ਬਿਨਾਂ ਸੋਚੇ ਸਮਝੇ ਫ਼ਿਲਮਾਂ ਨਹੀਂ ਕਰੇਗੀ ਯਾਮੀ ਗੌਤਮ

ਬਾਲੀਵੁੱਡਵਿੱਚ ਕੁਝ ਹੀ ਅਭਿਨੇਤਰੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਲੋਕ ਉਨ੍ਹਾਂ ਦੀ ਕੁਦਰਤੀ ਸੁੰਦਰਤਾ ਲਈ ਜਾਣਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਯਾਮੀ ਗੌਤਮ। ਉਸਨੇ ਫ਼ਿਲਮ ‘ਵਿੱਕੀ ਡੋਨਰ’ ਤੋਂ ਬੌਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ। ਇਹ ਫ਼ਿਲਮ ਹਿੱਟ ਹੋਈ ਸੀ। ਇਸਤੋਂ ਬਾਅਦ ਆਈਆਂ ਉਸ ਦੀਆਂ ਇੱਕ- ਦੋ ਫ਼ਿਲਮਾਂ ਨੂੰ ਛੱਡਕੇ ਜ਼ਿਆਦਾਤਰ ਨਹੀਂ ਚੱਲੀਆਂ, ਪਰ ਰਿਤਿਕ ਰੌਸ਼ਨ ਨਾਲ ਪਿਛਲੇ ਸਾਲ ਦੀ ਹਿੱਟ ਫ਼ਿਲਮ ‘ਕਾਬਿਲ’ ਵਿੱਚ ਕੰਮ ਕਰਨ ਤੋਂ ਬਾਅਦ ਉਸ ਦਾ ਕਰੀਅਰ ਗਰਾਫ਼ ਉੱਤੇ ਉੱਠਿਆ ਹੈ। ਹਾਲਾਂਕਿ, ਰਾਮਗੋਪਾਲ ਵਰਮਾ ਦੀ ਪਿਛਲੇ ਸਾਲ ਦੇ ਅਖੀਰ ਵਿੱਚ ਰਿਲੀਜ਼ ਫ਼ਿਲਮ ‘ਸਰਕਾਰ 3’ ਕੁਝ ਖ਼ਾਸ ਨਹੀਂ ਚੱਲੀ, ਪਰ ਯਾਮੀ ਇਸ ਫ਼ਿਲਮ ਨੂੰ ਆਪਣੇ ਲਈ ਬਹੁਤ ਖ਼ਾਸ ਮੰਨਦੀ ਹੈ ਕਿਉਂਕਿ ਇਸ ਵਿੱਚ ਅਮਿਤਾਭ ਬੱਚਨ ਵਰਗੇ ਦਿੱਗਜ ਐਕਟਰ ਨਾਲ ਉਸਨੇ ਕੰਮ ਕੀਤਾ ਹੈ। ਪੇਸ਼ ਹੈ ਯਾਮੀ ਗੌਤਮ ਨਾਲ ਹੋਈ ਗੱਲਬਾਤ ਦੇ ਅੰਸ਼:
-ਬੌਲੀਵੁੱਡ ਵਿੱਚ ਤੁਹਾਡਾ ਹੁਣ ਤਕ ਦਾ ਅਨੁਭਵ ਕਿਵੇਂ ਦਾ ਰਿਹਾ ਹੈ ?
