇ ਨੀਵੇਂ ਇਲਾਕਿਆਂ ‘ਚ ਫਸੇ ਲੋਕਾਂ ਨੂੰ ਕੱਢਣ ਲਈ ਕਿਸ਼ਤੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ।
ਅਸਾਮ ਦੇ ਅਧਿਕਾਰੀਆਂ ਮੁਤਾਬਕ ਇੱਕ ਵਿਅਕਤੀ ਤੇ ਉਸ ਦਾ ਬੇਟਾ ਜੋਰਹਾਟ ਜਿਲ੍ਹੇ ‘ਚ ਭੋਗਦੋਈ ਨਦੀ ਦੇ ਤੇਜ਼ ਵਹਾਅ ‘ਚ ਉਸ ਸਮੇਂ ਵਹਿ ਗਏ ਜਦ ਉਹ ਉੱਥੇ ਨਹਾ ਰਹੇ ਸਨ। ਮੌਸਮ ਵਿਭਾਗ ਮੁਤਾਬਕ ਸੂਬੇ ‘ਚ ਘੱਟ ਤੋਂ ਘੱਟ 27.8 ਤੇ ਵੱਧ ਤੋਂ ਵੱਧ 36.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।















