ਹੁਸਨ ਅਤੇ ਅਦਾਕਾਰੀ ਨਾਲ ਕਰੋੜਾਂ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਕਰੀਨਾ ਕਪੂਰ ਖ਼ਾਨ ਪਿਛਲੇ ਕੁਝ ਸਮੇਂ ਤੋਂ ਭਾਵੇਂ ਘੱਟ ਫ਼ਿਲਮਾਂ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਉਸ ਦੇ ਕਰੀਅਰ ਦਾ ਗ੍ਰਾਫ਼ ਕਦੇ ਥੱਲੇ ਨਹੀਂ ਆਇਆ। ਇਹੀ ਵਜ੍ਹਾ ਹੈ ਕਿ ਉਸ ਦੇ ਖਾਤੇ ਵਿੱਚ ਅੱਜ ਵੀ ਕੁਝ ਚੰਗੀਆਂ ਫ਼ਿਲਮਾਂ ਹਨ ਜਿਨ੍ਹਾਂ ਵਿੱਚ ਉਸ ਦਾ ਕਿਰਦਾਰ ਕਾਫ਼ੀ ਵਧੀਆ ਹੈ। ਬਹੁਤ ਜਲਦੀ ਉਸ ਦੀ ਫ਼ਿਲਮ ‘ਉੜਤਾ ਪੰਜਾਬ’ ਆਉਣ ਵਾਲੀ ਹੈ। ਇਹੀ ਵਜ੍ਹਾ ਹੈ ਕਿ ਅੱਜ-ਕੱਲ੍ਹ ਕਰੀਨਾ ਕਪੂਰ ਬੇਹੱਦ ਖ਼ੁਸ਼ ਹੈ। ਪੇਸ਼ ਹਨ ਕਰੀਨਾ ਕਪੂਰ ਖ਼ਾਨ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:-
‘ਉੜਤਾ ਪੰਜਾਬ’ ਬਾਰੇ ਕੀ ਕਹੋਗੇ?
– ‘ਉੜਤਾ ਪੰਜਾਬ’ ਦਾ ਨਿਰਦੇਸ਼ਕ ਬੌਲੀਵੁੱਡ ਦਾ ਜਾਣਿਆ-ਪਛਾਣਿਆ ਨਿਰਦੇਸ਼ਕ ਅਭਿਸ਼ੇਕ ਚੌਬੇ ਹੈ। ਪੰਜਾਬ ਵਿੱਚ ਨਸ਼ਿਆਂ ਦੇ ਫ਼ੈਲੇ ਮੱਕੜਜਾਲ ਬਾਰੇ ਬਣੀ ਇਸ ਫ਼ਿਲਮ ਲਈ ਉਨ੍ਹਾਂ ਚਾਰ ਸਾਲ ਤਕ ਜਾਂਚ-ਪੜਤਾਲ ਕੀਤੀ। ਫ਼ਿਲਮ ਵਿੱਚ ਮੇਰੇ ਤੋਂ ਇਲਾਵਾ ਸ਼ਾਹਿਦ ਕਪੂਰ ਅਤੇ ਆਲੀਆ ਭੱਟ ਦੀਆਂ ਮੁੱਖ ਭੂਮਿਕਾਵਾਂ ਹਨ। ਸ਼ਾਹਿਦ ਫ਼ਿਲਮ ਵਿੱਚ ਡਰੱਗਜ਼ ਲੈਣ ਵਾਲੇ ਰਾੱਕ ਸਟਾਰ ਟੌਮੀ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ ਜਦੋਂਕਿ ਆਲੀਆ ਇੱਕ ਬਿਹਾਰੀ ਕੁੜੀ ਦੀ ਭੂਮਿਕਾ ਨਿਭਾ ਰਹੀ ਹੈ। ਮੈਂ ਇੱਕ ਡਾਕਟਰ ਦਾ ਕਿਰਦਾਰ ਨਿਭਾ ਰਹੀ ਹਾਂ, ਜੋ ਟੌਮੀ ਸਿੰਘ ਦਾ ਇਲਾਜ ਕਰੀ ਹੈ। ਫ਼ਿਲਮ ਵਿੱਚ ਮੇਰੀ ਜੋੜੀ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਨਾਲ ਹੈ, ਜਦੋਂਕਿ ਸ਼ਾਹਿਦ ਦੀ ਜੋੜੀ ਆਲੀਆ ਨਾਲ ਹੈ। ਦਿਲਜੀਤ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾ ਰਹੇ ਹਨ। ਇਹ ਫ਼ਿਲਮ 17 ਜੂਨ ਨੂੰ ਰਿਲੀਜ਼ ਹੋਵੇਗੀ।
ਦਿਲਜੀਤ ਦੋਸਾਂਝ ਦੇ ਨਾਲ ਕੰਮ ਕਰਕੇ ਕਿਵੇਂ ਲੱਗਿਆ?
