ਮੁੰਬਈ : ਬੰਬੇ ਹਾਈਕੋਰਟ ਨੇ ਸੋਮਵਾਰ ਨੂੰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਵੱਡਾ ਫੈਸਲਾ ਸੁਣਾਉਂਦੇ ਹੋਏ ਮੁਲਜ਼ਮ ਅਕਾਸ਼ਦੀਪ ਕਰਜ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਅਕਾਸ਼ਦੀਪ ਇਸ ਹਾਈ-ਪ੍ਰੋਫਾਈਲ ਕਤਲ ਕਾਂਡ ਵਿੱਚ ਜ਼ਮਾਨਤ ਪਾਉਣ ਵਾਲਾ ਪਹਿਲਾ ਮੁਲਜ਼ਮ ਬਣ ਗਿਆ ਹੈ।
ਕੋਰਟ ਦੀਆਂ ਸਖ਼ਤ ਸ਼ਰਤਾਂ
ਜਸਟਿਸ ਨੀਲਾ ਗੋਖਲੇ ਦੀ ਬੈਂਚ ਨੇ ਪੰਜਾਬ ਦੇ ਰਹਿਣ ਵਾਲੇ ਅਕਾਸ਼ਦੀਪ ਸਿੰਘ (22) ਨੂੰ ਜ਼ਮਾਨਤ ਦਿੰਦੇ ਹੋਏ ਨਿਰਦੇਸ਼ ਦਿੱਤੇ ਹਨ ਕਿ ਉਹ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੱਕ ਮੁੰਬਈ ਨਹੀਂ ਛੱਡ ਸਕੇਗਾ। ਅਕਾਸ਼ਦੀਪ ਨੂੰ ਨਵੰਬਰ 2024 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਮੁਲਜ਼ਮ ਦੇ ਵਕੀਲ ਦੀਆਂ ਦਲੀਲਾਂ
ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ, ਅਕਾਸ਼ਦੀਪ ‘ਤੇ ਲਗਾਏ ਗਏ ਦੋਸ਼ ਬੇਬੁਨਿਆਦ ਅਤੇ ਅਸਪਸ਼ਟ ਹਨ। ਸਿੰਘ ਨੇ ਦਾਅਵਾ ਕੀਤਾ ਕਿ ਉਸ ‘ਤੇ ਸਿਰਫ਼ ਇੱਕ ਸੰਗਠਿਤ ਅਪਰਾਧ ਗਿਰੋਹ ਦਾ ਮੈਂਬਰ ਹੋਣ ਦਾ ਦੋਸ਼ ਹੈ ਅਤੇ ਇਸ ਮਾਮਲੇ ਵਿੱਚ ਉਸ ਦੀ ਕੋਈ ਖਾਸ ਭੂਮਿਕਾ ਨਹੀਂ ਦੱਸੀ ਗਈ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਇਹ ਵੀ ਦਲੀਲ ਦਿੱਤੀ ਕਿ ਮੁਕੱਦਮਾ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ, ਇਸ ਲਈ ਬਿਨਾਂ ਸੁਣਵਾਈ ਜੇਲ੍ਹ ਵਿੱਚ ਰੱਖਣਾ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।
ਕੀ ਹੈ ਪੂਰਾ ਮਾਮਲਾ?
ਦੱਸਣਯੋਗ ਹੈ ਕਿ 12 ਅਕਤੂਬਰ 2024 ਦੀ ਰਾਤ ਨੂੰ ਬਾਂਦਰਾ ਈਸਟ ਇਲਾਕੇ ਵਿੱਚ ਬਾਬਾ ਸਿੱਦੀਕੀ (66) ਦੀ ਉਨ੍ਹਾਂ ਦੇ ਬੇਟੇ ਜ਼ੀਸ਼ਾਨ ਦੇ ਦਫ਼ਤਰ ਦੇ ਬਾਹਰ 3 ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਸ ਨੇ ਇਸ ਮਾਮਲੇ ਵਿੱਚ ਹੁਣ ਤੱਕ 26 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਤੇ ਮਕੋਕਾ (MCOCA) ਤਹਿਤ ਕਾਰਵਾਈ ਕੀਤੀ ਗਈ ਹੈ।
ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਆਇਆ ਸੀ ਸਾਹਮਣੇ
ਪੁਲਸ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਾਂਚ ਅਨੁਸਾਰ, ਅਨਮੋਲ ਬਿਸ਼ਨੋਈ ਨੇ ਅਪਰਾਧ ਜਗਤ ਵਿੱਚ ਦਹਿਸ਼ਤ ਅਤੇ ਦਬਦਬਾ ਕਾਇਮ ਕਰਨ ਲਈ ਸਿੱਦੀਕੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਫਿਲਹਾਲ ਬਾਕੀ ਸਾਰੇ ਮੁਲਜ਼ਮ ਨਿਆਂਇਕ ਹਿਰਾਸਤ ਵਿੱਚ ਹਨ।















