ਵਿਸ਼ਾਖਾਪਟਨਮ:ਭਾਰਤ ਲਈ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਨੇ ਦੋ ਦੋ ਵਿਕਟ ਜਦਕਿ ਆਪਣਾ ਪਲੇਠਾ ਟੈਸਟ ਖੇਡ ਰਹੇ ਜਯੰਤ ਯਾਦਵ ਨੇ 30 ਦੌੜਾਂ ਦੇ ਕੇ ਤਿੰਨ ਇੰਗਲਿਸ਼ ਬੱਲੇਬਾਜ਼ਾਂ ਨੂੰ ਮੈਦਾਨ ‘ਚੋਂ ਬਾਹਰ ਦਾ ਰਾਹ ਵਿਖਾਇਆ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਹਿੱਸੇ ਦੋ ਵਿਕਟ ਆਏ।
ਭਾਰਤ ਲਈ ਪਹਿਲੀ ਪਾਰੀ ਵਿੱਚ ਸੈਂਕੜਾ (167) ਤੇ ਦੂਜੀ ਪਾਰੀ ਵਿੱਚ 81 ਦੌੜਾਂ ਦੀ ਅਹਿਮ ਪਾਰੀ ਖੇਡਣ ਵਾਲੇ ਕਪਤਾਨ ਵਿਰਾਟ ਕੋਹਲੀ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ। ਲੜੀ ਦਾ ਤੀਜਾ ਮੈਚ 26 ਨਵੰਬਰ ਤੋਂ ਮੁਹਾਲੀ ਵਿੱਚ ਖੇਡਿਆ ਜਾਵੇਗਾ। ਇੰਗਲੈਂਡ ਦੇ ਬੱਲੇਬਾਜ਼ਾਂ ਨੇ ਬੀਤੇ ਦਿਨ 59.2 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 87 ਦੌੜਾਂ ਬਣਾਈਆਂ ਸਨ, ਪਰ ਅੱਜ ਸਵੇਰੇ ਪਹਿਲੇ ਸੈਸ਼ਨ ਵਿੱਚ ਪੰਜ ਵਿਕਟ 33.4 ਓਵਰਾਂ ਵਿੱਚ ਵੀ ਗੁਆ ਦਿੱਤੇ। ਲੰਚ ਤੋਂ ਬਾਅਦ ਭਾਰਤ ਨੂੰ ਇੰਗਲੈਂਡ ਦੇ ਹੇਠਲੇ ਕ੍ਰਮ ਨੂੰ ਸਮੇਟਣ ਵਿੱਚ ਚਾਰ ਓਵਰ ਹੀ ਲੱਗੇ। ਕਪਤਾਨ ਵਿਰਾਟ ਕੋਹਲੀ ਨੇ ਜਿੱਥੇ 167 ਤੇ 81 ਦੌੜਾਂ ਦੀ ਪਾਰੀ ਖੇਡ ਕੇ ਵੱਡੇ ਸਕੋਰ ਦੀ ਨੀਂਹ ਰੱਖੀ, ਉਥੇ ਅਸ਼ਵਿਨ ਨੇ 52 ਦੌੜਾਂ ਬਣਾਉਣ ਤੋਂ ਇਲਾਵਾ 119 ਦੌੜਾਂ ਬਦਲੇ ਕੁੱਲ ਅੱਠ ਵਿਕਟ ਲਏ। ਅਸ਼ਵਿਨ ਦੇ 41 ਟੈਸਟਾਂ ਵਿੱਚ 231 ਵਿਕਟ ਹੋ ਗਏ ਹਨ ਤੇ ਉਹ 2016 ਵਿੱਚ ਸਭ ਤੋਂ ਵੱਧ 55 ਵਿਕਟ ਲੈਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਭਾਰਤੀ ਸਪਿੰਨਰ ਨੇ ਸ੍ਰੀਲੰਕਾ ਦੇ ਕੰਗਨਾ ਹੇਰਾਤ ਨੂੰ ਪਿੱਛੇ ਛੱਡਿਆ।
