ਨਵੀਂ ਦਿੱਲੀ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦਾ ਮੁੱਖ ਰਾਸ਼ਟਰੀ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਆਨੰਦ ਨੂੰ ਇਕ ਮਹੀਨਾ ਪਹਿਲਾਂ ਹੀ ਪਾਰਟੀ ‘ਚ ਮੁੜ ਸ਼ਾਮਲ ਕੀਤਾ ਗਿਆ ਸੀ। ਆਨੰਦ ਤਿੰਨ ਰਾਸ਼ਟਰੀ ਕੋਆਰਡੀਨੇਟਰਾਂ ‘ਤੇ ਮੁੱਖ ਰਾਸ਼ਟਰੀ ਕੋਆਰਡੀਨੇਟਰ ਵਜੋਂ ਕੰਮ ਕਰਨਗੇ। ਇਹ ਅਹੁਦਾ ਖਾਸ ਤੌਰ ‘ਤੇ ਆਨੰਦ ਲਈ ਬਣਾਇਆ ਗਿਆ ਹੈ ਅਤੇ ਇਸ ਨਾਲ ਉਹ ਪਾਰਟੀ ‘ਚ ਦੂਜੇ ਨੰਬਰ ਦੇ ਨੇਤਾ ਬਣ ਗਏ ਹਨ। ਆਨੰਦ ਨੂੰ ਇਹ ਅਹੁਦਾ ਦੇਣ ਦਾ ਫੈਸਲਾ ਮਾਇਆਵਤੀ ਨੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਪਾਰਟੀ ਕੋਆਰਡੀਨੇਟਰਾਂ ਦੀ ਇਕ ਮੀਟਿੰਗ ‘ਚ ਲਿਆ। ਆਨੰਦ ਨੇ ਮਾਇਆਵਤੀ ਦਾ ਬਸਪਾ ਸੰਗਠਨਾਤਮਕ ਢਾਂਚੇ ‘ਚ ਮੁੜ ਸ਼ਾਮਲ ਕਰਨ ਲਈ ਧੰਨਵਾਦ ਕੀਤਾ। ਆਨੰਦ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ, “ਭੈਣ ਜੀ ਨੇ ਮੈਨੂੰ ਪਾਰਟੀ ਦੇ ਮੁੱਖ ਰਾਸ਼ਟਰੀ ਕੋਆਰਡੀਨੇਟਰ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਹੈ। ਮੈਂ ਭੈਣ ਦਾ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਮੇਰੀਆਂ ਗਲਤੀਆਂ ਨੂੰ ਮਾਫ਼ ਕਰ ਦਿੱਤਾ ਹੈ ਅਤੇ ਮੈਨੂੰ ਬਹੁਜਨ ਮਿਸ਼ਨ ਅਤੇ ਅੰਦੋਲਨ ਨੂੰ ਮਜ਼ਬੂਤ ਕਰਨ ‘ਚ ਯੋਗਦਾਨ ਪਾਉਣ ਦਾ ਮੌਕਾ ਦਿੱਤਾ ਹੈ।”
ਉਨ੍ਹਾਂ ਕਿਹਾ,”ਮੈਂ ਭੈਣ ਜੀ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਪਾਰਟੀ ਅਤੇ ਅੰਦੋਲਨ ਦੇ ਹਿੱਤ ‘ਚ ਪੂਰੀ ਲਗਨ ਨਾਲ ਕੰਮ ਕਰਾਂਗਾ ਅਤੇ ਉਨ੍ਹਾਂ ਨੂੰ ਕਦੇ ਨਿਰਾਸ਼ ਨਹੀਂ ਕਰਾਂਗਾ।” ਆਨੰਦ ਨੇ ਜਨਤਕ ਤੌਰ ‘ਤੇ ਮੁਆਫੀ ਮੰਗਦੇ ਹੋਏ ਕਿਹਾ ਸੀ ਕਿ ਉਹ ਮਾਇਆਵਤੀ ਨੂੰ ਆਪਣਾ ਇਕਲੌਤਾ ਰਾਜਨੀਤਿਕ ਗੁਰੂ ਮੰਨਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਮਹੀਨੇ ਪਾਰਟੀ ‘ਚ ਮੁੜ ਸ਼ਾਮਲ ਕੀਤਾ ਗਿਆ ਸੀ। 2 ਮਾਰਚ ਨੂੰ ਮਾਇਆਵਤੀ ਨੇ ਆਕਾਸ਼ ਨੂੰ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਹੁਣ ਉਨ੍ਹਾਂ ਦੇ ਆਖਰੀ ਸਾਹ ਤੱਕ ਪਾਰਟੀ ‘ਚ ਕੋਈ ਉੱਤਰਾਧਿਕਾਰੀ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਫਰਵਰੀ ‘ਚ ਬਸਪਾ ਪ੍ਰਧਾਨ ਨੇ ਆਕਾਸ਼ ਦੇ ਸਹੁਰੇ ਅਸ਼ੋਕ ਸਿਧਾਰਥ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ‘ਚੋਂ ਕੱਢ ਦਿੱਤਾ ਸੀ। ਮਾਇਆਵਤੀ ਨੇ ਪਹਿਲਾਂ ਆਕਾਸ਼ ਆਨੰਦ ਨੂੰ ਆਪਣਾ ਉੱਤਰਾਧਿਕਾਰੀ ਐਲਾਨਿਆ ਸੀ ਪਰ ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਇਕ ਵਿਵਾਦਪੂਰਨ ਬਿਆਨ ਤੋਂ ਬਾਅਦ ਆਪਣੇ ਭਤੀਜੇ ਤੋਂ ਇਹ ਅਹੁਦਾ ਵਾਪਸ ਲੈ ਲਿਆ ਸੀ। ਹਾਲਾਂਕਿ ਬਾਅਦ ‘ਚ ਮਾਇਆਵਤੀ ਨੇ ਮੁੜ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ ਸੀ।