ਦੇਸ਼ ਧਰੋਹੀ ਲੋਕਾਂ ਨੂੰ ਨਹੀਂ ਬਖਸ਼ਿਆ ਜਾਵੇਗਾ
ਸਾਨੂੰ ਸੰਘ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ।
ਇੱਥੇ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ, ਇਹ ਕੇਹਾ ਲੋਕਤੰਤਰ ਹੈ।
ਜਿਹਨਾਂ ਨੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਹਨ, ਉਹਨਾਂ ਨੂੰ ਭਾਰਤ ਵਿਚ ਰਹਿਣ ਦਾ ਕੋਈ ਹੱਕ ਨਹੀਂ।
ਅਜਿਹੀ ਕਿਸਮ ਦੀ ਟੀ. ਵੀ. ‘ਤੇ ਹੋ ਰਹੀ ਬਹਿਸ ਸੁਣ ਕੇ ਮੈਂ ਉਦਾਸ ਹੋ ਜਾਂਦਾ ਹਾਂ। ਅੱਜ ਦੀ ਸ਼ਾਮ ਵੀ ਬਹੁਤ ਉਦਾਸ ਹਾਂ ਕਿਉਂਕਿ ਮੇਰੀਆਂ ਯਾਦਾਂ ਦੇ ਚਿਤਰਪੱਟ ‘ਤੇ 1989 ਦਾ ਵਰ੍ਹਾ ਆ ਧਮਕਦਾ ਹੈ। ਇਹ ਉਹ ਦਿਨ ਸਨ ਜਦੋਂ ਪੰਜਾਬ ਦੀ ਫਿਜ਼ਾ ਉਦਾਸ ਸੀ। ਇੱਥੇ ਆਥਣ ਨਹੀਂ ਹ ੁੰਦੀ ਸੀ ਅਤੇ ਦੁਪਹਿਰ ਤੋਂ ਬਾਅਦ ਸਿੱਧੀ ਰਾਤ ਪੈਂਦੀ ਸੀ ਕਾਲੀ ਬੋਲੀ ਰਾਤ। ਇਹ ਉਹ ਦਿਨ ਸਨ ਜਦੋਂ ਮੇਰੇ ਪਿੰਡ ਦੀ ਜੂਹ ਵਿਚ ਮਿਰਜੇ ਦੀਆਂ ਹੇਕਾਂ ਨਹੀਂ ਸੁਣਾਈ ਦਿੰਦੀਆਂ ਅਤੇ ਨਾ ਹੀ ਹੀਰ ਦੇ ਬੋਲ ਕੰਨੀ ਪੈਂਦੇ ਸਨ। ਜੇ ਕਿਤੇ ਕੰਨੀ ਪੈਂਦੀ ਸੀ ਤਾਂ ਟਿਕੀ ਰਾਤ ‘ਚ ਗੱਡੀਆਂ ਦੀ ਘੂੰ ਘੂੰ ਅਤੇ ਦਗੜ ਦਗੜ ਕਰਦੇ ਬੂਟਾਂ ਦੀਆਂ ਆਵਾਜ਼ਾਂ। ਫਿਰ ਦੂਰ ਹੱਡਾ ਰੋੜੀ ਵਿਚੋਂ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਇਸ ਕਾਲੀ ਰਾਤ ਨੂੰ ਹੋਰ ਭਿਆਨਕ ਬਣਾ ਦਿੰਦੀਆਂ ਸਨ। ਇਹਨਾਂ ਦਿਨਾਂ ਵਿਚ ਪੰਜਾਬ ਦੀ ਧਰਤੀ ਆਪਣੇ ਹੀ ਲਹੂ ਨਾਲ ਸਿੰਜੀ ਜਾ ਰਹੀ ਸੀ। ਸਿੰਜਣ ਵਾਲੀਆਂ ਬੰਦੂਕਾਂ ਖਾਕੀ ਵੀ ਸਨ, ਨੀਲੀਆਂ ਅਤੇ ਕੇਸਰੀ ਵੀ।
