
ਨਵੀਂ ਦਿੱਲੀ – ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਦਾ ਮੰਨਣਾ ਹੈ ਕਿ ਟੀਮ ਦਾ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਭਾਰਤ ਲਈ ਆਪਣਾ ਆਖ਼ਰੀ ਮੈਚ ਖੇਡ ਚੁੱਕਾ ਹੈ। ਧੋਨੀ ਪਿਛਲੇ ਸਾਲ ਹੋਏ ICC ਵਿਸ਼ਵ ਕੱਪ ਦੇ ਸੈਮੀਫ਼ਾਈਨਲ ਮੁਕਾਬਲੇ ਵਿੱਚ ਨਿਊ ਜ਼ੀਲੈਂਡ ਵਿਰੁੱਧ ਮਿਲੀ ਹਾਰ ਤੋਂ ਬਾਅਦ ਤੋਂ ਹੀ ਮੈਦਾਨ ਵਿੱਚ ਨਹੀਂ ਉਤਰਿਆ ਜਿਸ ਨਾਲ ਉਸ ਦੇ ਸੰਨਿਆਸ ਲੈਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ। ਧੋਨੀ ਨੇ ਹਾਲਾਂਕਿ ਇਸ ਬਾਰੇ ਅਜੇ ਕੋਈ ਟਿੱਪਣੀ ਨਹੀਂ ਕੀਤੀ।
ਨਹਿਰਾ ਨੇ ਇੱਕ ਪ੍ਰੋਗਰਾਮ ‘ਚ ਕਿਹਾ, ”ਜਿਥੋਂ ਤਕ ਧੋਨੀ ਦੇ ਅੰਤਰਰਾਸ਼ਟਰੀ ਕਰੀਅਰ ਦਾ ਸਵਾਲ ਹੈ, ਮੈਨੂੰ ਨਹੀਂ ਲਗਦਾ ਕਿ ਇਸ IPL ਦਾ ਇਸ ਨਾਲ ਕੋਈ ਲੈਣਾ-ਦੇਣਾ ਹੈ। ਜੇਕਰ ਤੁਸੀਂ ਇੱਕ ਚੋਣਕਰਤਾ ਹੋ, ਤਸੀਂ ਇੱਕ ਕੋਚ ਹੋ ਤਾਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਉਹ ਖੇਡਣ ਲਈ ਤਿਆਰ ਹੈ ਤਾਂ ਸੂਚੀ ‘ਚ ਨੰਬਰ ਹੋਵੇਗਾ। ਜਿੰਨਾ ਮੈਂ ਧੋਨੀ ਨੂੰ ਜਾਣਦਾ ਹਾਂ, ਮੈਨੂੰ ਲੱਗਦਾ ਹੈ ਕਿ ਉਸ ਨੇ ਭਾਰਤ ਲਈ ਆਪਣਾ ਆਖ਼ਰੀ ਮੈਚ ਖ਼ੁਸ਼ੀ-ਖ਼ੁਸ਼ੀ ਖੇਡ ਲਿਆ ਹੈ। ਧੋਨੀ ਕੋਲ ਸਾਬਿਤ ਕਰਨ ਲਈ ਹੁਣ ਕੁੱਝ ਵੀ ਨਹੀਂ ਬਚਿਆ।”
ਸਾਬਕਾ ਖਿਡਾਰੀ ਨੇ ਅੱਗੇ ਕਿਹਾ, ”ਅਸੀਂ ਸਾਰੇ ਇਨ੍ਹਾਂ ਗੱਲਾਂ (ਧੋਨੀ ਦੇ ਸਨਿਆਸ) ‘ਤੇ ਚਰਚਾ ਕਰਦੇ ਹਾਂ ਕਿਉਂਕਿ ਧੋਨੀ ਨੇ ਅਜੇ ਸਨਿਆਸ ਦਾ ਐਲਾਨ ਨਹੀਂ ਕੀਤਾ, ਇਸ ਲਈ ਮੈਨੂੰ ਲਗਦਾ ਹੈ ਕਿ ਉਸ ਨੂੰ ਇੱਕ ਫ਼ੋਨ ਕਰਨਾ ਚਾਹੀਦਾ ਹੈ। ਸਿਰਫ਼ ਉਹ ਹੀ ਦੱਸ ਸਕਦਾ ਹੈ ਕਿ ਉਸ ਦੇ ਦਿਮਾਗ਼ ‘ਚ ਕੀ ਚੱਲ ਰਿਹਾ ਹੈ।” ਨਹਿਰਾ ਨੇ ਨਿਊ ਜ਼ੀਲੈਂਡ ਖਿਲਾਫ਼ ਵਿਸ਼ਵ ਕੱਪ 2019 ਸੈਮੀਫ਼ਾਈਨਲ ‘ਚ ਧੋਨੀ ਦੀ ਪਾਰੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਜਦੋਂ ਤਕ ਉਹ ਮੱਧ ‘ਚ ਸੀ ਭਾਰਤ ਕੋਲ ਫ਼ਾਈਨਲ ‘ਚ ਪਹੁੰਚਣ ਦਾ ਮੌਕਾ ਸੀ।
ਨਹਿਰਾ ਨੇ ਕਿਹਾ, ”ਮੇਰੇ ਲਈ ਧੋਨੀ ਦੀ ਖੇਡ ਕਦੇ ਘੱਟ ਨਹੀਂ ਹੋਈ। ਉਸ ਨੇ ਜੋ ਆਖ਼ਰੀ ਮੈਚ ਖੇਡਿਆ, ਉਸ ਵਿੱਚ ਭਾਰਤ ਕੋਲ ਵਿਸ਼ਵ ਕੱਪ ਫ਼ਾਈਨਲ ਤਕ ਪਹੁੰਚਣ ਦਾ ਮੌਕਾ ਸੀ, ਜਦੋਂ ਤਕ ਧੋਨੀ ਉਥੇ ਸੀ ਅਤੇ ਜਿਸ ਮਿੰਟ ਉਹ ਰਨ ਆਊਟ ਹੋਇਆ ਉਸ ਸਮੇਂ ਹਰ ਕੋਈ ਉਮੀਦ ਗੁਆ ਬੈਠਾ। ਇਹ ਦਿਖਾਉਂਦਾ ਹੈ ਕਿ ਉਸ ਸਮੇਂ ਵੀ ਉਸ ਦੀ ਖੇਡ ਕਿਥੇ ਸੀ। ਉਹ ਜਾਣਦਾ ਹੈ ਕਿ ਟੀਮ ਨੂੰ ਕਿਵੇਂ ਚਲਾਉਣਾ ਹੈ। ਉਹ ਜਾਣਦਾ ਹੈ ਕਿ ਨੌਜਵਾਨਾਂ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਬਾਰ-ਬਾਰ ਦੋਹਰਾਉਣ ਦੀ ਲੋੜ ਨਹੀਂ।”







