ਭਾਰਤ ਨੂੰ ਸੁਪਰਪਾਵਰ ਹੀ ਨਹੀਂ ਵਿਸ਼ਵਗੁਰੂ ਵੀ ਬਣਨਾ ਚਾਹੀਦਾ ਹੈ : ਭਾਗਵਤ

ਤਿਰੂਪਤੀ – ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਦਾ ਅੱਗੇ ਵਧਣਾ ਤੈਅ ਹੈ। ਸਾਨੂੰ ਸਿਰਫ਼ ਸੁਪਰਪਾਵਰ ਹੀ ਨਹੀਂ ਵਿਸ਼ਵਗੁਰੂ ਵੀ ਬਣਨਾ ਚਾਹੀਦਾ ਹੈ। ਸ਼ੁੱਕਰਵਾਰ ਇੱਥੇ ਭਾਰਤੀ ਵਿਗਿਆਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਵਿਗਿਆਨ ਤੇ ਧਰਮ ਵਿਚਾਲੇ ਕੋਈ ਟਕਰਾਅ ਨਹੀਂ। ਅੰਤ ’ਚ ਦੋਵੇਂ ਵੱਖ-ਵੱਖ ਰਸਤਿਆਂ ਰਾਹੀਂ ਇਕੋ ਸੱਚ ਦੀ ਹੀ ਭਾਲ ਕਰਦੇ ਹਨ। ਧਰਮ ਨੂੰ ਅਕਸਰ ਇਕ ਧਰਮ ਵਜੋਂ ਗਲਤ ਸਮਝਿਆ ਜਾਂਦਾ ਹੈ, ਜਦੋਂ ਕਿ ਅਸਲ ’ਚ ਇਹ ‘ਬ੍ਰਹਿਮੰਡ ਦੇ ਕੰਮਕਾਜ ਦਾ ਵਿਗਿਆਨ’ ਹੈ।
ਉਨ੍ਹਾਂ ਕਿਹਾ ਕਿ ਧਰਮ ਉਹ ਕਾਨੂੰਨ ਹੈ ਜਿਸ ਰਾਹੀਂ ਬ੍ਰਹਿਮੰਡ ਕੰਮ ਕਰਦਾ ਹੈ। ਭਾਵੇਂ ਕੋਈ ਇਸ ’ਚ ਭਰੋਸਾ ਕਰੇ ਜਾਂ ਨਾ ਕਰੇ, ਕੋਈ ਵੀ ਇਸ ਤੋਂ ਬਾਹਰ ਕੰਮ ਨਹੀਂ ਕਰ ਸਕਦਾ। ਧਰਮ ’ਚ ਅਸੰਤੁਲਨ ਤਬਾਹੀ ਵੱਲ ਲਿਜਾਂਦਾ ਹੈ। ਭਾਗਵਤ ਨੇ ਕਿਹਾ ਕਿ ਵਿਗਿਆਨ ਨੇ ਇਤਿਹਾਸਕ ਪੱਖੋਂ ਧਰਮ ਤੋਂ ਦੂਰੀ ਬਣਾਈ ਹੋਈ ਹੈ। ਇਹ ਮੰਨਦੇ ਹੋਏ ਕਿ ਵਿਗਿਆਨਕ ਖੋਜ ’ਚ ਇਸ ਦੀ ਕੋਈ ਥਾਂ ਨਹੀਂ ਪਰ ਇਹ ਵਿਚਾਰ ਬੁਨਿਆਦੀ ਪੱਖੋਂ ਗਲਤ ਹੈ। ਵਿਗਿਆਨ ਤੇ ਅਧਿਆਤਮਿਕਤਾ ’ਚ ਅਸਲ ਫਰਕ ਸਿਰਫ਼ ਵਿਧੀ-ਵਿਗਿਆਨ ’ਚ ਹੈ, ਪਰ ਦੋਵਾਂ ਦਾ ਟੀਚਾ ਇਕੋ ਹੈ। ਉਨ੍ਹਾਂ ਕਿਹਾ ਕਿ ਵਿਗਿਆਨ, ਧਰਮ ਜਾਂ ਅਧਿਆਤਮਿਕਤਾ ’ਚ ਕੋਈ ਟਕਰਾਅ ਨਹੀਂ ਹੈ। ਉਨ੍ਹਾਂ ਦੇ ਤਰੀਕੇ ਵੱਖਰੇ ਹੋ ਸਕਦੇ ਹਨ, ਪਰ ਟੀਚਾ ਇਕੋ ਹੈ-ਸੱਚ ਦੀ ਖੋਜ।
ਪੰਜਾਬ ਤੋਂ ਜੈਪੁਰ ਤੱਕ ‘ਕੈਂਸਰ ਟ੍ਰੇਨ’
ਮੋਹਨ ਭਾਗਵਤ ਨੇ ਕਿਹਾ ਕਿ ਸਾਨੂੰ ਪੁਰਾਣੇ ਤੇ ਨਵੇਂ ਅੰਧਵਿਸ਼ਵਾਸਾਂ ਨੂੰ ਦੂਰ ਕਰਨ ’ਚ ਮਦਦ ਕਰਨੀ ਚਾਹੀਦੀ ਹੈ। ਕੁਦਰਤੀ ਆਫ਼ਤਾਂ ਦੌਰਾਨ ਮੰਦਰ ਅਕਸਰ ਆਪਣੀ ਮਜ਼ਬੂਤ ​​ਬਣਤਰ ਕਾਰਨ ਸੁਰੱਖਿਅਤ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਰਵਾਇਤੀ ਖੇਤੀ ਨੇ 10,000 ਸਾਲਾਂ ਤੱਕ ਜ਼ਮੀਨ ਦੀ ਰੱਖਿਆ ਕੀਤੀ ਪਰ ਰਸਾਇਣਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਨੇ ਸਮੱਸਿਆਵਾਂ ਪੈਦਾ ਕੀਤੀਆਂ। ਹੁਣ ਸਥਿਤੀ ਇਹ ਹੈ ਕਿ ਪੰਜਾਬ ਤੋਂ ਜੈਪੁਰ ਤੱਕ ਇਕ ‘ਕੈਂਸਰ ਟ੍ਰੇਨ’ ਦੌੜ ਰਹੀ ਹੈ।