ਮੈਂ ਫ਼ਿਰ ਕੈਨੇਡਾ ਆਇਆ-5

walia-big-1-300x95ਕੈਨੇਡਾ ਦਾ ਪੰਜਾਬੀ ਮੀਡੀਆ ਖੂਬ ਪ੍ਰਫ਼ੁੱਲਿਤ ਹੋ ਰਿਹਾ ਹੈ। ਕੋਈ ਸਮਾਂ ਸੀ ਇੱਥੋਂ ਦਾ ਪ੍ਰਿੰਟ ਮੀਡੀਆ ‘ਕਟ ਐਂਡ ਪੇਸਟ’ ਪੱਤਰਕਾਰੀ ‘ਤੇ ਨਿਰਭਰ ਕਰਦਾ ਸੀ। ਉਸ ਸਮੇਂ ਸੰਚਾਰ ਤਕਨਾਲੌਜੀ ਜ਼ਿਆਦਾ ਤਰੱਕੀ ‘ਤੇ ਨਹੀਂ ਸੀ। ਭਾਰਤੀ ਅਖਬਾਰਾਂ ਦੀਆਂ ਉਹਨਾਂ ਖਬਰਾਂ ਨੂੰ ਜਿਹਨਾਂ ਦੀ ਅਹਿਮੀਅਤ ਕੈਨੇਡਾ ਦੇ ਪੰਜਾਬੀਆਂ ਲਈ ਹੁੰਦੀ ਸੀ, ਨੂੰ ਕੱਟ ਕੇ ਪੇਸਟ ਕਰਕੇ ਛਾਪ ਲਿਆ ਜਾਂਦਾ ਸੀ। ਘਰ ਫ਼ੂਕ ਕੇ ਤਮਾਸ਼ਾ ਵੇਖਣ ਵਾਲੇ ਪੱਤਰਕਾਰੀ ਦੇ ਪੇਸ਼ੇ ਵਿੱਚ ਕੋਈ ਵਿਰਲਾ ਹੀ ਉਤਰਦਾ ਸੀ। ਹੌਲੀ-ਹੌਲੀ ਸੰਚਾਰ ਤਕਨਾਲੌਜੀ ਤਰੱਕੀ ਕਰਦੀ ਗਈ ਅਤੇ ਵੈਨਕੂਵਰ ਅਤੇ ਟਰਾਂਟੋ ਆਦਿ ਪੰਜਾਬੀ ਵੱਸੋਂ ਵਾਲੇ ਸ਼ਹਿਰਾਂ ਵਿੱਚ ਅਖਬਾਰਾਂ ਦੀ ਗਿਣਤੀ ਵਧਣ ਲੱਗੀ। ਜਿਉਂ-ਜਿਉਂ ਪੰਜਾਬੀਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਗਿਆ, ਤਿਉਂ-ਤਿਉਂ ਪੱਤਰਕਾਰੀ ਦੀ ਜ਼ਰੂਰਤ ਅਤੇ ਮਹੱਤਤਾ ਵਧਦੀ ਗਈ। ਪੱਤਰਕਾਰੀ ਦੀ ਮਹੱਤਤਾ ਵਧਣ ਨਾਲ ਬਹੁਤ ਸਾਰੇ ਲੋਕ ਇਸ ਕਿੱਤੇ ਵੱਲ ਦਿਲਚਸਪੀ ਲੈਣ ਲੱਗੇ। ਅਖਬਾਰਾਂ ਦੇ ਨਾਲ-ਨਾਲ  ਪੰਜਾਬੀ ਰੇਡੀਓ ਵੀ ਆਪਣੇ ਪੈਰ ਪ੍ਰਸਾਰਨ ਲੱਗਾ। ਵੇਖਦੇ ਵੇਖਦੇ ਪੰਜਾਬੀ ਰੇਡੀਓ ਕੈਨੇਡਾ ਵਿੱਚ ਬਹੁਤ ਸ਼ਕਤੀਸ਼ਾਲੀ ਸੰਚਾਰ ਮਾਧਿਅਮ ਵਜੋਂ ਉਭਰ ਕੇ ਸਾਹਮਣੇ ਆਇਆ। ਅਨੇਕਾਂ ਰੇਡੀਓ ਪ੍ਰੋਗਰਾਮ ਪੰਜਾਬੀਆਂ ਦੀਆਂ ਹਰ ਕਿਸਮ ਦੀ ਜਾਣਕਾਰੀ ਦੀ ਭੁੱਖ ਨੂੰ ਸੰਤੁਸ਼ਟ ਕਰਨਾ ਲੱਗੇ। ਜਾਣਕਾਰੀ ਦੇ ਨਾਲ ਮਨੋਰੰਜਨ ਦਾ ਖੇਤਰ ਵੀ ਪੰਜਾਬੀ ਰੇਡੀਓ ਦੇ ਹਿੱਸੇ ਆਅਿਾ। ਹਰ ਕਿੱਤੇ ਦੇ ਲੋਕਾਂ ਨੂੰ ਰੇਡੀਓ ਨੇ ਆਪਣੇ ਆਪਣੇ ਕਿੱਤੇ ਅਤੇ ਵਪਾਰ ਦੇ ਫ਼ੈਲਾਅ ਲਈ ਪ੍ਰਚਾਰ ਸਾਧਨ ਦੇ ਤੌਰ ‘ਤੇ ਵਰਤਣ ਲਈ ਪ੍ਰੇਰਿਤ ਕੀਤਾ। ਪਿਛਲੇ ਦਹਾਕੇ ਦੌਰਾਨ ਆਏ ਸੰਚਾਰ ਤਕਨਾਲੌਜੀ ਦੇ ਇਨਕਲਾਬ ਨੇ ਰੇਡੀਓ ਅਤੇ ਅਖਬਾਰਾਂ ਦੇ ਨਾਲ ਨਾਲ ਟੀ. ਵੀ. ਮਾਧਿਅਮ ਵੱਲ ਕੈਨੇਡੀਅਨ ਪੰਜਾਬੀਆਂ ਦਾ ਧਿਆਨ ਖਿੱਚਿਆ ਅਤੇ ਵੱਡੀ ਗਿਣਤੀ ਵਿੱਚ ਟੀ. ਵੀ. ਪ੍ਰੋਗਰਾਮ ਸ਼ੁਰੂ ਹੋ ਗਏ। ਅੱਜ ਪੰਜਾਬੀ ਮੀਡੀਆ ਵੈਨਕੂਵਰ, ਟਰਾਂਟੋ, ਕੈਲਗਰੀ ਅਤੇ ਐਡਮਿੰਟਨ ਤੋਂ ਇਲਾਵਾ ਵਿਨੀਪੈਗ ਅਤੇ ਪੰਜਾਬੀ ਵੱਸੋਂ ਵਾਲੇ ਸ਼ਹਿਰਾਂ ਵਿੱਚ ਪ੍ਰਫ਼ੁੱਲਿਤ ਹੋ ਰਿਹਾ ਹੈ। ਪੱਤਰਕਾਰੀ ਦੇ ਪੇਸ਼ੇ ਵਿੱਚ ਹਰ ਤਰ੍ਹਾਂ ਦੇ ਲੋਕ ਪ੍ਰਵੇਸ਼ ਕਰ ਗਏ ਹਨ। ਕੁਝ ਪੂਰੇ ਵਕਤੀ ਪੱਤਰਕਾਰ ਹਨ, ਕਈਆਂ ਨੇ ਇਸਨੂੰ ਪਾਰਟ ਟਾਈਮ ਕਿੱਤੇ ਦੇ ਤੌਰ ‘ਤੇ ਅਪਣਾਇਆ ਹੋਇਆ ਹੈ। ਜੋ ਵੀ ਹੋਵੇ ਵੱਡੀ ਗਿਣਤੀ ਵਿੱਚ ਪੱਤਰਕਾਰੀ ਨਾਲ ਸਬੰਧਤ ਲੋਕਾਂ ਦੇ ਆਉਣ ਨਾਲ ਪ੍ਰੈਸ ਕਲੱਬਾਂ ਹੋਂਦ ਵਿੱਚ ਆਈਆਂ।
ਕੈਨੇਡਾ ਦੇ ਹਰ ਵੱਡੇ ਸ਼ਹਿਰ ਵਿੱਚ ਪੰਜਾਬੀ ਮੀਡੀਆ ਕਲੱਬਾਂ ਕਾਰਜਸ਼ੀਲ ਹਨ। ਐਡਮਿੰਟਨ, ਕੈਲਗਰੀ ਅਤੇ ਟਰਾਂਟੋ ਵਿੱਚ ਤਾਂ ਦੋ-ਦੋ ਜਾਂ ਤਿੰਨ ਤਿੰਨ ਪ੍ਰੈਸ ਕਲੱਬਾਂ ਬਣ ਗਈਆਂ ਹਨ। ਮੈਨੂੰ ਦੱਸਿਆ ਗਿਆ ਕਿ ਵੈਨਕੂਵਰ ਵਿੱਚ ਇਕੋ ਹੀ ਪੰਜਾਬੀ ਪ੍ਰੈਸ ਕਲੱਬ ਹੈ ਅਤੇ ਇਹ ਮਹੀਨੇ ਵਿੱਚ ਇਕ ਵਾਰ ਮਿਲ ਬੈਠਦੇ ਹਨ। ਅਕਤੂਬਰ ਮਹੀਨੇ ਦੀ ਪ੍ਰੈਸ ਕਲੱਬ ਦੀ ਮਿਲਣੀ 3 ਅਕਤੂਬਰ ਨੂੰ ਰੱਖੀ ਹੋਈ ਸੀ।
