ਮਿਰਜਾਪੁਰ : ਮਿਰਜ਼ਾਪੁਰ ਜ਼ਿਲ੍ਹੇ ਦੇ ਮਦੀਹਾਨ ਥਾਣਾ ਖੇਤਰ ਵਿੱਚ ਇੱਕ ਟਰੱਕ ਦੀ ਮੋਟਰਸਾਈਕਲ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਰਾਤ ਨੂੰ ਮਦੀਹਾਨ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਦੇਵਰੀ ਵਿੱਚ ਵਾਪਰਿਆ ਹੈ। ਮਦੀਹਾਨ ਪੁਲਸ ਸਟੇਸ਼ਨ ਦੇ ਇੰਚਾਰਜ ਬਾਲਮੁਕੁੰਦ ਮਿਸ਼ਰਾ ਨੇ ਦੱਸਿਆ ਕਿ ਪੁਲਸ ਥਾਣਾ ਖੇਤਰ ਵਿੱਚ ਇੱਕ ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚ ਗਈ।
ਪੁਲਸ ਸਰਕਲ ਅਫਸਰ (ਸੀਓ) ਮੰਜਰੀ ਰਾਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੀਰੇਂਦਰ ਕੁਮਾਰ (35), ਵਿਜੇ ਕੁਮਾਰ (38) ਅਤੇ ਰਾਜੇਸ਼ (41) ਮਿਰਜ਼ਾਪੁਰ ਤੋਂ ਮਦੀਹਾਨ ਮੋਟਰਸਾਈਕਲ ‘ਤੇ ਜਾ ਰਹੇ ਸਨ, ਜਦੋਂ ਉਲਟ ਦਿਸ਼ਾ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਤਿੰਨੋਂ ਗੰਭੀਰ ਜ਼ਖਮੀ ਹੋ ਗਏ। ਰਾਓ ਨੇ ਕਿਹਾ ਕਿ ਪੁਲਸ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।















