ਮੋਗਾ ‘ਚ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਕੱਸੇ ਤੰਜ, ਕਹੀਆਂ ਇਹ ਗੱਲਾਂ

ਮੋਗਾ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਰਗੜੇ ਲਾਉਂਦਿਆਂ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਿਰਫ ਐਲਾਨ ਹੀ ਕਰ ਰਹੇ ਹਨ ਅਤੇ ਉਨ੍ਹਾਂ ਦੇ ਪੱਲੇ ਲੋਕਾਂ ਨੂੰ ਦੇਣ ਲਈ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਆਪਸ ‘ਚ ਲੜਾਈ ਹੋ ਰਹੀ ਹੈ ਅਤੇ ਇੰਝ ਸਰਕਾਰ ਕਦੇ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਆਗੂਆਂ ਕੋਲ ਹਾਰਨ ਦੇ ਬਾਵਜੂਦ ਵੀ ਬੇਹੱਦ ਪੈਸਾ ਹੈ, ਜਦੋਂ ਕਿ ਜਿੱਤਣ ਤੋਂ ਬਾਅਦ ਵੀ ਉਨ੍ਹਾਂ ਕੋਲ ਇੰਨਾ ਜ਼ਿਆਦਾ ਪੈਸਾ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿਹੜੀ ਪਾਰਟੀ ਨਾਲ ਜਨਤਾ ਹੁੰਦੀ ਹੈ, ਉਸ ਪਾਰਟੀ ਨੂੰ ਕਦੇ ਕੋਈ ਹਰਾ ਨਹੀਂ ਸਕਦਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰੀਬਾਂ ਦੇ ਹੱਕ ਮਾਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਵੀ ਝੂਠਾ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸਭ ਸਹੂਲਤਾਂ ਦਿੱਤੀਆਂ ਹੋਈਆਂ ਹਨ ਅਤੇ ਦਿੱਲੀ ‘ਤੇ ਕਿਸੇ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸੂਬੇ ਦਾ ਖਜ਼ਾਨਾ ਭਰਿਆ ਜਾਵੇਗਾ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਿਆਸੀ ਆਗੂ ਵੋਟਾਂ ਨੇੜੇ ਆਉਣ ‘ਤੇ ਸਿਰਫ ਡਰਾਮੇ ਕਰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਹੀ ਪੰਜਾਬ ਦੇ ਸਕੂਲਾਂ ਦੀ ਵੀ ਦਿੱਖ ਬਦਲੀ ਜਾਵੇਗੀ ਤਾਂ ਜੋ ਹਰ ਗਰੀਬ ਦਾ ਬੱਚਾ ਪੜ੍ਹ-ਲਿਖ ਕੇ ਆਪਣਾ ਭਵਿੱਖ ਸੰਵਾਰ ਸਕੇ। ਭਗਵੰਤ ਮਾਨ ਨੇ ਇਸ ਮੌਕੇ ਭਾਜਪਾ ‘ਤੇ ਤੰਜ ਕੱਸਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਕਿੰਨੀਆਂ ਹੀ ਜਾਨਾਂ ਚਲੀਆਂ ਗਈਆਂ ਅਤੇ ਫਿਰ ਕਾਨੂੰਨ ਵਾਪਸ ਲੈ ਲਏ ਗਏ। ਉਨ੍ਹਾਂ ਕਿਹਾ ਕਿ ਜਿਹੜੀਆਂ ਜਾਨਾਂ ਚਲੀਆਂ ਗਈਆਂ, ਉਹ ਕਿਵੇਂ ਵਾਪਸ ਆਉਣਗੀਆਂ।