ਇਹਨਾਂ ਦਿਨਾਂ ਵਿਚ ਮੈਂ ਪੰਜਾਬੀ ਯੂਨੀਵਰਸਿਟੀ ਦੇ ਲਾਗੇ ਅਰਬਨ ਅਸਟੇਟ ਫੇਜ਼ ਦੋ ਵਿਚ ਬਣ ਐਮ. ਐਚ. ਘਰਾਂ ਦੇ ਇਕ ਕਾਰਨਰ ਮਕਾਨ ਵਿਚ ਰਹਿੰਦਾ ਸਾਂ। ਇਹਨਾਂ ਐਮ. ਐਚ. ਅਤੇ ਲਾਲ ਕਵਾਟਰਾਂ ਤੋਂ ਬਿਨਾਂ ਇੱਥੇ ਕੁਝ ਵੀ ਨਹੀਂ ਸੀ। ਅੱਜ ਵਾਂਗ ਕੋਠੀਆਂ ਨਹੀਂ ਬਣੀਆਂ ਸਨ ਅਤੇ ਨਾ ਹੀ ਕੋਈ ਮਾਰਕੀਟ ਬਣੀ ਸੀ। ਯੂਨੀਵਰਸਿਟੀ ਨੂੰ ਅਰਬਨ ਅਸਟੇਟ ਨੂੰ ਅਲੱਗ ਕਰਦੀ ਸੜਕ ਵੀ ਛੋਟੀ ਸੀ। ਇੱਥੇ ਕੋਈ ਪਾਰਕ ਆਦਿ ਵੀ ਨਹੀਂ ਸੀ। ਮੈਂ ਅਕਸਰ ਇਸ ਖਾਲੀ ਸੜਕ ‘ਤੇ ਸੈਰ ਕਰਨ ਜਾਂਦਾ ਸਾਂ। ਇਸਦਾ ਇਕ ਕਾਰਨ ਇਹ ਸੀ ਕਿ ਇੱਥੇ ਆਵਾਜਾਈ ਘੱਟ ਸੀ ਅਤੇ ਸੈਰ ਵਿਚ ਵਿਘਨ ਘੱਟ ਹੀ ਪੈਂਦਾ ਸੀ। ਉਂਝ ਵੀ ਪੰਜਾਬ ਦੇ ਹਾਲਾਤ ਐਸੇ ਸਨ ਕਿ ਕੋਈ ਹਿੰਦੂ ਵੇਲੇ-ਕੁਵੇਲੇ ਕੱਲਾ ਤਾਂ ਬਾਹਰ ਨਿਕਲਣ ਦੀ ਹਿੰਮਤ ਵੀ ਨਹੀਂ ਕਰਦਾ ਸੀ। ਮੇਰੀ ਪਤਨੀ ਅਤੇ ਮੇਰੀ ਮਾਂ ਵੀ ਅਕਸਰ ਮੈਨੂੰ ਤਾਕੀਦ ਕਰਦੀਆਂ ਰਹਿੰਦੀਆਂ ਸਨ ਕਿ ਵੇਲੇ ਸਿਰ ਘਰ ਆ ਜਾਇਆ ਕਰ। ਘਰ ਬੈਠ ਕੇ ਹੀ ਕਸਰਤ ਕਰਨ ਦੀ ਸਲਾਹ ਦਿੰਦੀਆਂ ਸਨ। ਜਿੰਨਾ ਚਿਰ ਮੈਂ ਸੈਰ ਕਰਕੇ ਘਰੇ ਨਹੀਂ ਪਰਤਦਾ ਸਾਂ, ਉਨਾ ਚਿਰ ਉਹਨਾਂ ਦੇ ਚਿਹਰੇ ਚਿੰਤਾ ਸਪਸ਼ਟ ਨਜ਼ਰੀ ਪੈਂਦੀ ਸੀ। ਉਸ ਵੇਲੇ ਹਾਲਾਤ ਨੂੰ ਵੇਖਦੇ ਹੋਏ ਇਹ ਸੁਭਾਵਿਕ ਵੀ ਸੀ। ਇਸ ਗੱਲ ਦਾ ਤੋੜ ਮੈਂ ਇਹ ਕੱਢਿਆ ਸੀ ਕਿ ਹੁਣ ਸ਼ਾਮ ਦੀ ਬਜਾਏ ਸਵੇਰੇ ਸੈਰ ‘ਤ ਜਾਣਾ ਆਰੰਭ ਕਰ ਦਿੱਤਾ ਸੀ।