– ਹੁਣ ਤਕ ਦਾ ਸਫ਼ਰ ਬੇਹੱਦ ਰੋਮਾਂਚਕ ਰਿਹਾ ਹੈ। ਜੇਕਰ ਸਫ਼ਲਤਾ ਮਿਲੀ ਹੈ ਤਾਂ ਮੈਂ ਅਸਫ਼ਲਤਾ ਦਾ ਸਵਾਦ ਵੀ ਚਖਿਆ ਹੈ। ਉਂਜ ਵੀ ਤੁਸੀਂ ਇਨ੍ਹਾਂ ਦੋਨਾਂ ਦੇ ਮਹੱਤਵ ਨੂੰ ਉਦੋਂ ਤਕ ਨਹੀਂ ਸਮਝ ਸਕਦੇ, ਜਦੋਂ ਤਕ ਤੁਹਾਨੂੰ ਇਹ ਦੋਨੋਂ ਨਾ ਮਿਲਣ। ‘ਵਿਕੀ ਡੋਨਰ’ ਤੋਂ ਬਾਅਦ ਦਾ ਮੇਰਾ ਸਮਾਂ ਥੋੜ੍ਹਾ ਉਲਝਣ ਭਰਿਆ ਸੀ, ਬਾਵਜੂਦ ਇਸਦੇ ਉਹ ਫ਼ਿਲਮ ਹਿੱਟ ਰਹੀ ਸੀ। ਉਸ ਤੋਂ ਬਾਅਦ ਮੈਂ ਸੋਚਦੀ ਰਹੀ ਮੈਂ ਇੱਥੇ ਕਿਉਂ ਹਾਂ ਅਤੇ ਭਵਿੱਖ ਵਿੱਚ ਕੀ ਕਰਨਾ ਚਾਹੁੰਦੀ ਹਾਂ। ਮੈਨੂੰ ਅੱਗੇ ਕੀ ਕਰਨਾ ਚਾਹੀਦਾ ਹੈ, ਇਹ ਦੱਸਣ ਵਾਲੇ 10 ਲੋਕ ਸਨ। ਉਨ੍ਹਾਂ ਦੀਆਂ ਗੱਲਾਂ ਮੈਨੂੰ ਦੁਚਿਤੀ ਵਿੱਚ ਪਾ ਰਹੀਆਂ ਸਨ। ਫ਼ਿਰ ਮੈਂ ਮਹਿਸੂਸ ਕੀਤਾ ਕਿ ਅਸਫ਼ਲਤਾ ਤੋਂ ਡਰਨਾ ਛੱਡਣ ਵਿੱਚ ਹੀ ਭਲਾਈ ਹੈ। ਮੈਨੂੰ ਯਾਦ ਹੈ ਮੇਰੀ ਦੂਜੀ ਫ਼ਿਲਮ ‘ਟੋਟਲ ਸਿਆਪਾ’ ਚੰਗਾ ਨਹੀਂ ਕਰ ਪਾਈ ਅਤੇ ਮੈਂ ਨਿਰਾਸ਼ ਹੋ ਗਈ ਸੀ, ਪਰ ਮੇਰੇ ਮਾਤਾ-ਪਿਤਾ ਨੇ ਮੈਨੂੰ ਹਮੇਸ਼ਾਂ ਹੌਸਲਾ ਦਿਵਾਇਆ। ਦਰਅਸਲ, ਜਦੋਂ ਤੁਸੀਂ ਆਪਣੀਆਂ ਅਸਫ਼ਲਤਾਵਾਂ ਨੂੰ ਅਪਨਾਉਣ ਲੱਗਦੇ ਹੋ, ਉਦੋਂ ਤੁਸੀਂ ਇੱਕ ਖ਼ੁਸ਼ਹਾਲ ਵਿਅਕਤੀ ਬਣ ਜਾਂਦੇ ਹੋ ਅਤੇ ਅੱਜ ਮੈਂ ਇੱਕ ਖ਼ੁਸ਼ਹਾਲ ਵਿਅਕਤੀ ਹਾਂ।
-ਤੁਸੀਂ ਟੀਵੀ ਤੋਂ ਸ਼ੁਰੂਆਤ ਕੀਤੀ ਸੀ ਅਤੇ ਉਸਤੋਂ ਬਾਅਦ ਕੰਨੜ ਫ਼ਿਲਮ ਨਾਲ ਵੱਡੇ ਪਰਦੇ ਉੱਤੇ ਕਦਮ ਰੱਖਿਆ। ਕੀ ਬੌਲੀਵੁੱਡ ਵਿੱਚ ਕੰਮ ਕਰਨਾ ਤੁਹਾਡਾ ਸੁਪਨਾ ਸੀ ?