”ਇਹ ਸਬੱਬ ਹੀ ਹੈ ਕਿ ਤੁਸੀਂ ਆਏ ਹੋਏ ਹੋ ਅਤੇ ਅੱਜ ਸਾਡੀ ਪ੍ਰੈਸ ਕਲੱਬ ਦੀ ਮਾਸਿਕ ਇਕੱਤਰਤਾ ਵੀ ਹੈ। ਤਾਜ ਵਿੱਚ ਪੰਜ ਵਜੇ, ‘ਉਡੀਕ ਰਹੇਗੀ’ ਗੁਰਵਿੰਦਰ ਧਾਲੀਵਾਲ ਮੈਨੂੰ ਫ਼ੋਨ ‘ਤੇ ਮੀਟਿੰਗ ਵਿੱਚ ਆਉਣ ਦਾ ਸੱਦਾ ਦੇ ਰਿਹਾ ਹੈ। ਗੁਰਵਿੰਦਰ ਧਾਲੀਵਾਲ ਕੈਨੇਡਾ ਆਉਣ ਤੋਂ ਪਹਿਲਾਂ ਪੰਜਾਬੀ ਦਾ ਪ੍ਰਾਅਧਿਆਪਕ ਸੀ। ਕੁਝ ਸਮਾਂ ਉਸਨੇ ਮੇਰੇ ਸ਼ਹਿਰ ਅਹਿਮਦਗੜ੍ਹ ਦੇ ਸ਼ਾਂਤੀ ਤਾਰਾ ਕਾਲਜ ਵਿੱਚ ਵੀ ਪੜ੍ਹਾਇਆ ਸੀ। ਇਸ ਮਿਹਨਤੀ ਨੌਜਵਾਨ ਨੇ ਕੈਨੇਡਾ ਵਿੱਚ ਆ ਕੇ ਆਪਣੀ ਭਾਸ਼ਣ ਕਲਾ ਦੀ ਕਲਾ ਨੂੰ ਹੋਰ ਸ਼ਿੰਗਾਰਿਆ ਅਤੇ ਵੇਖਦੇ-ਵੇਖਦੇ ਉਸਦਾ ਨਾਂ ਪੰਜਾਬੀ ਦੇ ਵਧੀਆ ਅਤੇ ਹਰਮਨ ਪਿਆਰੇ ਰੇਡੀਓ ਹੋਸਟਾਂ ਵਿੱਚ ਲਿਆ ਜਾਣ ਲੱਗਾ।
ਗੁਰਵਿੰਦਰ ਧਾਲੀਵਾਲ ਨੇ ਇਕ ਹੋਰ ਵਧੀਆ ਕੰਮ ਇਹ ਕੀਤਾ ਕਿ ਆਪਣੇ ਪੇਸ਼ੇ ਦੇ ਰੁਝੇਵਿਆਂ ਦੇ ਨਾਲ ਨਾਲ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਵਿੱਚ ਪੀ. ਐਚ. ਡੀ. ਦੀ ਡਿਗਰੀ ਹਾਸਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰ ਲਈ। ਹੁਣ ਉਹ ਡਾ. ਗੁਰਵਿੰਦਰ ਸਿੰਘ ਧਾਲੀਵਾਲ ਬਣ ਚੁੱਕਾ ਹੈ।