– ਬਹੁਤ ਹੀ ਵਧੀਆ। ਉਹ ਪੰਜਾਬ ਦਾ ਪ੍ਰਸਿੱਧ ਗਾਇੱਕ ਤੇ ਅਦਾਕਾਰ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਨੂੰ ਉਸ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਹ ਨਾ ਸਿਰਫ਼ ਚੰਗਾ ਅਦਾਕਾਰ ਹੈ ਬਲਕਿ ਕਾਫ਼ੀ ਵਧੀਆ ਇਨਸਾਨ ਵੀ ਹੈ। ਪੰਜਾਬ ਵਿੱਚ ਉਹ ਕਾਫ਼ੀ ਹਰਮਨ ਪਿਆਰਾ ਹੈ। ਸ਼ੂਟਿੰਗ ਦੌਰਾਨ ਉਸ ਨਾਲ ਕੰਮ ਕਰਨਾ ਕਾਫ਼ੀ ਮਜ਼ੇਦਾਰ ਰਿਹਾ। ਫ਼ਿਲਮ ਵਿੱਚ ਉਸ ਦਾ ਕਿਰਦਾਰ ਸਰਪ੍ਰਾਈਜ਼ ਪੈਕੇਜ ਦੀ ਤਰ੍ਹਾਂ ਹੈ। ਦਰਸ਼ਕਾਂ ਨੂੰ ਸਾਡੀ ਜੋੜੀ ਪਸੰਦ ਆਵੇਗੀ। ਸਾਡੀ ਜੋੜੀ ‘ਚ ਤਾਜ਼ਾ ਤੇ ਨਵਾਂਪਣ ਹੈ ਜੋ ਲੋਕਾਂ ਨੂੰ ਆਕਰਸ਼ਿਤ ਕਰੇਗਾ।
ਸੁਣਨ ‘ਚ ਆਇਆ ਹੈ ਕਿ ਤੁਸੀਂ ‘ਉੜਤਾ ਪੰਜਾਬ’ ਲਈ ਪੰਜਾਬੀ ਵੀ ਸਿੱਖੀ?
– ਬਿਲਕੁਲ, ਮੈਂ ਪੰਜਾਬੀ ਦੇ ਸਹੀ ਉਚਾਰਨ ਲਈ ਦਿੱਲੀ ਦੇ ਇੱਕ ਪ੍ਰੋਫ਼ੈਸਰ ਤੋਂ ਪੰਜਾਬੀ ਸਿੱਖੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਫ਼ਿਲਮ ‘ਜਬ ਵੀ ਮੈੱਟ’ ਵਿੱਚ ਵੀ ਮੈਂ ਇੱਕ ਚੁਲਬੁਲੀ ਪੰਜਾਬੀ ਲੜਕੀ ਦਾ ਕਿਰਦਾਰ ਨਿਭਾਇਆ ਸੀ, ਪਰ ਉਦੋਂ ਪੰਜਾਬੀ ਸਿੱਖਣ ਦੀ ਜ਼ਰੂਰਤ ਨਹੀਂ ਪਈ ਸੀ।
ਰੀਆ ਕਪੂਰ ਦੇ ਨਿਰਦੇਸ਼ਨ ‘ਚ ਬਣਨ ਵਾਲੀ ਫ਼ਿਲਮ ਦਾ ਕੀ ਬਣਿਆ?