ਇਕ ਦਿਨ ਮੈਂ ਸਵੇਰੇ ਨਹੀਂ ਜਾ ਸਕਿਆ ਸਾਂ, ਇਸ ਲਈ ਮੈਂ ਸ਼ਾਮ ਨੂੰ ਸੈਰ ਕਰਨ ਚਲਾ ਗਿਆ। ਜਿਹੜੇ ਲੋਕਾਂ ਨੂੰ ਸੈਰ ਦੀ ਆਦਤ ਪੈ ਜਾਵੇ, ਉਹ ਸਮਝ ਸਕਦੇ ਹਨ ਕਿ ਸੈਰ ਵੀ ਇਕ ਅਮਲ ਹੀ ਹੈ। ਸੋ ਮੈਂ ਸ਼ਾਮ ਨੂੰ ਸੈਰ ‘ਤੇ ਗਿਆ। ਮੂੰਹ ਹਨੇਰਾ ਜਿਹਾ ਸੀ। ਮੈਂ ਯੂਨੀਵਰਸਿਟੀ ਵਾਲੀ ਸੜਕ ‘ਤੇ ਸੀ। ਦੂਰ-ਦੂਰ ਤੱਕ ਕੋਈ ਪਰਿੰਦਾ ਵੀ ਨਹੀਂ ਸੀ। ਦੂਰੋਂ ਅਰਬਨ ਅਸਟਟ ਵਾਲੇ ਛੋਟੇ ਜਿਹੇ ਗੁਰੂ ਘਰ ਵਿਚੋਂ ਭਾਈ ਸਾਹਿਬ ਵੱਲੋਂ ਕੀਤੇ ਜਾ ਰਹੇ ਰਹਿਰਾਸ ਸਾਹਿਬ ਦੇ ਬੋਲ ਕੰਨੀ ਪੈ ਰਹੇ ਸਨ। ਇੰਨਾ ਕੁ ਹਨੇਰਾ ਹੋ ਗਿਆ ਸੀ ਕਿ ਕਾਰਾਂ ਅਤੇ ਸਕੂਟਰ ਵਾਲੇ ਲਾਈਟਾਂ ਜਗਾ ਕੇ ਹੀ ਜਾ ਸਕਦੇ ਸਨ। ਮੈਂ ਆਪਣੇ ਘਰ ਤੋਂ ਦੋ ਢਾਈ ਕਿਲੋਮੀਟਰ ਦੂਰ ਹੋਵਾਂਗਾ। ਮੈਂ ਜਲਦੀ ਜਲਦੀ ਵਾਟ ਮੁਕਾ ਕੇ ਘਰ ਪਹੁੰਚਣ ਦਾ ਫੈਸਲਾ ਕੀਤਾ। ਮੈਂ ਤੇਜੀ ਨਾਲ ਘਰ ਵੱਲ ਜਾ ਰਿਹਾ ਸਾਂ ਕਿ ਮੈਨੂੰ ਦੂਰੋਂ ਆਉਂਦੀ ਇਕ ਕਾਰ ਨਜ਼ਰ ਆਈ। ਸੱਚ ਪੁੱਛੋ ਮੈਂ ਅੰਦਰੋਂ ਡਰ ਗਿਆ ਸਾਂ। ਡਰ ਦਾ ਕਾਰਨ ਇਹ ਵੀ ਸੀ ਕਿ ਇਕ ਦੋ ਦਿਨ ਪਹਿਲਾਂ ਪਟਿਆਲਾ ਵਿਚ ਹੋਈ ਵਾਰਦਾਤ ਵਿਚ ਇਕ ਮੀਡੀਆ ਕਰਮੀ ਦਾ ਸਿਰ ਕਲਮ ਕਰਨ ਦੀ ਖਬਰ ਅਖਬਾਰਾਂ ਵਿਚ ਛਪੀ ਸੀ। ਇਕ ਫਿਰਕੇ ਦੇ ਲੋਕਾਂ ਨੂੰ ਬੱਸਾਂ ਅਤ ਕਾਰਾਂ ਵਿਚੋਂ ਕੱਢ ਕੇ ਮਾਰਨ ਦੀਆਂ ਵਾਰਦਾਤਾਂ ਅਖਬਾਰਾਂ ਦੀ ਸੁਰਖੀਆਂ ਬਣ ਰਹੀਆਂ ਸਨ। ਉਹ ਕਾ ਮੇਰੇ ਨੇੜੇ ਆਈ, ਹ ੌਲੀ ਹੋਈ ਅਤੇ ਬਿਨਾਂ ਰੁਕੇ ਅੱਗੇ ਨਿਕਲ ਗਈ। ਮੈਂ ਥੋੜ੍ਹੀ ਰਾਹਤ ਮਹਿਸੂਸ ਕੀਤੀ। ਅਜੇ ਮੈਂ ਸਾਹ ਹੀ ਲਿਆ ਸੀ ਕਿ ਮੈਂ ਦੇਖਿਆ ਉਹ ਕਾਰ ਮੁੜ ਕੇ ਮੇਰੇ ਵੱਲ ਆ ਰਹੀ ਹੈ। ਕਾਰ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਮੈਂ ਆਪਣੇ ਸਿਰ ‘ਤੇ ਬੰਨਿਆ ਪੀਲਾ ਪਰਨਾ ਖ ੋਲ੍ਹਦਾ ਹਾਂ ਅਤੇ ਉਸਨੂੰ ਮੋਢੇ ‘ਤੇ ਰੱਖ ਕੇ ਕੰਸ ਕੇ ਜੂੜਾ ਬੰਨਣ ਦੀ ਐਕਟਿੰਗ ਕਰਦਾ ਹਾਂ।
ਉਨੇ ਚਿਰ ‘ਚ ਉਹ ਕਾਰ ਮੇਰੇ ਕੋਲ ਆ ਕੇ ਰੁਕਦੀ ਹੈ ਅਤੇ ਡਰਾਈਵਰ ਕਾਰ ਵਿਚੋਂ ਮੂੰਹ ਬਾਹਰ ਕੱਢ ਕੇ ਪੁੱਛਦਾ ਹੈ:
ਭਾਈ ਸਾਹਿਬ ਅਸੀਂ ਰਸਤਾ ਭੁੱਲ ਗਏ ਹਾਂ, ਅਸੀਂ ਯੂਨੀਵਰਸਿਟੀ ਲਾਗੇ ਪਿੰਡ ਸ਼ੇਖੂਪੁਰੇ ਜਾਣਾ ਹੈ।
ਮੈਂ ਉਹਨਾਂ ਨੂੰ ਰਸਤਾ ਸਮਝਾਉਂਦਾ ਹਾਂ। ਕਾਰ ਵਾਲੇ ਚਲੇ ਜਾਂਦੇ ਹਨ ਅਤੇ ਮੈਂ ਘਰ ਵੱਲ ਜਾਂਦਾ ਹੋਇਆ ਇਕ ਅਜੀਬ ਅਹਿਸਾਸ ਵਿਚੋਂ ਗੁਜ਼ਰਦਾ ਹਾਂ। ਅਹਿਸਾਸ ਇਕ ਮਜਬੂਰੀ ਦਾ। ਅਹਿਸਾਸ ਇਕ ਹੀਣ ਭਾਵਨਾ ਦਾ, ਅਹਿਸਾਸ ਇਕ ਡਰ ਦਾ, ਅਹਿਸਾਸ ਆਪਣੇ ਹੀ ਘਰ ਵਿਚ ਬੇਗਾਨਗੀ ਦਾ। ਇਹ ਗੱਲ ਵਰ੍ਹਿਆਂ ਤੋਂ ਮੈਨੂੰ ਵੱਢ ਵੱਢ ਖਾ ਰਹੀ ਹੈ ਕਿ ਮੈਂ ਦੱਸਿਆ ਕਿ ਮੈਂ ਸਿੱਖ ਹਾਂ ਆਪਣਾ ਮੁੜ ਜੂੜਾ ਕਰਦਾ ਹਾਂ ਅਤੇ ਪਰਨਾ ਬੰਨ੍ਹਦਾ ਹਾਂ। ਮੈਨੂੰ ਕਿਉਂ ਦੱਸਣਾ ਪਿਆ ਕਿ ਮੈਂ ਸਿੱਖ ਹਾਂ।
ਅੱਜ ਜੋ ਕੁਝ ਦਿੱਲੀ ਵਿਚ ਹੋਇਆ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਹੱਥਾਂ ਵਿਚ ਤਿਰੰਗੇ ਚੁੱਕਣੇ ਪਏ ਤਾਂ ਉਹ ਦੱਸ ਸਕਣ ਕਿ ਉਹ ਦੇਸ਼ ਭਗਤ ਹਨ। ਦਿੱਲੀ ਦੀ ਇਹ ਘਟਨਾ ਮੈਨੂੰ 25 ਵਰ੍ਹੇ ਪਿੱਛੇ ਲੈ ਗਈ ਅਤੇ ਉਦਾਸੀ ਦੇ ਆਲਮ ਵਿਚ ਧਕੇਲ ਗਈ।
