
ਬਾਹੂਬਲੀ ਫ਼ਿਲਮ ‘ਚ ਭੱਲਾਲਦੇਵ ਦਾ ਕਿਰਦਾਰ ਨਿਭਾਉਣ ਵਾਲੇ ਸੁਪਰਸਟਾਰ ਰਾਣਾ ਡੱਗੂਬਾਤੀ ਨੇ ਆਪਣੀ ਸਿਹਤ ਬਾਰੇ ਹੈਰਾਨ ਕਰਨ ਵਾਲਾ ਇੱਕ ਖ਼ੁਲਾਸਾ ਕੀਤਾ ਹੈ। ਰਾਣਾ ਡੱਗੂਬਤੀ ਅਨੁਸਾਰ, ”ਉਹ ਕਿਡਨੀ ਅਤੇ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਨੂੰ ਸਟਰੋਕ ਜਾਂ ਹੈਮਰੇਜ ਵਰਗੀ ਗੰਭੀਰ ਸਮੱਸਿਆ ਹੋਣ ਦਾ 70 ਪ੍ਰਤੀਸ਼ਤ ਸੰਭਾਵਨਾ ਸੀ। ਹਾਲ ਹੀ ‘ਚ ਸਮੈਂਥਾ ਅਕਿਨੀਨੇ ਦੇ ਚੈਟ ਸ਼ੋਅ ਸੈਮ ਜੈਮ ‘ਚ ਰਾਣਾ ਨੇ ਆਪਣੀ ਸਿਹਤ ਬਾਰੇ ਇਹ ਖ਼ੁਲਾਸਾ ਕੀਤਾ ਹੈ। ਰਾਣਾ ਡੱਗੂਬਤੀ ਕਹਿੰਦੇ ਹੈ, ”ਤੇਜ਼ ਅਗਾਂਹਵਧੂ ਜ਼ਿੰਦਗੀ ‘ਚ ਇੱਕ ਵਿਰਾਮ ਬਟਨ ਵੀ ਹੁੰਦਾ ਹੈ। ਮੈਨੂੰ BP ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਦਿਲ ਦੇ ਦੁਆਲੇ ਕੈਲਸੀਫ਼ਿਕੇਸ਼ਨ ਅਤੇ ਗੁਰਦੇ ਦੀ ਅਸਫ਼ਲਤਾ … ਸਟ੍ਰੋਕ ਜਾਂ ਹੈਮਰੇਜ ਵਰਗੀਆਂ ਗੰਭੀਰ ਸਮੱਸਿਆਵਾਂ ਹੋਣ ਦੇ 70 ਪ੍ਰਤੀਸ਼ਤ ਅਤੇ 30 ਪ੍ਰਤੀਸ਼ਤ ਸੰਭਾਵਨਾ ਹੈ ਕਿ ਸ਼ਾਇਦ ਮੈਂ ਜਿਉਂਦਾ ਵੀ ਨਾ ਰਹਾਂ।”
ਇਸ ਤੋਂ ਪਹਿਲਾਂ ਵੀ ਰਾਣਾ ਡੱਗੂਬਾਤੀ ਦੀ ਸਿਹਤ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ। ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਪੋਸਟ ‘ਚ ਰਾਣਾ ਬਹੁਤ ਪਤਲੇ ਦਿਖਾਈ ਦੇ ਰਹੇ ਸਨ ਜਿਸ ‘ਤੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦੀ ਖ਼ਰਾਬ ਸਿਹਤ ਬਾਰੇ ਖ਼ਦਸ਼ਾ ਜਤਾਇਆ ਸੀ। ਹਾਲਾਂਕਿ ਫ਼ਿਰ ਉਸ ਨੇ ਸਾਰੀਆਂ ਅਫ਼ਵਾਹਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਨੂੰ ਸਿਰਫ਼ BP ਦੀ ਸਮੱਸਿਆ ਹੈ ਜਿਸ ਦਾ ਉਹ ਧਿਆਨ ਰੱਖ ਰਿਹਾ ਹੈ।
ਦੱਸ ਦੇਈਏ ਕਿ ਰਾਣਾ ਡੱਗੂਬਤੀ ਬਾਰੇ ਵੀ ਇਹ ਅਫ਼ਵਾਹ ਸੀ ਕਿ ਵਿਦੇਸ਼ ਜਾਣ ਤੋਂ ਬਾਅਦ ਉਸ ਨੂੰ ਕਿਡਨੀ ਟਰਾਂਸਪਲਾਂਟ ਹੋਇਆ ਹੈ। ਹਾਲਾਂਕਿ, ਰਾਣਾ ਡੱਗੂਬਤੀ ਦੇ ਨਜ਼ਦੀਕੀ ਲੋਕਾਂ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਅੰਤਰਰਾਸ਼ਟਰੀ ਯਾਤਰਾ ਉਨ੍ਹਾਂ ਦੇ ਆਉਣ ਵਾਲੇ ਪ੍ਰੌਜੈਕਟਾਂ ‘ਚੋਂ ਇੱਕ ਦਾ ਹਿੱਸਾ ਹੈ।











