ਮਸ਼ਹੂਰ ਕਲੱਬ ਕ੍ਰਿਕਟਰ ਦਾ ਕੋਰੋਨਾ ਕਾਰਨ ਦਿਹਾਂਤ

Image Courtesy :jagbani(punjabkesar)

ਨਵੀਂ ਦਿੱਲੀ – ਮੰਨੇ-ਪ੍ਰਮੰਨੇ ਕਲੱਬ ਕ੍ਰਿਕਟਰ ਅਤੇ ਦਿੱਲੀ ਦੀ ਅੰਡਰ-23 ਟੀਮ ਦੇ ਸਾਬਕਾ ਸਹਿਯੋਗੀ ਸਟਾਫ਼ ਡੋਭਾਲ ਦਾ ਕੋਰੋਨਾਵਾਇਰਸ ਇਨਫ਼ੈਕਸ਼ਨ ਕਾਰਨ ਦਿਹਾਂਤ ਹੋ ਗਿਆ। ਉਸ ਦੇ ਪਰਿਵਾਰ ਦੇ ਕਰੀਬੀ ਸੂਤਰ ਨੇ ਇਹ ਜਾਣਕਾਰੀ ਦਿੱਤੀ। ਡੋਭਾਲ 53 ਸਾਲਾਂ ਦਾ ਸੀ ਅਤੇ ਉਸ ਦੇ ਪਰਿਵਾਰ ਵਿੱਚ ਪਤਨੀ ਅਤੇ 2 ਬੇਟੇ ਹਨ। ਵੱਡਾ ਬੇਟਾ ਸਿਧਾਂਤ ਰਾਜਸਥਾਨ ਲਈ ਫ਼ਰਸਟ ਕਲਾਸ ਕ੍ਰਿਕਟ ਖੇਡਦਾ ਹੈ ਅਤੇ ਛੋਟਾ ਬੇਟਾ ਏਕਾਂਸ਼ ਦਿੱਲੀ ਦੀ ਅੰਡਰ-23 ਟੀਮ ਵਿੱਚ ਹੈ।
DDCA ਦੇ ਇੱਕ ਅਧਿਕਾਰ ਨੇ ਦੱਸਿਆ ਕਿ ਡੋਭਾਲ ਵਿੱਚ ਕੋਰੋਨਾ ਵਾਇਰਸ ਲੱਛਣ ਸਨ ਅਤੇ ਉਸ ਨੂੰ ਪਹਿਲਾਂ ਬਹਾਦਰਗੜ੍ਹ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਉੱਥੇ ਜਾਂਚ ਵਿੱਚ ਉਹ ਪੌਜ਼ੇਟਿਵ ਪਾਇਆ ਗਿਆ। ਉਸ ਤੋਂ ਬਾਅਦ ਹਾਲਾਤ ਵਿਗੜਨ ‘ਤੇ ਉਸ ਨੂੰ ਦੁਆਰਕਾ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਉਸ ਨੂੰ ਪਲਾਜ਼ਮਾ ਥੈਰੇਪੀ ਵੀ ਦਿੱਤੀ ਗਈ ਪਰ ਕੋਈ ਅਸਰ ਨਹੀਂ ਹੋਇਆ। ਫ਼ਿਰੋਜਸ਼ਾਹ ਕੋਟਲਾ ਮੈਦਾਨ ‘ਤੇ ਮੰਨਿਆ-ਪ੍ਰਮੰਨਿਆ ਚਿਹਰਾ ਡੋਭਾਲ ਦਿੱਲੀ ਦੇ ਕ੍ਰਿਕਟਰਾਂ ਵਰਿੰਦਰ ਸਹਿਵਾਗ, ਗੌਤਮ ਗੰਭੀਰ, ਮਿਥੁਨ ਮਨਹਾਸ ਵਿਚਾਲੇ ਵੀ ਕਾਫ਼ੀ ਲੋਕਪ੍ਰਸਿੱਧ ਸੀ।
ਜ਼ਿਕਰਯੋਗ ਹੈ ਕਿ ਉਸ ਨੇ ਸੋਨੈਟ ਕਲੱਬ ਲਈ ਕ੍ਰਿਕਟ ਵੀ ਖੇਡਿਆ। ਗੰਭੀਰ ਅਤੇ ਮਨਹਾਸ ਨੇ ਟਵਿਟਰ ਜ਼ਰੀਏ ਪਲਾਜ਼ਮਾ ਡੋਨੇਸ਼ਨ ਦੀ ਅਪੀਲ ਵੀ ਕੀਤੀ ਸੀ, ਅਤੇ ਆਮ ਆਦਮੀ ਪਾਰਟੀ ਦੇ ਦਿਲੀਪ ਪਾਂਡੇ ਨੇ ਡੋਨਰ ਦਾ ਇੰਤਜ਼ਾਮ ਕੀਤਾ ਸੀ। ਡੋਭਾਲ ਨੇ ਏਅਰ ਇੰਡੀਆ ਲਈ ਖੇਡਣ ਤੋਂ ਬਾਅਦ ਜੂਨੀਅਰ ਕ੍ਰਿਕਟਰਾਂ ਨੂੰ ਕੋਚਿੰਗ ਦੇਣਾ ਸ਼ੁਰੂ ਕੀਤਾ। BCCI ਦੇ ਸਾਬਕਾ ਮੁਖੀ ਸੀ. ਕੇ. ਖੰਨਾ, ਦਿੱਲੀ ਦੇ ਧਾਕੜ ਖਿਡਾਰੀ ਮਦਨ ਲਾਲ ਅਤੇ ਮਨਹਾਸ ਨੇ ਉਸ ਦੇ ਦਿਹਾਂਤ ‘ਤੇ ਸ਼ੋਕ ਪ੍ਰਗਟ ਕੀਤਾ ਹੈ।