ਮੈਂ ਸ਼ੁਰੂ ਤੋਂ ਹੀ ਜੋ ਵੀ ਕੰਮ ਕਰਦੀ ਹਾਂ, ਪੂਰੇ ਦਿਲੋਂ ਕਰਦੀ ਹਾਂ। ਮੇਰਾ ਇਹ ਨਜ਼ਰੀਆ ਚੰਡੀਗੜ੍ਹ ਵਿੱਚ ਪੜ੍ਹਾਈ ਕਰਦੇ ਸਮੇਂ ਵੀ ਸੀ। ਮੈਂ ਚਲਾਊ ਕੰਮ ਕਰਕੇ ਸੰਤੁਸ਼ਟ ਹੋਣ ਵਾਲਿਆਂ ਵਿੱਚੋਂ ਨਹੀਂ ਹਾਂ। ਜਦੋਂ ਮੈਂ ਅਭਿਨੈ ਦੀ ਸ਼ੁਰੂਆਤ ਕੀਤੀ ਤਾਂ ਮੈਨੂੰ ਇਸਦੇ ਬਾਰੇ ਕੁਝ ਵੀ ਪਤਾ ਨਹੀਂ ਸੀ। ਹੌਲੀ-ਹੌਲੀ ਮੈਂ ਨਾ ਕੇਵਲ ਇਸਦੇ ਗੁਰ ਸਿੱਖੇ ਸਗੋਂ ਇਹ ਵੀ ਪਾਇਆ ਕਿ ਮੈਨੂੰ ਇਹ ਪਸੰਦ ਹੈ। ਟੀਵੀ ਦੇ ਨਾਲ ਮੇਰੀ ਪਾਰੀ ਬਹੁਤ ਛੋਟੀ ਰਹੀ। ਮੈਨੂੰ ਜੋ ਭੂਮਿਕਾਵਾਂ ਮਿਲ ਰਹੀਆਂ ਸਨ, ਮੈਂ ਉਨ੍ਹਾਂ ਤੋਂ ਖ਼ੁਸ਼ ਨਹੀਂ ਸੀ। ਇਸ ਲਈ ਮੈਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦਾ ਨਿਸ਼ਚਾ ਕੀਤਾ।
-ਤੁਸੀਂ ਟੀਵੀ ਤੋਂ ਸਫ਼ਰ ਸ਼ੁਰੂ ਕੀਤਾ ਸੀ। ਕੀ ਨਜ਼ਦੀਕ ਭਵਿੱਖ ਵਿੱਚ ਛੋਟੇ ਪਰਦੇ ਉੱਤੇ ਪਰਤਣ ਦੀ ਕੋਈ ਯੋਜਨਾ ਹੈ ?
– ਮੈਂ ਟੀਵੀ ਦੀ ਤਾਕਤ ਜਾਣਦੀ ਹਾਂ ਅਤੇ ਉਸਦੀ ਅਹਿਸਾਨਮੰਦ ਵੀ ਹਾਂ। ਉਹ ਮੇਰੇ ਲਈ ਸਿੱਖਣ ਅਤੇ ਪ੍ਰਯੋਗ ਕਰਨ ਲਈ ਇੱਕ ਪ੍ਰਯੋਗਸ਼ਾਲਾ ਦੀ ਤਰ੍ਹਾਂ ਸੀ, ਪਰ ਫ਼ਿਲਹਾਲ ਮੈਂ ਆਪਣੇ ਕੰਮ ਦਾ ਆਨੰਦ ਉਠਾ ਰਹੀ ਹਾਂ। ਇਸ ਲਈ ਅਜੇ ਉੱਥੇ ਵਾਪਸੀ ਦਾ ਇਰਾਦਾ ਨਹੀਂ ਹੈ।
-ਪਿਛਲੇ ਦਿਨਾਂ ਵਿੱਚ ਤੁਹਾਨੂੰ ਇੰਡੀਅਨ ਚੈਂਬਰ ਆਫ਼ ਕਾਮਰਸ ਵੱਲੋਂ ਸਨਮਾਨਤ ਕੀਤਾ ਗਿਆ। ਕੀ ਕਹੋਗੇ ?