– ਮੈਂ ਵੀ ‘ਖ਼ੂਬਸੂਰਤ’ ਅਤੇ ‘ਆਇਸ਼ਾ’ ਜਿਹੀਆਂ ਫ਼ਿਲਮਾਂ ਦੀ ਨਿਰਮਾਤਾ ਰੀਆ ਕਪੂਰ ਦੇ ਨਿਰਦੇਸ਼ਨ ‘ਚ ਬਣਨ ਵਾਲੀ ਪਹਿਲੀ ਫ਼ਿਲਮ ‘ਵੀਰੇ ਦੀ ਸ਼ਾਦੀ’ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੀ ਹਾਂ। ਇਹ ਚਾਰ ਮੁਟਿਆਰਾਂ ਦੀ ਕਹਾਣੀ ਹੈ। ਉਂਜ, ਇਸ ਵਿੱਚ ਸੋਨਮ ਕਪੂਰ ਮੁੱਖ ਭੂਮਿਕਾ ਨਿਭਾਏਗੀ।
ਅਦਾਕਾਰੀ, ਫ਼ਿਲਮਾਂ ਦੇ ਪਰੋਮੋਸ਼ਨ ਦੇ ਨਾਲ ਤੁਸੀਂ ਐਡ ਫ਼ਿਲਮਾਂ ‘ਚ ਵੀ ਕਾਫ਼ੀ ਵਿਅਸਤ ਰਹਿੰਦੇ ਹੋ। ਫ਼ਿਰ ਖ਼ੁਦ ਤੇ ਆਪਣਿਆਂ ਲਈ ਸਮਾਂ ਕਿਵੇਂ ਕੱਢਦੇ ਹੋ?
– ਸੱਚ ਤਾਂ ਇਹ ਹੈ ਕਿ ਅੱਜ ਦੇ ਅਦਾਕਾਰ, ਅਦਾਕਾਰ ਹੀ ਨਹੀਂ ਰਹੇ, ਉਹ ਇੱਕ ਮਜ਼ਾਕ ਬਣ ਚੁੱਕੇ ਹਨ। ਅੱਜ-ਕੱਲ੍ਹ ਫ਼ਿਲਮਾਂ ਦੀ ਕੁਝ ਜ਼ਿਆਦਾ ਹੀ ਪਰੋਮੋਸ਼ਨ ਹੁੰਦੀ ਹੈ। ਫ਼ਿਲਮ ਪਰੋਮੋਸ਼ਨ ਲਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਕਦੇ ਇਸ ਪ੍ਰੋਗਰਾਮ ‘ਚ ਨੱਚਣਾ ਤੇ ਕਦੇ ਉਸ ਪ੍ਰੋਗਰਾਮ ‘ਚ ਜਾਣਾ, ਸਭ ਕੁਝ ਐਨਾ ਵਕਤ ਲੈਂਦਾ ਹੈ ਕਿ ਖ਼ੁਦ ਬਾਰੇ ਸੋਚਣ ਦਾ ਵਕਤ ਨਹੀਂ ਮਿਲਦਾ। ਹਾਲਾਂਕਿ ਪਹਿਲਾਂ ਵੀ ਫ਼ਿਲਮਾਂ ਬਣਦੀਆਂ ਸਨ, ਪਰ ਉਦੋਂ ਐਨੇ ਝੰਜਟ ਨਹੀਂ ਹੁੰਦੇ ਸਨ। ਇਸ ਦੇ ਬਾਵਜੂਦ ਓਦੋਂ ਫ਼ਿਲਮਾਂ ਬਹੁਤ ਚਲਦੀਆਂ ਸਨ, ਪਰ ਅੱਜ-ਕੱਲ੍ਹ ਸੌ ਝੰਜਟਾਂ ਦੇ ਬਾਵਜੂਦ ਫ਼ਿਲਮਾਂ ਨਹੀਂ ਚੱਲਦੀਆਂ। ਇਸ ਦੇ ਬਾਵਜੂਦ ਅਦਾਕਾਰ ਦੀਆਂ ਮੁਸੀਬਤਾਂ ਘੱਟ ਨਹੀਂ ਹੁੰਦੀਆਂ।
ਅਜੋਕੇ ਅਦਾਕਾਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹਰਮਨ ਪਿਆਰੇ ਵੀ ਤਾਂ ਹੋ ਰਹੇ ਹਨ?
– ਨਹੀਂ, ਮੈਂ ਅਜਿਹਾ ਨਹੀਂ ਮੰਨਦੀ। ਸੱਚ ਤਾਂ ਇਹ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਪਹਿਲਾਂ ਦੇ ਕਲਾਕਾਰਾਂ ਲਈ ਇੱਜ਼ਤ ਕਿਤੇ ਜ਼ਿਆਦਾ ਹੋਇਆ ਕਰਦੀ ਸੀ। ਪਹਿਲਾਂ ਲੋਕ ਆਪਣੇ ਪਸੰਦੀਦਾ ਅਦਾਕਾਰ ਦੀ ਇੱਕ ਨਜ਼ਰ ਪਾਉਣ ਲਈ ਤੜਪਦੇ ਸਨ, ਪਰ ਹੁਣ ਤਾਂ ਕਲਾਕਾਰ ਖ਼ੁਦ ਹੀ ਆਪਣੇ ਨਹਾਉਣ ਤੋਂ ਲੈ ਕੇ ਪਤਾ ਨਹੀਂ ਕਿਹੋ-ਕਿਹੋ ਜਿਹੀਆਂ ਤਸਵੀਰਾਂ ਸੋਸ਼ਲ ਸਾਈਟਸ ‘ਤੇ ਪਾਉਂਦੇ ਰਹਿੰਦੇ ਹਨ। ਇਸ ਕਾਰਨ ਅਜੋਕੇ ਕਲਾਕਾਰਾਂ ਲਈ ਲੋਕਾਂ ਦੇ ਮਨਾਂ ਵਿੱਚ ਉਹ ਇੱਜ਼ਤ ਨਹੀਂ ਬਚੀ।
ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਬੌਲੀਵੁੱਡ ਵਿੱਚ ਵਿਆਹੁਤਾ ਨਾਇੱਕਾਵਾਂ ਨੂੰ ਚੰਗੇ ਕਿਰਦਾਰ ਮਿਲਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ?
– ਨਹੀਂ, ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਕਿਉਂਕਿ ਮੇਰੇ ਵਿਆਹ ਨੂੰ ਕਾਫ਼ੀ ਸਮਾਂ ਹੋ ਗਿਆ ਹੈ ਅਤੇ ਮੈਂ ਵਿਆਹ ਤੋਂ ਬਾਅਦ ਵੀ ਫ਼ਿਲਮਾਂ ਅਤੇ ਆਈਟਮ ਨੰਬਰ ਕਰ ਰਹੀ ਹਾਂ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਮੇਰੇ ਪਤੀ ਸੈਫ਼ ਅਲੀ ਖ਼ਾਨ ਨੇ ਮੈਨੂੰ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਅਤੇ ਜੇ ਅਜਿਹਾ ਨਾ ਹੁੰਦਾ ਤਾਂ ਮੈਂ ਇਹ ਸਭ ਕਦੇ ਨਾ ਕਰ ਪਾਉਂਦੀ। ਇਹੀ ਕਾਰਨ ਹੈ ਕਿ ਮੇਰੀ ਇੱਛਾ ਹੈ ਕਿ ਮੇਰਾ ਕਰੀਅਰ ਜ਼ੋਹਰਾ ਸਹਿਗਲ ਜਿਹਾ ਹੋਵੇ ਕਿਉਂਕਿ ਉਨ੍ਹਾਂ ਦੀ ਤਰ੍ਹਾਂ ਮੈਂ ਵੀ 80 ਸਾਲ ਦੀ ਉਮਰ ‘ਚ ਵੀ ਅਦਾਕਾਰੀ ਕਰਨਾ ਚਾਹੁੰਦੀ ਹਾਂ।
ਜਦੋਂ ਤੁਹਾਨੂੰ ਫ਼ਿਲਮਾਂ ‘ਚ ਚੰਗੇ ਕਿਰਦਾਰ ਮਿਲ ਰਹੇ ਹਨ ਤਾਂ ਆਈਟਮ ਨੰਬਰ ਕਿਉਂ ਕਰਦੇ ਹੋ?