ਸੋ, ਮੈਂ ਡਾ. ਧਾਲੀਵਾਲ ਦੇ ਸੱਦੇ ਨੂੰ ਸਵੀਕਾਰਦਾ ਹੋਇਆ ਨਿਸਚਿਤ ਸਮੇਂ ਸਰੀ ਦੇ ਤਾਜ ਵੈਕੁੰਟ ਹਾਲ ਵਿੱਚ ਪਹੁੰਚ ਜਾਂਦਾ ਹਾਂ। ਉਥੇ ਗੁਰਵਿੰਦਰ ਧਾਲੀਵਾਲ ਤੋਂ ਇਲਾਵਾ ਡਾ. ਪੂਰਨ ਸਿੰਘ ਜੋ ਕਿ ਕੈਨੇਡੀਅਨ ਪੰਜਾਬ ਨਾਲ ਸਬੰਧਤ ਹਨ ਅਤੇ ਬਲਦੇਵ ਸਿੰਘ ਮਾਨ ਜੋ ਰੇਡੀਓ ਐਫ਼. ਐਮ. ਅਤੇ ਦੇਸ਼ ਪ੍ਰਦੇਸ਼ ਟੀ. ਵੀ. ਨਾਲ ਸਬੰਧਤ ਹੈ, ਮਿਲਦੇ ਹਨ। ਅਜੇ ਉਹਨਾਂ ਨਾਲ ਜਾਣ ਪਛਾਣ ਹੋ ਹੀ ਰਹੀ ਸੀ ਕਿ ਮੇਰਾ ਪੁਰਾਣਾ ਮਿੰਤਰ ਗੁਰਸ਼ੇਵ ਸਿੰਘ ਪੰਧੇਰ ਪਹੁੰਚ ਜਾਂਦਾ ਹੈ। ਮੇਰੇ ਪਿੰਡ ਬੁਟਾਹਰੀ ਦੇ ਨੇੜਲੇ ਪਿੰਡ ਸ਼ਿਆੜ ਦਾ ਰਹਿਣ ਵਾਲਾ ਗੁਰਸ਼ੇਵ ਸਿੰਘ ਪੰਧੇਰ ਕੈਨੇਡਾ ਆਉਣ ਤੋਂ ਪਹਿਲਾਂ ਮੰਡੀ ਅਹਿਮਦਗੜ੍ਹ ਵਿਖੇ ਟੀ. ਵੀ. ਸ਼ੋਅ ਰੂਮ ਦਾ ਮਾਲਕ ਸੀ। ਅਹਿਮਦਗੜ੍ਹ ਤੋਂ ਜਦੋਂ ਮੈਂ ‘ਮੰਚ ਮਾਸਿਕ ਨਾਮ ਦਾ ਪਰਚਾ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਪੰਧੇਰ ਦੇ ਸ਼ੋਅ ਰੂਮ ਦਾ ਇਸ਼ਤਿਹਾਰ ਲਗਾਤਾਰ ਮੰਚ ਵਿੱਚ ਛਪਦਾ ਰਿਹਾ। ਇੱਥੇ ਗੁਰਸੇਵ ਪੰਧੇਰ ਚੜ੍ਹਦੀ ਕਲਾ ਅਖਬਾਰ ਨਾਲ ਸਬੰਧਤ ਹੈ। ਅਜੀਤ ਵੀਕਲੀ ਦਾ ਕਾਲਮ ਨਵੀਸ ਸਖਮੰਦਰ ਸਿੰਘ ਬਰਾੜ ਭਾਈ ਭਗਤਾ ਤਾਂ ਮੇਰੇ ਨਾਲ ਹੀ ਸੀ। ਪੰਜਾਬੀ ਪ੍ਰੈਸ ਕਲੱਬ ਦਾ ਸਕੱਤਰ ਲੱਕੀ ਸਹੋਤਾ ਵੀ ਉਥੇ ਹਾਜ਼ਰ ਸੀ। ਚਾਹ ਦੀਆਂ ਚੁਸਕੀਆਂ ਦੇ ਨਾਲ ਨਾਲ ਕੈਨੇਡਾ ਅਤੇ ਖਾਸ ਤੌਰ ‘ਤੇ ਵੈਨਕੂਵਰ ਪੰਜਾਬੀ ਮੀਡੀਆ ਬਾਰੇ ਚਰਚਾ ਸ਼ੁਰੂ ਹੋ ਗਈ। ਇਕ ਗੱਲ ਲਈ ਸਭ ਨੇ ਉਤਸੁਕਤਾ ਜ਼ਾਹਿਰ ਕੀਤੀ ਕਿ ਸੋਸ਼ਲ ਮੀਡੀਆ ਦਾ ਮੁੱਖ ਧਾਰਾ ਦੇ ਮੀਡੀਆ ‘ਤੇ ਕੀ ਅਸਰ ਪਵੇਗਾ।