– ਜੀ ਹਾਂ, ਇੰਡੀਅਨ ਚੈਂਬਰ ਆਫ਼ ਕਾਮਰਸ ਨੇ ਆਪਣੇ-ਆਪਣੇ ਖੇਤਰ ਵਿੱਚ ਚੰਗਾ ਯੋਗਦਾਨ ਦੇਣ ਲਈ ਔਰਤਾਂ ਨੂੰ ਇਨਾਮ ਦਿੱਤਾ। ਇਸ ਵਿੱਚ ਮੈਨੂੰ ਵੀ ਸਨਮਾਨਤ ਕੀਤਾ ਗਿਆ। ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਫ਼ਿਲਮ ਉਦਯੋਗ ਵਿੱਚ ਕੋਈ ਗੌਡਫ਼ਾਦਰ ਨਾ ਹੋਣ ਦੇ ਬਾਵਜੂਦ ਮੈਨੂੰ ਇਨਾਮ ਦੇ ਕਾਬਲ ਸਮਝਿਆ ਗਿਆ। ਜਿੱਥੇ ਤਕ ਇਸ ਇਨਾਮ ਦੀ ਗੱਲ ਹੈ ਤਾਂ ਇਹ ਮੇਰੇ ਅੰਦਰ ਆਪਣੇ ਦਮ ‘ਤੇ ਇਸ ਮੁਕਾਮ ਤਕ ਪਹੁੰਚਣ ਲਈ ਮਾਣ ਦੀ ਭਾਵਨਾ ਭਰਦਾ ਹੈ ਕਿਉਂਕਿ ਮੇਰਾ ਇੱਥੇ ਕੋਈ ਗੌਡਫ਼ਾਦਰ ਨਹੀਂ ਹੈ ਅਤੇ ਮੈਂ ਮੁੰਬਈ ਤੋਂ ਨਹੀਂ ਹਾਂ। ਇੰਡੀਅਨ ਚੈਂਬਰ ਆਫ਼ ਕਾਮਰਸ ਵੱਲੋਂ ਸਨਮਾਨਿਤ ਕੀਤਾ ਜਾਣਾ ਬਹੁਤ ਵੱਡੀ ਗੱਲ ਹੈ। ਹੁਣ ਮੈਨੂੰ ਬਹੁਤ ਕੁਝ ਕਰਨਾ ਹੈ ਕਿਉਂਕਿ ਮੈਂ ਹੁਣੇ ਆਪਣਾ ਸਫ਼ਰ ਸ਼ੁਰੂ ਕੀਤਾ ਹੈ। ਇਸ ਤਰ੍ਹਾਂ ਦੇ ਸਨਮਾਨ ਤੋਂ ਸਖ਼ਤ ਮਿਹਨਤ ਕਰਨ ਅਤੇ ਜ਼ਿਆਦਾ ਹਾਸਲ ਕਰਨ ਦਾ ਉਤਸ਼ਾਹ ਮਿਲਦਾ ਹੈ।
-ਤੁਸੀਂ ਬੌਲੀਵੁੱਡ ਦੇ ਨਾਲ ਦੱਖਣ ਭਾਰਤੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਦੋਨਾਂ ਵਿੱਚ ਕੀ ਅੰਤਰ ਪਾਇਆ?