ਮੇਰੀ ਨਿੱਜੀ ਡਾਇਰੀ ਦੇ ਪੰਨਿਆਂ ‘ਚੋਂ
ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ. ਏ. ਐਸ. ਟਰੇਨਿੰਗ ਸੈਂਟਰ ਵਿਖੇ ਜੀ. ਸੀ. ਨੈਟ ਦੀ ਤਿਆਰੀ ਦੇ ਚਾਹਵਾਨ ਵਿਦਿਆਰਥੀਆਂ ਦੀ ਇੰਟਰਵਿਊ ਸੀ। ਇਹਨਾਂ ਵਿਚ 50 ਤੋਂ ਵੱਧ ਪੰਜਾਬੀ ਦੀ ਐਮ. ਏ. ਕਰਕੇ ਆਏ ਸਨ ਜੋ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਪੜ੍ਹਾਉਣ ਦੀ ਇੱਛਾ ਰੱਖਦੇ ਹਨ। ਜਿਹਨਾਂ ਸਭ ਦੇ ਮਨਾਂ ਵਿਚ ਪੰਜਾਬੀ ਦੇ ਪ੍ਰੋਫੈਸਰ ਬਣਨ ਦਾ ਸੁਪਨਾ ਹੈ। ਇਹਨਾਂ ਨੂੰ ਇੰਟਰਵਿਊ ਕਰਦੇ ਸਮੇਂ ਮੈਂ ਸਭ ਨੂੰ ਸਵਾਲ ਪੁੱਛਿਆ ਕਿ ਉਹਨਾਂ ਨੇ ਪਿਛਲੇ ਇਕ ਦੋ ਮਹੀਨੇ ਵਿਚ ਪੰਜਾਬੀ ਦੀ ਕੋਈ ਕਿਤਾਬ ਪੜ੍ਹੀ ਹੈ। ਮੈਨੂੰ ਹੈਰਾਨੀ ਹੋਈ ਜਦੋਂ ਸਭ ਦਾ ਜਵਾਬ ਨਾਂਹ ਵਿਚ ਸੀ।
ਤੁਸੀਂ ਕਦੇ ਕੋਈ ਨਾਵਲ, ਕਹਾਣੀ ਸੰਗ੍ਰਹਿ ਜਾਂ ਕਵਿਤਾ ਦੀ ਕਿਤਾਬ ਪੜ੍ਹੀ ਹੈ? ਮੇਰਾ ਅਗਲਾ ਸਵਾਲ ਸੀ।
ਜੀ ਅਸੀਂ ਤਾਂ ਸਿਰਫ ਸਿਲੇਬਸ ਨਾਲ ਸਬੰਧਤ ਨੋਟਿਸ ਹੀ ਪੜ੍ਹੇ ਹਨ, ਕਦੇ ਕੋਈ ਕਿਤਾਬ ਨਹੀਂ ਪੜ੍ਹੀ। ਲੱਗਭੱਗ ਸਾਰੇ ਵਿਦਿਆਰਥੀਆਂ ਦਾ ਇਹੀ ਜਵਾਬ ਸੀ।
ਤੁਸੀਂ ਪੰਜਾਬੀ ਸਾਹਿਤ ਦੇ ਵਿਦਿਆਰਥੀ ਹੋ, ਇਹ ਦੱਸੋ ਕਿ ਪਿਛਲੇ ਡੇਢ ਦਹਾਕੇ ਵਿਚ ਕਿਹੜੇ ਕਿਹੜ ਨਾਵਲਕਾਰ, ਕਹਾਣੀਕਾਰ ਅਤੇ ਕਵੀ ਸਥਾਪਤ ਹੋਏ ਹਨ। ਮੈਂ ਇਹ ਸਵਾਲ ਸਭ ਨੂੰ ਕੀਤਾ।