– ਤੁਹਾਨੂੰ ਪਤਾ ਹੋਵੇਗਾ ਕਿ ਮੈਂ 16 ਸਾਲ ਦੀ ਉਮਰ ਤੋਂ ਫ਼ਿਲਮਾਂ ‘ਚ ਕੰਮ ਕਰ ਰਹੀ ਹਾਂ। ਇਸ ਦੌਰਾਨ ਮੇਰੇ ਕਈ ਦੋਸਤ ਬਣੇ ਹਨ ਅਤੇ ਜੇ ਉਹ ਮੈਨੂੰ ਆਪਣੀ ਫ਼ਿਲਮ ‘ਚ ਆਈਟਮ ਨੰਬਰ ਕਰਵਾਉਣਾ ਚਾਹੁੰਦੇ ਹਨ ਤਾਂ ਮੈਂ ਉਨ੍ਹਾਂ ਨੂੰ ਮਨ੍ਹਾਂ ਕਿਵੇਂ ਕਰ ਸਕਦੀ ਹਾਂ। ਉਂਜ ਵੀ ਇੱਕ ਔਰਤ ਦੇ ਸੌ ਰੂਪ ਹੁੰਦੇ ਹਨ। ਮੇਰੇ ਲਈ ਵੀ ਸਿਰਫ਼ ਇੱਕ ਰੂਪ ਵਿੱਚ ਕੈਦ ਹੋ ਕੇ ਰਹਿ ਜਾਣਾ ਠੀਕ ਨਹੀਂ ਹੈ। ਇਸ ਲਈ ਕਦੇ ਆਈਟਮ ਨੰਬਰ ਕਰ ਕੇ ਲੋਕਾਂ ਨੂੰ ਆਪਣਾ ਵੱਖਰਾ ਰੂਪ ਦਿਖਾਉਣਾ ਪਸੰਦ ਕਰਦੀ ਹਾਂ। ਸੱਚ ਕਹਾਂ ਤਾਂ ਮੈਂ ਉਹ ਸਭ ਕੁਝ ਕਰਨਾ ਪਸੰਦ ਕਰਦੀ ਹਾਂ, ਜੋ ਮੈਨੂੰ ਪਸੰਦ ਹੈ।
ਤੁਹਾਡੇ ਮੁਤਾਬਕ ਫ਼ੈਸ਼ਨ ਕੀ ਹੈ?
– ਮੇਰੇ ਹਿਸਾਬ ਨਾਲ ਰੋਜ਼ਾਨਾ ਪਹਿਨਣ ਵਾਲੇ ਕੱਪੜੇ, ਜੀਨਸ, ਟੀ-ਸ਼ਰਟ, ਟਰੈਕ ਸੂਟ ਹੀ ਫ਼ੈਸ਼ਨ ਹੈ, ਪਰ ਰੈੱਡ ਕਾਰਪੇਟ ਸਮਾਰੋਹ ਲਈ ਮੈਂ ਗਾਊਨ ਪਹਿਨਣਾ ਪਸੰਦ ਕਰਦੀ ਹਾਂ। ਮੇਰੀ ਨਜ਼ਰ ਵਿੱਚ ਫ਼ੈਸ਼ਨ ਦਾ ਮਤਲਬ ਸਹਿਜ ਜਾਂ ਆਰਾਮਦੇਹ ਹੋਣ ਤੋਂ ਹੈ। ਮੇਰਾ ਮੰਨਣਾ ਹੈ ਕਿ ਮੈਂ ਜਿਸ ਚੀਜ਼ ਨੂੰ ਪਹਿਨ ਕੇ ਸਹਿਜ ਮਹਿਸੂਸ ਕਰਾਂ, ਉਹੀ ਮੇਰੇ ਲਈ ਫ਼ੈਸ਼ਨ ਹੈ। ਮੇਰੇ ਖ਼ਿਆਲ ਮੁਤਾਬਕ ਮੇਰੀ ਇਹ ਗੱਲ ਲੋਕਾਂ ਨੂੰ ਚੰਗੀ ਲੱਗਦੀ ਹੈ।
ਬੌਲੀਵੁੱਡ ‘ਚ ਕਈ ਨਾਇੱਕਾਵਾਂ ਤੁਹਾਡੇ ਪੈਰ-ਚਿੰਨ੍ਹਾਂ ‘ਤੇ ਚਲਦੀਆਂ ਹਨ। ਤੁਸੀਂ ਕਿਸ ਅਦਾਕਾਰਾ ਨੂੰ ਪਸੰਦ ਕਰਦੇ ਹੋ?
