ਧਰਮਸ਼ਾਲਾ: ਕੇ.ਐੱਲ. ਰਾਹੁਲ ਨੇ ਅਜੇਤੂ ਅਰਧ ਸੈਂਕੜੇ (51) ਦੀ ਮਦਦ ਨਾਲ ਭਾਰਤ ਨੇ ਮੰਗਲਵਾਰ ਨੂੰ ਆਸਟਰੇਲੀਆ ਨੂੰ ਚੌਥੇ ਟੈਸਟ ਮੈਚ ‘ਚ 8 ਵਿਕਟਾਂ ਨਾਲ ਹਰਾਇਆ। ਭਾਰਤ ਨੇ 106 ਦੌੜਾਂ ਦੇ ਟੀਚੇ ਨੂੰ ਚੌਥੇ ਦਿਨ ਸਵੇਰੇ 23.5 ਓਵਰਾਂ ‘ਚ 2 ਵਿਕਟਾਂ ਗੁਆ ਕੇ ਹਾਸਲ ਕੀਤਾ। ਇਸ ਦੇ ਨਾਲ ਹੀ ਭਾਰਤ ਨੇ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਕੇ ਬਾਰਡਰ-ਗਾਵਸਕਰ ਟਰਾਫ਼ੀ ‘ਤੇ ਫ਼ਿਰ ਕਬਜ਼ਾ ਜਮਾਇਆ।
ਭਾਰਤ ਨੇ ਚੌਥੇ ਦਿਨ ਸਵੇਰੇ 19/0 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਰਾਹੁਲ ਖੁੱਲ੍ਹ ਕੇ ਸਟ੍ਰੋਕ ਖੇਡ ਰਹੇ ਸਨ, ਵਿਜੇ ਸਹਿਜ ਨਹੀਂ ਦਿਸ ਰਹੇ ਸਨ। ਪੈਟ ਕਮਿੰਸ ਨੇ ਵਿਜੇ (8) ਨੂੰ ਵਿਕਟਕੀਪਰ ਮੈਥਿਊ ਵੇਡ ਦੇ ਹੱਥੋਂ ਆਊਟ ਕਰਵਾਇਆ। ਭਾਰਤ ਅਜੇ ਇਸ ਸਦਮੇ ਤੋਂ ਉਭਰਿਆ ਵੀ ਨਹੀਂ ਸੀ ਕਿ ਚੇਤੇਸ਼ਵਰ ਪੁਜਾਰਾ ਜ਼ੋਖਮ ਭਰੀ ਦੌੜ ਬਣਾਉਣ ਦੀ ਕੋਸ਼ਿਸ ‘ਚ ਰਨ ਆਊਟ ਹੋ ਗਏ। ਪੁਜਾਰਾ ਨੇ ਆਫ਼ ਸਾਈਡ ‘ਚ ਗੇਂਦ ਨੁੰ ਖੇਡਿਆ ਅਤੇ ਉਸ ਦੇ ਅਤੇ ਰਾਹੁਲ ਦੇ ਵਿੱਚਾਲੇ ਤਾਲਮੇਲ ਗੜਬੜਾਇਆ, ਇਸ ਵਿੱਚਾਲੇ ਦੌੜ ਕੇ ਆਉਂਦੇ ਹੋਏ ਗਲੇਨ ਮੈਕਸਵੈਲ ਨੇ ਸਿੱਧੇ ਥ੍ਰੋਅ ‘ਤੇ ਉਨ੍ਹਾਂ ਨੂੰ ਰਨ ਆਊਟ ਕੀਤਾ।ਇਸ ਤੋਂ ਬਾਅਦ ਰਾਹੁਲ ਅਤੇ ਕਪਤਾਨ ਅਜਿੰਕਯ ਰਹਾਣੇ ਨੇ ਮਹਿਮਾਨਾਂ ਨੂੰ ਕੋਈ ਹੋਰ ਸਫ਼ਲਤਾ ਹਾਸਲ ਨਹੀਂ ਕਰਨ ਦਿੱਤੀ। ਰਹਾਣੇ 27 ਗੇਂਦਾਂ ‘ਚ 4 ਚੌਕਿਆਂ ਅਤੇ 2 ਛੱਕਿਆ ਦੀ ਮਦਦ ਨਾਲ 38 ਦੌੜਾਂ ਬਣਾ ਕੇ ਅਜੇਤੂ ਰਹੇ। ਰਾਹੁਲ 76 ਗੇਂਦਾਂ ‘ਚ 9 ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾ ਕੇ ਪਰਤੇ। ਰਾਹੁਲ ਦਾ ਇਹ ਇਸ ਸੀਰੀਜ਼ ‘ਚ ਛੇਵਾਂ ਅਰਧ ਸੈਂਕੜਾ ਹੈ। ਆਸਟਰੇਲੀਆ ਨੇ 2014-15 ‘ਚ ਆਪਣੇ ਦੇਸ਼ ‘ਚ ਭਾਰਤ ਨੂੰ 2-0 ਨਾਲ ਹਰਾ ਕੇ ਬਾਰਡਰ-ਗਾਵਸਕਰ ਟਰਾਫ਼ੀ ਜਿੱਤੀ ਸੀ, ਜਿਸ ਨੂੰ ਹੁਣ 2-1 ਦੀ ਜਿੱਤ ਦੇ ਨਾਲ ਭਾਰਤ ਨੇ ਫ਼ਿਰ ਹਾਸਲ ਕਰ ਲਿਆ।