– ਮੈਨੂੰ ਤਾਂ ਇਨ੍ਹਾਂ ਦੋਨਾਂ ਵਿੱਚ ਭਾਸ਼ਾ ਤੋਂ ਸਿਵਾ ਕੋਈ ਖ਼ਾਸ ਅੰਤਰ ਨਹੀਂ ਮਹਿਸੂਸ ਹੁੰਦਾ। ਦੱਖਣ ਭਾਰਤੀ ਨਿਰਦੇਸ਼ਕਾਂ ਦੇ ਨਾਲ ਕੰਮ ਕਰਨਾ ਹਮੇਸ਼ਾਂ ਵਧੀਆ ਅਨੁਭਵ ਰਿਹਾ ਹੈ। ਸ਼ੁਰੂਆਤ ਵਿੱਚ ਭਾਸ਼ਾ ਦੀ ਵਜ੍ਹਾ ਨਾਲ ਮੈਨੂੰ ਉਨ੍ਹਾਂ ਫ਼ਿਲਮਾਂ ਵਿੱਚ ਕੰਮ ਕਰਨ ਵਿੱਚ ਮੁਸ਼ਕਿਲ ਹੋਈ ਸੀ, ਪਰ ਮੈਨੂੰ ਲੱਗਦਾ ਹੈ ਕਿ ਜੀਵਨ ਵਿੱਚ ਕੁਝ ਪਾਉਣ ਲਈ ਤੁਹਾਨੂੰ ਕਾਫ਼ੀ ਮਿਹਨਤ ਕਰਨੀ ਹੁੰਦੀ ਹੈ ਅਤੇ ਆਪਣਾ ਉੱਤਮ ਦੇਣਾ ਹੁੰਦਾ ਹੈ। ਹੁਣ ਮੈਨੂੰ ਉੱਥੇ ਦੀਆਂ ਫ਼ਿਲਮਾਂ ਜ਼ਿਆਦਾ ਮੁਸ਼ਕਿਲ ਨਹੀਂ ਲੱਗਦੀਆਂ।
-ਤੁਹਾਡੀ ਪਿਛਲੀ ਫ਼ਿਲਮ ‘ਸਰਕਾਰ 3’ ਬੇਸ਼ੱਕ ਨਹੀਂ ਚੱਲੀ, ਪਰ ਉਸ ਵਿੱਚ ਕੰਮ ਕਰਨ ਦਾ ਅਨੁਭਵ ਕਿਵੇਂ ਰਿਹਾ ?
– ਮੈਂ ਇਸ ਫ਼ਿਲਮ ਵਿੱਚ ਕੰਮ ਕਰਨ ਨੂੰ ਲੈ ਕੇ ਬੇਹੱਦ ਰੋਮਾਂਚਿਤ ਸੀ ਕਿਉਂਕਿ ਜਦੋਂ ‘ਸਰਕਾਰ’ ਰਿਲੀਜ਼ ਹੋਈ ਸੀ ਉਦੋਂ ਮੈਂ ਕਾਲਜ ਵਿੱਚ ਸੀ। ਉਹ ਫ਼ਿਲਮ ਮੇਰੇ ਮਾਤਾ-ਪਿਤਾ ਨੂੰ ਬਹੁਤ ਪਸੰਦ ਆਈ ਸੀ। ਉਹ ਉਸ ਫ਼ਿਲਮ ਅਤੇ ਉਸ ਵਿੱਚ ਕੀਤੀ ਗਈ ਅਮਿਤਾਭ ਜੀ ਦੀ ਅਦਾਕਾਰੀ ਦੇ ਮੁਰੀਦ ਹੋ ਗਏ ਸਨ। ਮੈਂ ਸੋਚਿਆ ਨਹੀਂ ਸੀ ਕਿ ਸਾਲਾਂ ਬਾਅਦ ਮੈਂ ਇਸ ਫ਼ਿਲਮ ਦੇ ਹੀ ਇੱਕ ਹਿੱਸੇ ਵਿੱਚ ਸ਼ਾਮਲ ਹੋਵਾਂਗੀ। ਇਸ ਲਈ ਇਹ ਫ਼ਿਲਮ ਮੇਰੇ ਲਈ ਬਹੁਤ ਖ਼ਾਸ ਰਹੀ ਹੈ। ਮੈਂ ਪਹਿਲੀ ਵਾਰ ਕੋਈ ਨਾਂਹ ਪੱਖੀ ਕਿਰਦਾਰ ਨਿਭਾਇਆ ਹੈ।
– ਰਾਮਗੋਪਾਲ ਵਰਮਾ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਰਿਹਾ ?
– ਰਾਮਗੋਪਾਲ ਵਰਮਾ ਨਾਲ ਇਸਤੋਂ ਪਹਿਲਾਂ ਕਦੇ ਕੰਮ ਹੀ ਨਹੀਂ ਕੀਤਾ ਸੀ। ਇਸ ਲਈ ਉਨ੍ਹਾਂ ਦੇ ਕੰਮ ਦੇ ਸਟਾਈਲ ਦਾ ਅੰਦਾਜ਼ਾ ਨਹੀਂ ਸੀ। ਉਹ ਸੈੱਟ ਉੱਤੇ ਕੁਝ ਨਹੀਂ ਬੋਲਦੇ। ਕਦੇ ਰੀਟੇਕ ਹੋਣ ਉੱਤੇ ਡਾਂਟਦੇ ਨਹੀਂ ਹਨ। ਇੱਕ ਵਾਰ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਮੇਰੀ ਅਦਾਕਾਰੀ ਠੀਕ ਸੀ, ਕੀ ਇਸ ਵਿੱਚ ਸੁਧਾਰ ਕਰਨਾ ਚਾਹੀਦਾ ਹੈ ? ਤੁਸੀ ਤਾਂ ਕੁਝ ਕਹਿੰਦੇ ਹੀ ਨਹੀਂ ਹੋ। ਇਸ ਉੱਤੇ ਉਹ ਬੋਲੇ ਜਦੋਂ ਮੈਂ ਓਕੇ ਕਹਿ ਦਿੰਦਾ ਹਾਂ, ਇਸਦਾ ਮਤਲਬ ਹੀ ਬਹੁਤ ਅੱਛਾ ਹੈ।
– ਅਮਿਤਾਭ ਬੱਚਨ ਦੇ ਨਾਲ ਵੀ ਤੁਸੀਂ ਪਹਿਲੀ ਵਾਰ ਫ਼ਿਲਮ ਕੀਤੀ। ਕਿਵੇਂ ਦਾ ਅਨੁਭਵ ਰਿਹਾ ?
– ਉਨ੍ਹਾਂ ਸਬੰਧੀ ਮੈਂ ਕੀ ਕਹਿ ਸਕਦੀ ਹਾਂ। ਉਨ੍ਹਾਂ ਦੀ ਫ਼ਿਲਮ ਵਿੱਚ ਮੈਨੂੰ ਅਦਾਕਾਰੀ ਦਾ ਮੌਕਾ ਮਿਲਣਾ ਹੀ ਬਹੁਤ ਮਾਅਨੇ ਰੱਖਦਾ ਹੈ। ਸੈੱਟ ਉੱਤੇ ਉਨ੍ਹਾਂ ਨੂੰ ਕੰਮ ਕਰਦੇ ਵੇਖਣਾ, ਕਿਸੇ ਅਨੋਖੇ ਅਨੁਭਵ ਤੋਂ ਘੱਟ ਨਹੀਂ ਸੀ। ਜਦੋਂ ਮੇਰੀ ਫ਼ਿਲਮ ‘ਕਾਬਿਲ’ ਰਿਲੀਜ਼ ਹੋਈ ਸੀ, ਉਦੋਂ ਵੀ ਅਮਿਤਾਭ ਜੀ ਨੇ ਮੈਨੂੰ ਮੈਸੇਜ ਕਰਕੇ ਵਧਾਈ ਦਿੱਤੀ ਸੀ। ਉਹ ਮੈਸੇਜ ਅੱਜ ਵੀ ਮੇਰੇ ਫ਼ੋਨ ਵਿੱਚ ਸੰਭਾਲਿਆ ਹੋਇਆ ਹੈ। ਜਦੋਂ ਉਨ੍ਹਾਂ ਨਾਲ ਫ਼ਿਲਮ ਵਿੱਚ ਕੰਮ ਕੀਤਾ ਤਾਂ ਆਪਣੇ ਆਪ ਨੂੰ ਬਹੁਤ ਖ਼ੁਸ਼ਕਿਸਮਤ ਮਹਿਸੂਸ ਕੀਤਾ।
– ਕੀ ਤੁਹਾਡੀ ਕਿਸੇ ਖ਼ਾਸ ਅਦਾਕਾਰ ਨਾਲ ਕੰਮ ਕਰਨ ਦੀ ਦਿਲੀ ਇੱਛਾ ਹੈ ?
– ਮੈਂ ਅਮਿਤਾਭ ਬੱਚਨ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ। ਉਨ੍ਹਾਂ ਨਾਲ ਕੰਮ ਕਰਨ ਦੀ ਇੱਛਾ ਸੀ ਜੋ ‘ਸਰਕਾਰ 3’ ਤੋਂ ਪੂਰੀ ਹੋ ਗਈ। ਇਸਦੇ ਇਲਾਵਾ ਅਜੈ ਦੇਵਗਨ, ਰਿਤਿਕ ਰੌਸ਼ਨ ਦੇ ਨਾਲ ਵੀ ਕੰਮ ਕਰ ਚੁੱਕੀ ਹਾਂ। ਹਾਲਾਂਕਿ ਹੁਣ ਖ਼ਾਨ ਅਤੇ ਕਪੂਰ ਟਾਈਟਲ ਵਾਲੇ ਅਭਿਨੇਤਾਵਾਂ ਦੇ ਨਾਲ ਵੀ ਕੰਮ ਕਰਨਾ ਚਾਹੁੰਦੀ ਹਾਂ।
– ਤੁਹਾਡੀਆਂ ਭਵਿੱਖੀ ਯੋਜਨਾਵਾਂ ਕੀ ਹਨ ਅਤੇ ਕਿਹੜੀਆਂ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੇ ਹੋ?
-ਫ਼ਿਲਹਾਲ ਜੀਵਨ ਕਾਫ਼ੀ ਰੁੱਝਿਆ ਹੋਇਆ ਹੈ, ਪਰ ਮੈਂ ਹਰ ਪਲ ਇਸਦਾ ਆਨੰਦ ਉਠਾ ਰਹੀ ਹਾਂ। ਮੈਂ ਸਟਾਰ ਨਹੀਂ, ਸਗੋਂ ਇੱਕ ਚੰਗੀ ਅਭਿਨੇਤਰੀ ਦੇ ਤੌਰ ਉੱਤੇ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦੀ ਹਾਂ। ਇਸ ਉਦਯੋਗ ਵਿੱਚ ਕਾਮਯਾਬੀ ਲਈ ਲਗਨ ਅਤੇ ਸਖ਼ਤ ਮਿਹਨਤ ਦੇ ਨਾਲ ਹੀ ਥੋੜ੍ਹਾ ਕਿਸਮਤ ਵੀ ਜ਼ਰੂਰੀ ਹੈ। ਹੁਣ ਨਿਰਦੇਸ਼ਕ ਰੁਪੇਸ਼ਪਾਲ ਦੀ ਫ਼ਿਲਮ ਕਰ ਰਹੀ ਹਾਂ। ਇਸਤੋਂ ਇਲਾਵਾ ਯਸ਼ਰਾਜ ਬੈਨਰ ਦੀ ਇੱਕ ਫ਼ਿਲਮ ਕਰਨ ਵਾਲੀ ਹਾਂ। ਇਸ ਵਿੱਚ ਰਣਵੀਰ ਸਿੰਘ ਮੇਰੇ ਅਪੋਜਿਟ ਹੋਣਗੇ। ਰਿਸ਼ਭ ਭੱਟੀ ਦੀ ਇੱਕ ਅਨਾਮ ਫ਼ਿਲਮ ਵੀ ਸਾਈਨ ਕੀਤੀ ਹੈ। ਸ਼ਾਹਿਦ ਕਪੂਰ ਨਾਲ ‘ਬੱਤੀ ਗੁੱਲ, ਮੀਟਰ ਚਾਲੂ’ ਦੀ ਸ਼ੂਟਿੰਗ ਵੀ ਛੇਤੀ ਸ਼ੁਰੂ ਹੋਣ ਵਾਲੀ ਹੈ।
– ਇੱਕ ਅਭਿਨੇਤਰੀ ਦੇ ਤੌਰ ਉੱਤੇ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ?