ਇਸ ਤੋਂ ਪਹਿਲਾਂ ਇੰਗਲੈਂਡ ਦੇ ਸਿਖਰਲੇ ਤਿੰਨ ਬੱਲੇਬਾਜ਼ਾਂ ਐਲਿਸਟੇਅਰ ਕੁੱਕ 54, ਹਸੀਬ ਹਮੀਦ 25 ਤੇ ਜੋਅ ਰੂਟ 25 ਨੇ ਜਿੱਥੇ ਮੈਚ ਡਰਾਅ ਕਰਾਉਣ ਦੇ ਚੱਕਰ ਵਿੱਚ ਚੌਥੇ ਦਿਨ 73.1 ਓਵਰ ਖੇਡ ਸੁੱਟੇ, ਉਥੇ ਬਾਕੀ ਖਿਡਾਰੀ ਪੰਜਵੇਂ ਤੇ ਆਖਰੀ ਦਿਨ ਜਲਦਬਾਜ਼ੀ ਵਿੱਚ ਵਿਕਟ ਗੁਆ ਬੈਠੇ ਤੇ ਭਾਰਤੀ ਗੇਂਦਬਾਜ਼ਾਂ ਅੱਗੇ ਗੋਡੇ ਟੇਕ ਦਿੱਤੇ। ਸਵੇਰ ਦੇ ਸੈਸ਼ਨ ਵਿੱਚ ਸ਼ੁਰੂਆਤੀ ਓਵਰਾਂ ਵਿੱਚ ਰੂਟ ਉਦੋਂ ਵਾਲ ਵਾਲ ਬਚਿਆ ਜਦੋਂ ਕਪਤਾਨ ਕੋਹਲੀ ਨੇ ਲੈੱਗ ਸਲਿੱਪ ‘ਤੇ ਉਹਦਾ ਕੈਚ ਛੱਡ ਦਿੱਤਾ। ਉਂਜ ਭਾਰਤ ਨੂੰ ਅੱਜ ਪਹਿਲੀ ਸਫ਼ਲਤਾ ਬੈੱਨ ਡਕੇਟ ਦੇ ਰੂਪ ਵਿੱਚ ਮਿਲੀ, ਜੋ ਬਿਨਾਂ ਖਾਤਾ ਖੋਲ੍ਹਿਆਂ ਅਸ਼ਵਿਨ ਦੀ ਗੇਂਦ ‘ਤੇ ਸਵੀਪ ਸ਼ਾਟ ਖੇਡਣ ਦੇ ਚੱਕਰ ਵਿੱਚ ਵਿਕਟਕੀਪਰ ਰਿਧੀਮਾਨ ਸਾਹਾ ਨੂੰ ਕੈਚ ਦੇ ਬੈਠਾ। ਸਾਹਾ ਨੇ ਵਿਕਟ ਪਿੱਛੇ ਜੋਅ ਰੂਟ ਦਾ ਕੈਚ ਵੀ ਫ਼ੜਿਆ ਤੇ ਅੰਪਾਇਰ ਰਾਡ ਟਕਰ ਨੇ ਉਸ ਨੂੰ ਆਊਟ ਵੀ ਕਰਾਰ ਦੇ ਦਿੱਤਾ, ਪਰ ਇੰਗਲੈਂਡ ਵੱਲੋਂ ਲਏ ਡੀਆਰਐਸ ਵਿੱਚ ਤੀਜੇ ਅੰਪਾਇਰ ਨੇ ਇਸ ਫ਼ੈਸਲੇ ਨੂੰ ਬਦਲ ਦਿੱਤਾ। ਰਵਿੰਦਰ ਜਡੇਜਾ ਨੂੰ ਅੱਜ ਆਪਣਾ ਪਹਿਲਾ ਵਿਕਟ ਮੋਈਨ ਅਲੀ(2) ਦੇ ਰੂਪ ਵਿੱਚ ਮਿਲਿਆ। ਬੈੱਨ ਸਟੋਕਸ (6) ਨੂੰ ਜਯੰਤ ਯਾਦਵ ਨੇ ਬੋਲਡ ਕੀਤਾ। ਵਿਕਟਕੀਪਰ ਜੌਨੀ ਬੇਅਰਸਟੋਅ 34 ਦੌੜਾਂ ਨਾਲ ਨਾਬਾਦ ਰਿਹਾ ਜਦਕਿ ਹੋਰਨਾਂ ਬੱਲੇਬਾਜ਼ਾਂ ਵਿੱਚ ਆਦਿਲ ਰਸ਼ੀਦ ਤੇ ਸਟੂਅਰਟ ਬਰੌਡ ਨੇ ਕ੍ਰਮਵਾਰ 4 ਤੇ 5 ਦੌੜਾਂ ਬਣਾਈਆਂ। ਜ਼ਫ਼ਰ ਅਨਸਾਰੀ ਤੇ ਜੇਮਸ ਐਂਡਰਸਨ ਤਾਂ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੇ।















