ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਚੋਣ ਲਈ ਮਮਤਾ ਬੈਨਰਜੀ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਵਾਨੀਪੁਰ ਵਿਧਾਨ ਸਭਾ ਸੀਟ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਮਰਥਕਾਂ ਦੀ ਇੱਕ ਵੱਡੀ ਭੀੜ ਇਕੱਠੀ ਹੋਈ ਦਿਖਾਈ ਸੀ, ਜਿਨ੍ਹਾਂ ਨੇ ਉਨ੍ਹਾਂ ਦੇ ਸਮਰਥਨ ਵਿੱਚ ਨਾਅਰੇ ਲਗਾਏ। ਇਸ ਦੌਰਾਨ ਆਪਣੀ ਟ੍ਰੇਡਮਾਰਕ ਮੁਸਕਰਾਹਟ ਅਤੇ ਹੱਥ ਜੋੜ ਕੇ ਬੈਨਰਜੀ ਨੇ ਸੜਕ ਦੇ ਦੋਵੇਂ ਪਾਸੇ ਲਾਈਨਾਂ ਵਿੱਚ ਖੜ੍ਹੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਸਵਾਗਤ ਕੀਤਾ। ਮਮਤਾ ਬੈਨਰਜੀ ਨੇ ਅਲੀਪੁਰ ਸਰਵੇਖਣ ਭਵਨ ਵਿਖੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ।
ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਕੱਢੇ ਗਏ ਰੋਡ ਸ਼ੋਅ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ “ਮਮਤਾ ਬੈਨਰਜੀ ਜ਼ਿੰਦਾਬਾਦ” ਅਤੇ “ਤ੍ਰਿਣਮੂਲ ਜ਼ਿੰਦਾਬਾਦ” ਦੇ ਨਾਅਰੇ ਲਗਾਏ। ਦੱਸ ਦੇਈਏ ਕਿ ਭਵਾਨੀਪੁਰ ਤੋਂ ਤਿੰਨ ਵਾਰ ਵਿਧਾਇਕ ਰਹੀ ਮਮਤਾ ਬੈਨਰਜੀ ਦਾ ਸਾਹਮਣਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਸੁਵੇਂਦੂ ਅਧਿਕਾਰੀ ਨਾਲ ਹੋਵੇਗਾ।