– ਮੈਂ ਬਿਨਾਂ ਸੋਚੇ – ਸਮਝੇ ਫ਼ਿਲਮਾਂ ਕਰਨ ਦੀ ਬਜਾਏ ਬਿਹਤਰ ਅਭਿਨੇਤਾਵਾਂ ਦੇ ਨਾਲ ਚੰਗੀਆਂ ਫ਼ਿਲਮਾਂ ਹੀ ਹੱਥ ਵਿੱਚ ਲੈਣਾ ਚਾਹੁੰਦੀ ਹਾਂ। ਹੁਣੇ ਤਾਂ ਮੈਂ ਆਪਣੇ ਸਫ਼ਰ ਦੀ ਸ਼ੁਰੂਆਤ ਹੀ ਮੰਨਦੀ ਹਾਂ।
-ਤੁਸੀਂ ਹਮੇਸ਼ਾਂ ਫ਼ਿੱਟ ਅਤੇ ਦਮਕਦੇ ਹੋਏ ਕਿਵੇਂ ਰਹਿੰਦੇ ਹੋ ?
– ਮੈਨੂੰ ਨਹੀਂ ਲੱਗਦਾ ਕਿ ਇਸ ਲਈ ਤੁਹਾਨੂੰ ਰੋਜ਼ਾਨਾ ਕਸਰਤ ਤੋਂ ਜ਼ਿਆਦਾ ਕੁਝ ਹੋਰ ਕਰਨ ਦੀ ਜ਼ਰੂਰਤ ਹੋਵੇਗੀ। ਹਰ ਕਿਸੇ ਨੂੰ ਆਪਣੇ ਸਰੀਰ ਦੇ ਪ੍ਰਕਾਰ ਨੂੰ ਸਮਝਣਾ ਅਤੇ ਉਸਦੀ ਇੱਜ਼ਤ ਕਰਨਾ ਸਿੱਖਣਾ ਚਾਹੀਦਾ ਹੈ। ਦੂਜਾ ਮਹੱਤਵਪੂਰਨ ਪਹਿਲੂ ਹੈ ਤੁਹਾਡੀ ਡਾਈਟ। ਡਾਇਟਿੰਗ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਵੰਚਿਤ ਰੱਖਣਾ, ਜੋ ਤੁਹਾਨੂੰ ਪਸੰਦ ਹੋਣ। ਤੁਹਾਨੂੰ ਵਿੱਚ-ਵਿੱਚ ਆਪਣੀਆਂ ਇੱਛਾਵਾਂ ਦਾ ਸਨਮਾਨ ਵੀ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਮਾਨਸਿਕ ਤੌਰ ਤੋਂ ਖ਼ੁਸ਼ ਨਹੀਂ ਹੋਵੋਗੇ ਤਾਂ ਇਸਦਾ ਅਸਰ ਤੁਹਾਡੇ ਹਰ ਕੰਮ ਉੱਤੇ ਵਿਖੇਗਾ। ਇਸੇ ਤਰ੍ਹਾਂ ਤੁਸੀਂ ਭਲੇ ਹੀ ਜਿਮ ਵਿੱਚ ਘੰਟਿਆਂ ਬੱਧੀ ਪਸੀਨਾ ਕੱਢੋ, ਪਰ ਜੇਕਰ ਤੁਹਾਡੇ ਖਾਣ-ਪੀਣ ਦੇ ਨਾਲ ਵਰਕਆਊਟ ਦਾ ਸੰਜੋਗ ਨਹੀਂ ਹੋਵੇਗਾ ਤਾਂ ਕੋਈ ਫ਼ਾਇਦਾ ਨਹੀਂ ਹੋਣ ਵਾਲਾ। ਹਾਲਾਂਕਿ ਇਸ ਉਦਯੋਗ ਵਿੱਚ ਤਣਾਅ ਦਾ ਪੱਧਰ ਬਹੁਤ ਜ਼ਿਆਦਾ ਹੈ। ਮੈਂ ਹਮੇਸ਼ਾਂ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਹਾਂ।