ਕਾਦੀਆਂ/ਗੁਰਦਾਸਪੁਰ/ਚੰਡੀਗੜ੍ਹ : ਪੰਜਾਬ ਦੀ ਕੈਬਿਨੇਟ ਵੱਲੋਂ ਅੰਮ੍ਰਿਤਸਰ ‘ਚ ਖਾਲਸਾ ਯੂਨੀਵਰਸਿਟੀ ਸਥਾਪਤ ਕਰਨ ਸਬੰਧੀ ਬਿੱਲ ਪਾਸ ਕਰਨ ‘ਤੇ ਸਖ਼ਤ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਾਂਗਰਸ ਵਿਧਾਇਕ ਧਿਰ ਦੀ ਲੀਡਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਅਗਲੇ ਪਰਿਵਾਰ ‘ਤੇ ਲੋਕਾਂ ਦੇ ਹਿੱਤਾਂ ਖਿਲਾਫ ਕੰਮ ਕਰਦਿਆਂ ਜ਼ਮੀਨਾਂ ਦੇ ਕਬਜ਼ਾਧਾਰੀ ਬਣਨ ਦਾ ਦੋਸ਼ ਲਗਾਇਆ ਹੈ।
ਫਤਿਹ ਜੰਗ ਸਿੰਘ ਬਾਜਵਾ ਵੱਲੋਂ ਕਾਦੀਆਂ ਵਿਖੇ ਅਯੋਜਿਤ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਖਾਲਸਾ ਯੂਨੀਵਰਸਿਟੀ ਨੂੰ ਇਤਿਹਾਸਿਕ ਖਾਲਸਾ ਕਾਲਜ਼ ਦੀ ਜ਼ਮੀਨ ‘ਤੇ ਸਥਾਪਤ ਕੀਤਾ ਜਾਣਾ ਹੈ, ਜਿਹੜਾ ਸਿੱਖ ਵਿਰਾਸਤ ਦਾ ਹਿੱਸਾ ਹੈ ਤੇ ਇਸ ਜ਼ਮੀਨ ਨੂੰ ਕੋਟ ਖਾਲਸਾ ਪਿੰਡ ਵੱਲੋਂ ਵਿਸ਼ੇਸ਼ ਉਦੇਸ਼ ਵਾਸਤੇ ਦਾਨ ਦਿੱਤਾ ਗਿਆ ਸੀ। ਲੇਕਿਨ ਬਾਅਦ ‘ਚ ਇਸਦੀ ਮੈਨੇਜਮੇਂਟ ਨੂੰ ਮਜੀਠੀਆ ਪਰਿਵਾਰ ਨੇ ਦਬਾਅ ਲਿਆ।
ਚੰਨੀ ਨੇ ਕਿਹਾ ਕਿ ਖਾਲਸਾ ਯੂਨੀਵਰਸਿਟੀ ਨੂੰ ਵੀ ਇਕ ਵੱਖਰੀ ਟਰੱਸਟ ਵੱਲੋਂ ਚਲਾਇਆ ਜਾਵੇਗਾ, ਜਿਸ ‘ਚ ਬਾਦਲ ਤੇ ਮਜੀਠੀਆ ਪਰਿਵਾਰਾਂ ਦੇ ਮੈਂਬਰ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਖਾਲਸਾ ਯੂਨੀਵਰਸਿਟੀ ਇਕ ਪ੍ਰਾਈਵੇਟ ਸੰਸਥਾ ਬਣਨ ਜਾ ਰਹੀ ਹੈ, ਲੇਕਿਨ ਉਸਦੀ ਜ਼ਮੀਨ ਨੂੰ ਲੋਕਾਂ ਨੇ ਸੱਭ ਦੀ ਭਲਾਈ ਵਾਸਤੇ ਦਾਨ ਕੀਤਾ ਗਿਆ ਸੀ, ਇਸਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਇਹ ਬਾਦਲ ਤੇ ਮਜੀਠੀਆ ਪਰਿਵਾਰਾਂ ਵੱਲੋਂ ਜ਼ਮੀਨ ‘ਤੇ ਕੀਤਾ ਜਾ ਰਿਹਾ ਕਬਜ਼ਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਨੂੰ ਖਾਲਸਾ ਯੂਨੀਵਰਸਿਟੀ ਬਣਾਏ ਜਾਣ ਨਾਲ ਕੋਈ ਸਮੱਸਿਆ ਨਹੀਂ ਹੈ, ਲੇਕਿਨ ਇਹ ਖਾਲਸਾ ਕਾਲਜ਼ ਦੀ ਜ਼ਮੀਨ ‘ਤੇ ਨਹੀਂ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਾਦਲ ਨੇ ਸਿੱਖ ਸਮਾਜ ਦੇ ਭਰੋਸੇ ਨੂੰ ਤੋੜ ਦਿੱਤਾ ਹੈ।