ਸੋਸ਼ਲ ਮੀਡੀਆ ਦੀ ਭੂਮਿਕਾ ਬਾਰੇ ਮੇਰਾ ਜਵਾਬ ਸੀ ਕਿ ਫ਼ੇਸਬੁੱਕ, ਵਟਸਅੱਪ, ਯੂਟਿਊਬ ਅਤੇ ਟਵਿਟਰ ਆਦਿ ਨੇ ਸਮੁੱਚੇ ਮੀਡੀਆ ਦਾ ਦ੍ਰਿਸ਼ ਬਦਲ ਕੇ ਰੱਖ ਦਿੱਤਾ ਹੈ। ਅੱਜ ਹਰ ਬੰਦਾ ਜਿਸਦੇ ਹੱਥ ਵਿੱਚ ਮੋਬਾਇਲ ਹੈ, ਉਹ ਪੱਤਰਕਾਰ ਹੈ। ਉਸ ਕੋਲ ਦੁਨੀਆਂ ਤੱਕ ਪਹੁੰਚ ਕਰਨ ਦੀ ਸ਼ਕਤੀ ਹੈ। ਇਸ ਸ਼ਕਤੀ ਨੇ ਮੁੱਖ ਧਾਰਾ ਦੇ ਮੀਡੀਆ ਨੂੰ ਵੱਡੀ ਚੁਣੌਤੀ ਦੇ ਦਿੱਤੀ ਹੈ। ਹੁਣ ਜੇ ਟੀ. ਵੀ. ਜਾਂ ਅਖਬਾਰ ਕਿਸੇ ਖਾਸ ਪਾਰਟੀ ਜਾਂ ਲੀਡਰ ਦੇ ਹੱਕ ਵਿੱਚ ਭੁਗਤਣਾ ਵੀ ਚਾਹੇ ਤਾਂ ਉਸਨੂੰ ਕਈ ਵਾਰ ਸੋਚਣਾ ਪਵੇਗਾ ਕਿਉਂਕਿ ਸੱਚ ਸੋਸ਼ਲ ਮੀਡੀਆ ਬਿਆਨ ਕਰ ਦਿੰਦਾ ਹੈ। ਕੇਜਰੀਵਾਲ ਦੀ ਬਾਘਾ ਪੁਰਾਣਾ ਜਾਂ ਮੁਕਤਸਰ ਰੈਲੀ ਵਿੱਚ ਕਿੰਨਾ ਕੁ ਇਕੱਠ ਹੈ, ਸਰਕਾਰ ਦਾ ਚੈਨਲ ਜਾਂ ਅਖਬਾਰ ਕੁਝ ਵੀ ਦੱਸੇ ਪਰ ਫ਼ੇਸਬੁੱਕ ਅਤੇ ਵਟਸਅੱਪ ਨੇ ਸੈਂਕੜੇ ਤਸਵੀਰਾਂ ਭੇਜ ਕੇ ਸਫ਼ਾਈ ਬਿਆਨ ਕਰ ਦੇਣੀ ਹੈ। ਸੋਸ਼ਲ ਮੀਡੀਆ ਇਕ ਕਿਸਮ ਦਾ ਵੱਡਾ ਚੈਕ ਹੈ, ਮੁੱਖ ਧਾਰਾ ਮੀਡੀਆ ਉਤੇ। ਫ਼ੇਸਬੁੱਕ ਲਾਈਵ ਨੇ ਤਾਂ ਟੀ. ਵੀ. ਦੀ ਅਹਿਮੀਅਤ ਉਤੇ ਵੀ ਇਕ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਕੈਨੇਡਾ ਵਿੱਚ ਵਿੱਚਰਦੇ ਪੰਜਾਬੀ ਮੀਡੀਆ ਕਰਮੀਆਂ ਦੀ ਰਾਜਨੀਤੀ ਵੀ ਚਰਚਾ ਦਾ ਵਿਸ਼ਾ ਬਣੀ। ਮੈਂ ਦੱਸਿਆ ਕਿ ਟਰਾਂਟੋ ਵਿੱਚ ਤਾਂ ਇਹ ਸਿਅਸਤ ਕਾਫ਼ੀ ਭਖਵੀਂ ਹੈ। ਐਡਮਿੰਟਨ ਵਿੱਚ ਤਿੰਨ ਚਾਰ ਕਲੱਬਾਂ ਹਨ। ਵੈਨਕੂਵਰ ਪੰਜਾਬੀ ਮੀਡੀਆ ਕਲੱਬ ਵਾਲੇ ਇਸ ਗੱਲੋਂ ਕਾਫ਼ੀ ਖੁਸ਼ ਅਤੇ ਸੰਤੁਸ਼ਟ ਜਾਵੇ ਕਿ ਉਥੇ ਸਿਰਫ਼ ਇਕੋ ਹੀ ਕਲੱਬ ਹੈ। ਇਕੋ ਕਲੱਬ ਹੋਣ ਦਾ ਮਤਲਬ ਉੱਕਾ ਨਹੀਂ ਕਿ ਇੱਥੇ ਮੀਡੀਆ ਵਾਲਿਆਂ ਵਿੱਚ ਵਿੱਚਾਰਕ ਮਤਭੇਦ ਨਹੀਂ। ਖੈਰ ਇਉਂ ਚਰਚਾ ਹੋਰ ਲੰਮੀ ਹੋ ਜਾਂਦੀ ਜੇ ਮੈਨੂੰ ਸੁਖਮੰਦਰ ਸਿੰਘ ਬਰਾੜ ਇਹ ਯਾਦ ਨਾ ਕਰਵਾਉਂਦੇ ਕਿ ਅਸੀਂ ਚੈਨਲ ਪੰਜਾਬੀ ਵਿੱਚ ਅੰਮ੍ਰਿਤ ਭੱਟੀ ਨੂੰ ਇੰਟਰਵਿਊ ਦੇਣ ਜਾਣਾ ਹੈ।
ਜਦੋਂ ਅਸੀਂ ਚੈਨਲ ਪੰਜਾਬੀ ਦੇ ਸਟੂਡੀਓ ਪਹੁੰਚੇ ਤਾਂ ਪ੍ਰੋਗਰਾਮ ਦੀ ਹੋਸਟ ਅੰਮ੍ਰਿਤ ਭੱਟੀ ਸਾਡਾ ਇੰਤਜ਼ਾਰ ਕਰ ਰਹੀ ਸੀ। ਗੱਲਾਂ ਗੱਲਾਂ ਵਿੱਚ ਪਤਾ ਲੱਗਾ ਕਿ ਉਹ ਮੇਰੇ ਪੁਰਾਣੇ ਮਿੱਤਰ ਮਾਨਸਾ ਤੋਂ ਟ੍ਰਿਬਿਊਨ ਦੇ ਰਿਪੋਰਟਰ ਰਹੇ ਅਸ਼ੋਕ ਸਿਦਊੜਾ ਦੀ ਭਾਣਜੀ ਹੈ ਅਤੇ ਉਸਦੀ ਪ੍ਰੇਰਨਾ ਨਾਲ ਹੀ ਪੱਤਰਕਾਰੀ ਵਿੱਚ ਆਈ ਹੈ। ਖੈਰ, ਅੰਮ੍ਰਿਤ ਭੱਟੀ ਨੇ ਵੀ ਆਪਣੀ ਇੰਟਰਵਿਊ ਪੱਤਰਕਾਰੀ ਤੱਕ ਸੀਮਤ ਰੱਖੀ। ਉਸਨੇ ਜ਼ਿਆਦਾ ਸਵਾਲ ਪੀਲੀ ਪੱਤਰਕਾਰੀ ਅਤੇ ਪੱਤਰਕਾਰੀ ਵਿੱਚ ਪਏ ਗੰਧਲੇਪਣ ਬਾਰੇ ਹੀ ਕੀਤੇ। ਉਸਦਾ ਇਹ ਸਵਾਲ ਕਿ ਕੀ ਪੱਤਰਕਾਰੀ ਸੱਚ ਭਰੋਸੇ ਰਹੀ ਹੈ, ਬਹੁਤ ਮਹੱਤਵਪੂਰਨ ਸੀ। ਇਸ ਕਿਸਮ ਦੇ ਸਵਾਲ ਅੱਜਕਲ੍ਹ ਮੈਨੂੰ ਅਕਸਰ ਕੀਤੇ ਜਾਂਦੇ ਹਨ ਕਿ ਸੱਚ ਜਾਨਣ ਲਈ ਕਿਹੜਾ ਅਖਬਾਰ ਪੜ੍ਹੀਏ ਜਾਂ ਕਿਹੜਾ ਚੈਨਲ ਦੇਖੀਏ। ਇਸ ਸਵਾਲ ਦਾ ਜਵਾਬ ਦੇਣਾ ਇੰਨਾਂ ਸੌਖਾ ਨਹੀਂ ਹੈ। ਸੱਚਮੁਚ ਹੀ ਅੱਜਕਲ੍ਹ ਸੱਚ ਲੱਭਣਾ ਮੁਸ਼ਕਿਲ ਹੋ ਗਿਆ ਹੈ। ਸਾਡੇ ਮੁੱਖ ਚੈਨਲ ਪਾਰਟੀਆਂ ਦੀ ਸਿਆਸਤ ਕਰਨ ਲੱਗੇ ਹਨ। ਹਿੰਦੁਸਤਾਨ ਦੇ ਮੁੱਖ ਹਿੰਦੀ ਅਤੇ ਅੰਗਰੇਜ਼ੀ ਨਿਊਜ਼ ਚੈਨਲਾਂ ਨੂੰ ਗਹੁ ਨਾਲ ਵੇਖਣ ਤੋਂ ਬਾਅਦ ਇਹ ਸਪਸ਼ਟ ਹੋ ਜਾਵੇਗਾ ਕਿ ਇਹ ਨਿਰਪੱਖ ਪੱਤਰਕਾਰੀ ਦੀ ਥਾਂ ੲੈਂਗਲ ਜਰਨਲਿਜ਼ਮ ਕਰ ਰਹੇ ਹਨ। ਮਤਲਬ ਕਿ ਹਰ ਵੱਡੀ ਖਬਰ ਨੂੰ ਕਿਸੇ ਖਾਸ ਨਜ਼ਰੀਏ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਖਬਰਾਂ ਨੂੰ ਸਿਆਸੀ ਪਾਰਟੀਆਂ ਜਾਂ ਸੱਤਾਧਾਰੀ ਧਿਰ ਦੇ ਨਜ਼ਰੀਏ ਤੋਂ ਪੇਸ਼ ਕਰਨ ਦਾ ਰੁਝਾਨ ਆਮ ਹੈ। ਇਸ ਪਿੱਛੇ ਆਰਥਿਕਤਾ ਕੰਮ ਕਰ ਰਹੀ ਹੈ ਜਾਂ ਫ਼ਿਰ ਵੱਡੇ ਵਪਾਰਕ ਘਰਾਣਿਆਂ ਦੇ ਆਰਥਿਕ ਹਿੱਤ ਕੰਮ ਕਰਦੇ ਨਜ਼ਰੀ ਪੈਂਦੇ ਹਨ। ਮੈਂ ਦੱਸਿਆ ਕਿ ਇਕ ਖੋਜ ਮੁਤਾਬਕ ਦੇਸ਼ ਦੇ ਵੱਡੇ ਅਖਬਾਰ ਅਤੇ ਵੱਡੇ ਚੈਨਲ ਦੇਸ਼ ਦੀ 70 ਫ਼ੀਸਦੀ ਪੇਂਡੂ ਵੱਸੋਂ ਨੂੰ ਸਿਰਫ਼ 2 ਫ਼ੀਸਦੀ ਥਾਂ ਅਤੇ ਟਾਈਮ ਦੇ ਰਹੇ ਹਨ। ਸਮੁੱਚੇ ਤੌਰ ‘ਤੇ 70 ਫ਼ੀਸਦੀ ਜਨਤਾ ਨੂੰ ਮੀਡਆ ਨਜ਼ਰਅੰਦਾਜ਼ ਕਰ ਰਿਹਾ ਹੈ। ਮੈਂ ਇਕ ਉਦਾਹਰਣ ਦਿੱਤੀ ਕਿ ਕੈਲਾਸ਼ ਸਤਿਆਰਥੀ ਨੂੰ ਨੋਬਲ ਇਨਾਮ ਮਿਲਣ ਤੋਂ ਪਹਿਲਾਂ ਕਿਸੇ ਵੀ ਮੀਡੀਆ ਨੇ ਕਦੇ ਵੀ ਨਹੀਂ ਵਿਖਾਇਆ ਸੀ। ਇਸੇ ਤਰ੍ਹਾਂ ਦੇਸ਼ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਵੀ ਮੀਡੀਆ ਘੱਟ ਹੀ ਉਭਾਰਦਾ ਹੈ। ਮੀਡੀਆ ਵੀ ਸਿਆਸੀ ਪਾਰਟੀਆਂ ਵਾਂਗ ਪੂਰੀ ਤਰ੍ਹਾਂ ਵੰਡਿਆ ਜਾ ਚੁੱਕਾ ਹੈ ਅਤੇ ਨਿਰਪੱਖ ਪੱਤਰਕਾਰੀ ਕਿਤੇ ਨਜ਼ਰ ਨਹੀਂ ਆਉਂਦੀ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ਦਾ ਭਵਿੱਖ ਰੌਸ਼ਨ ਨਜ਼ਰ ਆਉਂਦਾ ਹੈ। ਲੋਕ ਹੁਣ ਸੱਚ ਲੱਭਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਸ਼ੁਰੂ ਕਰਨਗੇ। ਇਹ ਵੀ ਠੀਕ ਹੈ ਕਿ ਸੋਸ਼ਲ ਮੀਡੀਆ ਵੀ ਉਲਾਰ ਹੋਣ ਦੀ ਸੰਭਾਵਨਾ ਰੱਖਦਾ ਹੈ ਅਤੇ ਬਹੁਤ ਥਾਵਾਂ ‘ਤੇ ਉਲਾਰ ਹੁੰਦਾ ਵੀ ਹੈ ਪਰ ਇਸਦੇ ਬਾਵਜੂਦ ਇਹ ਸੱਚ ਵੱਲ ਨੂੰ ਸੰਕੇਤ ਕਰਨ ਦੀ ਸੰਭਾਵਨਾ ਰੱਖਦਾ ਹੈ। ਸੋ ਸੱਚ ਜਾਨਣ ਲਈ ਇਕ ਤੋਂ ਵੱਧ ਅਖਬਾਰ ਅਤੇ ਚੈਨਲ ਵੇਖਣ ਦੀ ਲੋੜ ਹੈ। ਅਜਿਹੀਆਂ ਭਾਵਪੂਰਤ ਗੱਲਾਂ ਨਾਲ ਅੰਮ੍ਰਿਤ ਭੱਟੀ ਨਾਲ ਮੇਰੀ ਮੁਲਾਕਾਤ ਸਮਾਪਤ ਹੁੰਦੀ ਹੈ। ਇਸ ਮੁਲਾਕਾਤ ਦੌਰਾਨ ਮੇਰੇ ਨਾਲ ਸੁਖਮੰਦਰ ਬਰਾੜ ਵੀ ਸੀ ਅਤੇ ਅੰਮ੍ਰਿਤ ਨੇ ਉਸ ਕੋਲੋਂ ਵੀ ਇਕ-ਦੋ ਸਵਾਲ ਪੁੱਛੇ, ਜਿਹਨਾਂ ਬਾਰੇ ਉਸਨੇ ਯਥਾਯੋਗ ਉਤਰ ਦਿੱਤੇ।
ਇਸ ਟੀ. ਵੀ. ਇੰਟਰਵਿਊ ਤੋਂ ਵਿਹਲੇ ਹੋ ਕੇ ਅਸੀਂ ਸੁੱਖੀ ਸ਼ੇਰਗਿੱਲ ਦੇ ਘਰ ਵੱਲ ਰਵਾਨਾ ਹੋਏ। ਸੁੱਖੀ ਪੱਤਰਕਾਰੀ ਵਿੱਚ ਮੇਰੀ ਵਿਦਿਆਰਥਣ ਸੀ। ਸੁੱਖੀ ਦੀ ਭੈਣ ਰਾਣਾ ਸ਼ੇਰਗਿੱਲ ਸਿਆਸਤ ਵਿੱਚ ਸਰਗਰਮ ਹੈ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਨੇੜਲਿਆਂ ਵਿੱਚੋਂ ਹੈ। ਇਹ ਪਰਿਵਾਰ ਮੇਰੇ ਪਰਮ ਮਿੱਤਰ ਲੰਡਨ ਵਾਲੇ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੇ ਪਿੰਡ ਮਜਾਲ ਖੁਰਦ ਨਾਲ ਸਬੰਧਤ ਹੈ। ਸੁੱਖੀ ਸ਼ੇਰਗਿੱਲ ਨੇ ਫ਼ੇਸਬੁਕ ਉਤੇ ਮੇਰੇ ਨਾਲ ਸੰਪਰਕ ਕਰਕੇ ਘਰ ਆਉਣ ਦਾ ਵਾਅਦਾ ਲੈ ਲਿਆ ਸੀ। ਸੋ ਅਸੀਂ ਨਿਸਚਿਤ ਸਮੇਂ ਸੰਧੂ ਪਰਿਵਾਰ ਦੇ ਘਰ ਪਹੁੰਚ ਗਏ।