ਮਾਹੌਲ ਵਿਗਾੜਨ ਦੀ ਫਿਰਾਕ ‘ਚ ਦੇਸ਼ ਵਿਰੋਧੀ ਤਾਕਤਾਂ, ਹਾਈ ਅਲਰਟ ‘ਤੇ ਦਿੱਲੀ ਪੁਲਸ

ਨਵੀਂ ਦਿੱਲੀ- ਦਿੱਲੀ ਪੁਲਸ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿਰੋਧੀ ਤਾਕਤਾਂ ਦੇਸ਼ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ‘ਚ ਹਨ। ਇਸ ਲਈ ਦਿੱਲੀ ਪੁਲਸ ਵਲੋਂ ਸੋਸ਼ਲ ਮੀਡੀਆ ਤੋਂ ਲੈ ਕੇ ਧਾਰਮਿਕ ਥਾਵਾਂ ‘ਤੇ ਹਰ ਪਾਸੇ ਹਾਈ ਅਲਰਟ ਜਾਰੀ ਕੀਤਾ ਹੈ। ਦਰਅਸਲ ਬਨਾਰਸ ਦੇ ਗਿਆਨਵਾਪੀ ਕੇਸ ਨੂੰ ਲੈ ਕੇ ਕੋਰਟ ਦੇ ਹੁਕਮ, ਮਥੁਰਾ ‘ਚ ਕ੍ਰਿਸ਼ਨ ਜਨਮਭੂਮੀ ਨਾਲ ਲੱਗਦੇ ਸ਼ਾਹੀ ਈਦਗਾਹ ਨੂੰ ਲੈ ਕੇ ਵਿਵਾਦ ਅਤੇ ਦਿੱਲੀ ਦੇ ਮਹਿਰੌਲੀ ‘ਚ ਅਖੁੰਦਜੀ ਮਸਜਿਦ ਨੂੰ ਢਾਹੇ ਜਾਣ ਮਗਰੋਂ ਦੇਸ਼ ਵਿਰੋਧੀ ਤਾਕਤਾਂ ਮਾਹੌਲ ਖਰਾਬ ਕਰਨ ਦੀ ਸਾਜਿਸ਼ ਰੱਚ ਰਹੀਆਂ ਹਨ।
ਇਨਪੁਟ ਮਿਲਣ ਮਗਰੋਂ ਦਿੱਲੀ ਵਿਚ ਸਾਰੇ ਸਾਈਬਰ ਯੂਨਿਟ, ਟਰੈਫਿਕ ਪੁਲਸ, ਪੀ. ਸੀ. ਆਰ. ਯੂਨਿਟ ਨੂੰ ਵਧੇਰੇ ਚੌਕਸੀ ਅਤੇ ਸ਼ਰਾਰਤੀ ਅਨਸਰਾਂ ‘ਤੇ ਤਿੱਖੀ ਨਜ਼ਰ ਰੱਖਣ ਨੂੰ ਕਿਹਾ ਹੈ। ਇੰਟੈਲੀਜੈਂਸ ਇਨਪੁਟ ‘ਚ ਕਿਹਾ ਗਿਆ ਹੈ ਕਿ 31 ਜਨਵਰੀ ਨੂੰ ਕੋਰਟ ਨੇ ਸ਼ਰਧਾਲੂਆਂ ਨੂੰ ਗਿਆਨਵਾਪੀ ਮਸਜਿਦ ‘ਚ ਵਿਆਸ ਦਾ ਤਹਿਖ਼ਾਨਾ ਦੇ ਅੰਦਰ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਹੈ। ਸ਼ਾਹੀ ਈਦਗਾਹ ਮਸਜਿਦ ਨਾਲ ਜੁੜਿਆ ਵਿਵਾਦ ਵੀ ਵੱਧ ਰਿਹਾ ਹੈ।
ਇਨਪੁਟ ‘ਚ ਕਿਹਾ ਗਿਆ ਹੈ ਕਿ ਤਮਾਮ ਸਿਆਸੀ ਅਤੇ ਧਾਰਮਿਕ ਪ੍ਰਤੀਕਿਰਿਆਵਾਂ ਦਰਮਿਆਨ ਸੋਸ਼ਲ ਮੀਡੀਆ ਜ਼ਰੀਏ ਆਮ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਅਜਿਹਾ ਖ਼ਦਸ਼ਾ ਹੈ ਕਿ ਸ਼ਰਾਰਤੀ ਅਨਸਰ ਧਾਰਮਿਕ ਸਥਾਨਾਂ ‘ਤੇ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ। ਇੰਟੈਲੀਜੈਂਸ ਵਲੋਂ ਹਿਦਾਇਤ ਦਿੱਤੀ ਗਈ ਹੈ ਕਿ ਤਮਾਮ ਧਾਰਮਿਕ ਸੰਗਠਨਾਂ ਅਤੇ ਸੰਵੇਦਨਸ਼ੀਲ ਇਲਾਕਿਆਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇ। ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਣ ਲਈ ਅਲਰਟ ਮੋਡ ‘ਤੇ ਰਹੋ।