– ਸੱਚ ਕਹਾਂ ਤਾਂ ਮੈਂ ਕੰਗਨਾ ਰਣੌਤ ਦੀਆਂ ਫ਼ਿਲਮਾਂ ‘ਚ ਉਸ ਵੱਲੋਂ ਨਿਭਾਏ ਕਿਰਦਾਰਾਂ ਤੋਂ ਹਮੇਸ਼ਾਂ ਪ੍ਰਭਾਵਿਤ ਹੋਈ ਹਾਂ ਅਤੇ ਮੈਂ ਉਸ ਦੇ ਕੰਮ ਤੋਂ ਪ੍ਰੇਰਨਾ ਵੀ ਲੈਂਦੀ ਹਾਂ। ‘ਕੁਈਨ’ ਤੇ ‘ਤਨੂ ਵੈੱਡਜ਼ ਮਨੂ’ ਲੜੀ ਦੀਆਂ ਫ਼ਿਲਮਾਂ ਵਿੱਚ ਕੰਗਨਾ ਨੇ ਆਪਣੇ ਕਿਰਦਾਰਾਂ ‘ਚ ਰੂਹ ਫ਼ੂਕੀ ਹੈ। ਉਹ ਬਹੁਤ ਵਧੀਆ ਕੰਮ ਕਰ ਰਹੀ ਹੈ।
ਤੁਹਾਨੂੰ ਕਦੋਂ ਪਤਾ ਲੱਗਿਆ ਸੀ ਕਿ ਫ਼ਿਲਮੀ ਦੁਨੀਆਂ ਤੁਹਾਨੂੰ ਬੁਲਾ ਰਹੀ ਹੈ?
– ਮੈਂ ਸ਼ੁਰੂ ਤੋਂ ਹੀ ਅਦਾਕਾਰਾ ਬਣਨਾ ਚਾਹੁੰਦੀ ਸੀ ਅਤੇ ਮੈਂ ਇਹ ਗੱਲ ਉਦੋਂ ਹੀ ਸਮਝ ਗਈ ਸੀ ਜਦੋਂ ਮੈਂ ਬਹੁਤ ਛੋਟੀ ਸੀ। ਮੈਂ ਜਦੋਂ ਛੋਟੀ ਸੀ ਤਾਂ ਅਕਸ਼ੈ ਕੁਮਾਰ ਅਤੇ ਸਲਮਾਨ ਖ਼ਾਨ ਨੂੰ ਦੇਖਿਆ ਕਰਦੀ ਸੀ। ਮੈਂ ਕਿਹਾ ਕਰਦੀ ਸੀ ਕਿ ਇੱਕ ਦਿਨ ਮੈਂ ਉਨ੍ਹਾਂ ਨਾਲ ਕੰਮ ਜ਼ਰੂਰ ਕਰਾਂਗੀ, ਪਰ ਮੇਰੀ ਵੱਡੀ ਭੈਣ ਕ੍ਰਿਸ਼ਮਾ ਕਪੂਰ ਜੋ ਫ਼ਿਲਮੀ ਦੁਨੀਆਂ ‘ਚ ਆ ਚੁੱਕੀ ਸੀ, ਕਿਹਾ ਕਰਦੀ ਸੀ, ”ਦਫ਼ਾ ਹੋ ਜਾਓ ਔਰ ਸਕੂਲ ਜਾਓ।”