ਜਵਾਬ ਬੜਾ ਹਾਸੋਹੀਣਾ ਸੀ। ਨਾਨਕ ਸਿੰਘ, ਅੰਮ੍ਰਿਤਾ ਪ੍ਰੀਤਮ, ਜਸਵੰਤ ਸਿੰਘ ਕੰਵਲ, ਸ਼ਿਵ ਕੁਮਾਰ ਅਤੇ ਸੁਰਜੀਤ ਪਾਤਰ ਆਦਿ ਕੁਝ ਲੇਖਕਾਂ ਦੇ ਨਾਂ ਲਏ ਗਏ। ਪਿਛਲੇ 15 ਵਰ੍ਹਿਆਂ ਦੌਰਾਨ ਕਿਹੜੇ ਕਿਹੜੇ ਸਾਹਿਤਕਾਰ ਪੰਜਾਬੀ ਸਾਹਿਤ ਵਿਚ ਸਥਾਪਤ ਹੋਏ ਕਿਸੇ ਨੂੰ ਨਹੀਂ ਪਤਾ ਸੀ।
ਪੰਜਾਬੀ ਸਾਹਿਤ ਨਾਲ ਸਬੰਧਤ ਮੈਗਜ਼ੀਨਾਂ ਦੇ ਨਾਮ ਦੱਸੋ?
ਹੈਰਾਨੀ ਰਹੀ ਕਿਸੇ ਨੇ ਵੀ ਹੁਣ, ਫਿਲਹਾਲ ਜਾਂ ਸਮਦਰਸ਼ੀ ਆਦਿ ਨਾਮ ਨਹੀਂ ਲਿਆ। ਬਹੁਤੇ ਵਿਦਿਆਰਥੀਆਂ ਨੂੰ ਪੰਜਾਬ ਵਿਚੋਂ ਨਿਕਲ ਰਹੇ ਸਾਰੇ ਪੰਜਾਬੀ ਅਖਬਾਰਾਂ ਦੇ ਨਾਮ ਨਹੀਂ ਪਤਾ ਸਨ। ਉਹਨਾਂ ਦੇ ਆਮ ਗਿਆਨ ਅਤੇ ਚਲੰਤ ਮਾਮਲਿਆਂ ਦੀ ਜਾਣਕਾਰੀ ਬਾਰੇ ਜਵਾਬਾਂ ਨੇ ਵੀ ਮੈਨੂੰ ਬਹੁਤ ਨਿਰਾਸ਼ ਕੀਤਾ।
ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਜੇ ਇਹ ਲੋਕ ਜੋ ਐਮ. ਏ. ਪੰਜਾਬੀ ਕਰਕੇ ਆਏ ਹਨ, ਇਹ ਸਾਹਿਤ ਕਿਉਂ ਨਹੀਂ ਪੜ੍ਹਦੇ। ਫਿਰ ਸਾਹਿਤ ਕੌਣ ਪੜ੍ਹ ਰਿਹਾ ਹੈ। ਪੰਜਾਬੀ ਵਿਚ ਅੱਜ ਹਰ ਵਰ੍ਹੇ ਸੈਂਕੜੇ ਪੁਸਤਕਾਂ ਛਪ ਰਹੀਆਂ ਹਨ। ਪ੍ਰਕਾਸ਼ਕ ਅਮੀਰ ਹੋ ਰਹੇ ਹਨ। ਸਾਹਿਤਕਾਰ ਵੱਧ ਰਹੇ ਹਨ। ਹਰ ਹਫਤੇ ਅਖਬਾਰਾਂ ਵਿਚ ਪੁਸਤਕਾਂ ਦੀ ਘੁੰਡ ਚੁਕਾਈ ਬਾਰੇ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਅਖਬਾਰਾਂ ਦੇ ਐਤਵਾਰੀ ਅੰਕਾਂ ਵਿਚ ਸਾਹਿਤ ਸਮੀਖਿਆ ਦੇ ਕਾਲਮ ਅਧੀਨ ਅਨੇਕਾਂ ਕਿਤਾਬਾਂ ਦੇ ਰਿਵਿਊ ਛਪਦੇ ਹਨ। ਪਾਠਕ ਕਿੱਥੇ ਹਨ? ਪਾਠਕ ਕੌਣ ਹਨ? ਕੀ ਆਮ ਲੋਕਾਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਹੈ। ਜੇ ਹੈ ਤਾਂ ਕਿੰਨੀ ਕੁ ਗਿਣਤੀ ਵਿਚ ਹੋਣਗੇ ਅਜਿਹੇ ਲੋਕ? ਮੈਂ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਅਧਿਆਪਕਾਂ ਨੂੰ ਪੁੱਛਦਾ ਰਹਿੰਦਾ ਹਾਂ। ਮੈਨੂੰ ਦੁੱਖ ਹੈ ਕਿ ਬਹੁਤ ਘੱਟ ਅਧਿਆਪਕ ਹਨ, ਜੋ ਸਾਹਿਤ ਵਿਚ ਰੁਚੀ ਰੱਖਦੇ ਹਨ। ਪਟਿਆਲੇ ਲਾਗੇ ਬਹਾਦਰਗੜ੍ਹ ਸਕੂਲ ਵਿਚ ਪੜ੍ਹਾ ਰਹੀ ਇਕ ਅਧਿਆਪਕਾ ਦਾ ਜਵਾਬ ਤਾਂ ਸਾਨੂੰ ਬਹੁਤ ਪ੍ਰੇਸ਼ਾਨ ਕਰ ਗਿਆ ਸੀ। ਉਸਦਾ ਕਹਿਣਾ ਸੀ:
ਸਾਨੂੰ ਪੜ੍ਹਨ ਦੀ ਕੀ ਲੋੜ ਹੈ ਜੋ ਬੱਚਿਆਂ ਨੂੰ ਪੜ੍ਹਾਉਣਾ ਹੈ ਉਹ ਮੈਨੂੰ ਆਉਂਦਾ ਹੈ। ਮੇਰੇ ਨਤੀਜੇ ਚੰਗੇ ਆਉਂਦੇ ਹਨ, ਬਾਕੀ ਨਾਵਲ ਜਾਂ ਕਹਾਣੀਆਂ ਪੜ੍ਹਨ ਦਾ ਮੇਰੇ ਕੋਲ ਟਾਈਮ ਨਹੀਂ।
ਅਜਿਹੀ ਸੋਚ ਵਾਲੇ ਅਧਿਆਪਕ ਭਲਾ ਬੱਚਿਆਂ ਨੂੰ ਸਾਹਿਤ ਪੜ੍ਹਨ ਵਾਲੇ ਰਾਹ ਕਿਵੇਂ ਪਾਉਣਗੇ। ਚੰਗਆਂ ਪੁਸਤਕਾਂ ਨੂੰ ਪੜ੍ਹਨ ਪੜ੍ਹਾਉਣ ਦੀ ਰੁਚੀ ਕਿਵੇਂ ਪੈਦਾ ਹੋਵੇ। ਇਸ ਬਾਰੇ ਸਾਡੇ ਦਾਨਿਸ਼ਮੰਦਾਂ ਨੂੰ ਸੋਚਣ ਦੀ ਲੋੜ ਹੈ।
ਅੰਤਿਕਾ
ਹੁਏ ਆਜ਼ਾਦ ਆਪ ਇਸ ਮੁਲਕ ਕੋ ਮੁੱਦਤ ਹੁਈ ਲੇਕਿਨ
ਕਿਸੀ ਕੋ ਵੀ ਰਾਹਾਂ ਮਹਿਸੂਸ ਆਜ਼ਾਦੀ ਨਹੀਂ ਹੋਤੀ
ਚਲੋ ਦੇਖੇਂ ਕਿ ਕਿਤਨੇ ਦਿਲ ਧੜਕਤੇ ਹੈਂ ਯਹਾਂ ਯਾਰੋ
ਫਕਤ ਜਿਸਮੋਂ ਕੇ ਹੀ ਰਹਨੇ ਸੇ ਆਬਾਦੀ ਨਹੀਂ ਹੋਤੀ
– ਪਰਵਿੰਦਰ ਸ਼ੋਖ















