ਫ਼ਿਲਮ ਨਿਰਮਾਣ ਦੇ ਖੇਤਰ ‘ਚ ਹੱਥ ਆਜ਼ਮਾਉਣ ਦੀ ਕੋਸ਼ਿਸ਼ ਕਰਨ ਨੂੰ ਤਿਆਰ ਅਭਿਨੇਤਰੀ ਸਵਰਾ ਭਾਸਕਰ ਨੂੰ ਫ਼ਿਲਮ ਡਾਇਰੈਕਸ਼ਨ ਦੇ ਖੇਤਰ ‘ਚ ਆਉਣ ਬਾਰੇ ਕੋਈ ਦਿਲਚਸਪੀ ਨਹੀਂ। ਉਸ ਨੇ ਦੱਸਿਆ ਕਿ ਉਹ ਕਿਸੇ ਵੀ ਫ਼ਿਲਮ ਦਾ ਨਿਰਦੇਸ਼ਨ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਸ ਕੋਲ ਉਹ ਨਜ਼ਰੀਆ ਨਹੀਂ ਜੋ ਇੱਕ ਨਿਰਦੇਸ਼ਕ ਕੋਲ ਹੋਣਾ ਚਾਹੀਦਾ ਹੈ। ਇੱਕ ਪ੍ਰੋਗਰਾਮ ਦੌਰਾਨ ਸਵਰਾ ਨੇ ਕਿਹਾ, ”ਮੈਨੂੰ ਨਹੀਂ ਲਗਦਾ ਹੈ ਕਿ ਮੇਰੇ ਅੰਦਰ ਨਿਰਦੇਸ਼ਕ ਬਣਨ ਦੇ ਗੁਣ ਹਨ। ਮੈਂ ਅਭਿਨੇਤਰੀ, ਅਤੇ ਮੈਂ ਨਿਰਮਾਤਾ ਬਣ ਕੇ ਹੀ ਕਾਫ਼ੀ ਖ਼ੁਸ਼ ਹਾਂ।”
ਸਵਰਾ ਆਪਣੀ ਨਿਰਮਾਤਾ ਕੰਪਨੀ ਕਹਾਨੀਵਾਲੇ ਦੇ ਬੈਨਰ ਹੇਠ ਕ੍ਰਿਸ਼ਨਾ ਸੇਨ ਦੀ ਜ਼ਿੰਦਗੀ ‘ਤੇ ਆਧਾਰਿਤ ਫ਼ਿਲਮ ਦਾ ਨਿਰਮਾਣ ਕਰ ਰਹੀ ਹੈ। ਇਹ ਫ਼ਿਲਮ ਕ੍ਰਿਸ਼ਨਾ ਸੇਨ ਉਰਫ਼ ਸਵੀਟੀ ਸੇਨ ਦੀ ਸੱਚੀ ਕਹਾਣੀ ‘ਤੇ ਆਧਾਰਿਤ ਹੋਵੇਗੀ। ਫ਼ਿਲਮ ਦੀ ਕਹਾਣੀ ਅਜਿਹੀ ਔਰਤ ਦੇ ਦੁਆਲੇ ਘੁੰਮਦੀ ਨਜ਼ਰ ਆਵੇਗੀ ਜੋ ਖ਼ੁਦ ਨੂੰ ਮਰਦ ਦੱਸਦੀ ਹੈ ਅਤੇ ਦੋ ਔਰਤਾਂ ਨਾਲ ਵਿਆਹ ਵੀ ਕਰ ਲੈਂਦੀ ਹੈ। ਸਵਰਾ ਨੇ ਦੱਸਿਆ ਕਿ ਇਹ ਕਿਰਦਾਰ ਉਸ ਵਲੋਂ ਨਿਭਾਏ ਗਏ ਸਭ ਤੋਂ ਜ਼ਿਆਦਾ ਪੰਸਦ ਕੀਤੇ ਗਏ ਕਿਰਦਾਰਾਂ ‘ਚੋਂ ਹੋਣਗੇ।
ਉਸ ਨੇ ਕਿਹਾ, ”ਮੈਂ ਇੱਕ ਅਜਿਹੀ ਫ਼ਿਲਮ ਦਾ ਨਿਰਮਾਣ ਕਰਾਂਗੀ ਜੋ ਇੱਕ ਔਰਤ ਦੀ ਜੀਵਨੀ ਹੈ। ਉਹ ਔਰਤ ਪੁਰਸ਼ਾਂ ਵਾਲੇ ਕੱਪੜੇ ਪਾ ਕੇ ਪੁਰਸ਼ ਬਣ ਜਾਂਦੀ ਹੈ ਜਿਸ ਕਾਰਨ ਇਹ ਕਿਰਦਾਰ ਮੇਰੇ ਲਈ ਕਾਫ਼ੀ ਚੁਣੌਤੀਭਰਪੂਰ ਹਨ।”
ਤੁਹਾਡੇ ਲਈ ਜ਼ਿਆਦਾ ਮੁਸ਼ਕਲ ਕੀ ਸੀ? ਅਭਿਨੈ ਜਾਂ ਫ਼ਿਲਮ ਦਾ ਨਿਰਮਾਣ? ਇਸ ‘ਤੇ ਸਵਰਾ ਨੇ ਕਿਹਾ, ”ਇਹ ਦੋਵੇਂ ਹੀ ਆਪਣੇ ਪੱਧਰ ‘ਤੇ ਮੁਸ਼ਕਿਲ ਕੰਮ ਹਨ। ਵੈਸੇ, ਫ਼ਿਲਮ ਦਾ ਨਿਰਮਾਣ ਕਰਨਾ ਇੱਕ ਉਤਸ਼ਾਹਿਤ ਕਰਨ ਵਾਲੀ ਚੁਣੌਤੀ ਹੈ। ਇਸ ਫ਼ੈਸ਼ਨ ਪ੍ਰੋਗਰਾਮ ਦੌਰਾਨ ਜਦੋਂ ਸਵਰਾ ਨੂੰ ਪੁੱਛਿਆ ਗਿਆ ਕਿ ਅਸਲ ਜ਼ਿੰਦਗੀ ‘ਚ ਉਹ ਫ਼ੈਸ਼ਨ ਨੂੰ ਲੈ ਕੇ ਕਿੰਨੀ ਕੁ ਜਾਗਰੂਕ ਹੈ? ਜਵਾਬ ‘ਚ ਉਸ ਨੇ ਕਿਹਾ, ”ਮੈਂ ਫ਼ੈਸ਼ਨ ਬਾਰੇ ਬਹੁਤੀ ਜਾਗਰੂਕ ਨਹੀਂ, ਪਰ ਮੈਨੂੰ ਜਾਗਰੂਕ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇੱਕ ਅਦਾਕਾਰ ਹੋਣ ਦੇ ਨਾਤੇ ਸਾਡੇ ਪਹਿਨਣ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਹੈ।”