ਚੰਨੀ ਨੇ ਖੁਲਾਸਾ ਕੀਤਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ, ਬਲਕਿ ਇਹੋ ਸੱਭ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਮਾਰਕੰਡਾ ‘ਚ ਲੋਕਾਂ ਵੱਲੋਂ ਮੀਰੀ ਪੀਰੀ ਮੈਡੀਕਲ ਕਾਲਜ਼ ਵਾਸਤੇ ਦਾਨ ਕੀਤੀ ਜ਼ਮੀਨ ਨਾਲ ਹੋਇਆ ਸੀ। ਇਹ ਲੋਕ ਹੀ ਉਸ ਸੰਸਥਾ ਨੂੰ ਕੰਟਰੋਲ ਕਰ ਰਹੇ ਹਨ। ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਕਿ ਬਾਦਲ ਸ੍ਰੀ ਅਨੰਦਪੁਰ ਸਾਹਿਬ ਅਕੈਡਮੀ ਕਮੇਟੀ ਦੇ ਪੂਰੀ ਜ਼ਿੰਦਗੀ ਲਈ ਚੇਅਰਮੈਨ ਵੀ ਹਨ। ਕੋਈ ਵੀ ਵਿਰੋਧ ਨਹੀਂ ਕਰੇਗਾ, ਜੇ ਬਾਦਲ ਆਪਣੇ ਜੱਦੀ ਪਿੰਡ ‘ਚ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ੁਰੂ ਕੀਤੇ ਕਾਲਜ਼ ਦੀ ਟਰੱਸਟ ਦੀ ਅਗਵਾਈ ਕਰਨ। ਲੇਕਿਨ ਖਾਲਸਾ ਕਾਲਜ਼ ਤੇ ਮੀਰੀ ਪੀਰੀ ਕਾਲਜ਼ ਦੋਨਾਂ ਦੀਆਂ ਜ਼ਮੀਨਾਂ ਲੋਕਾਂ ਵੱਲੋਂ ਦਾਨ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਦਲਾਂ ਦੀ ਮਲਕਿਅਤ ਨਹੀਂ ਬਣਨ ਦਿੱਤਾ ਜਾਵੇਗਾ।
ਚੰਨੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ‘ਚ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ ਉਹ ਖਾਲਸਾ ਯੂਨੀਵਰਸਿਟੀ ਲਈ ਦਿੱਤੀ ਗਈ ਮਨਜ਼ੂਰੀ ਨੂੰ ਵਾਪਿਸ ਲੈ ਲਵੇਗੀ, ਜੋ ਲੋਕਾਂ ਦੀ ਜ਼ਮੀਨ ਹੈ ਤੇ ਇਸ ‘ਤੇ ਸੱਤਾਧਾਰੀ ਪਰਿਵਾਰ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਕੱਤਰ ਇੰਚਾਰਜ਼ ਪੰਜਾਬ ਮਾਮਲੇ ਹਰੀਸ਼ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ 45 ਦਿਨਾਂ ‘ਚ 117 ਵਿਧਾਨ ਸਭਾ ਹਲਕਿਆਂ ‘ਚ ਵਰਕਰ ਮੀਟਿੰਗਾਂ ਦੇ ਪ੍ਰੋਗਰਾਮ ਪੂਰੇ ਕਰ ਚੁੱਕੀ ਹੈ। ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਵਰਕਰਾਂ ‘ਚ ਭਾਰੀ ਉਤਸਾਹ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਆਉਂਦੀਆਂ 2017 ਵਿਧਾਨ ਸਭਾ ਚੋਣਾਂ ‘ਚ ਸਰਕਾਰ ਬਣਾਏਗੀ। ਪੰਜਾਬ ਦੇ ਲੋਕ ਅਕਾਲੀ ਦਲ-ਭਾਜਪਾ ਤੇ ਆਪ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਮਨ ਬਣਾ ਚੁੱਕੇ ਹਨ।
ਮੀਟਿੰਗ ਦੌਰਾਨ ਸ਼ਾਮਲ ਹੋਣ ਵਾਲਿਆਂ ‘ਚ ਹੋਰਨਾਂ ਤੋਂ ਇਲਾਵਾ, ਫਤਹਿ ਜੰਗ ਸਿੰਘ ਬਾਜਵਾ, ਸੰਗਤ ਸਿੰਘ ਗਿਲਜ਼ੀਆਂ ਵਿਧਾਇਕ, ਅਸ਼ੋਕ ਚੌਧਰੀ, ਬਲਵਿੰਦਰ ਲਾਡੀ, ਜਸਬੀਰ ਡਿੰਪਾ, ਰਾਜੀਵ ਭਗਤ, ਰਵਿੰਦਰ ਸ਼ਰਮਾ, ਵਿਨੈ ਮਹਾਜਨ, ਕੰਵਰ ਪ੍ਰਤਾਪ ਸਿੰਘ ਬਾਜਵਾ, ਨਿਮਿਸ਼ਾ ਮਹਿਤਾ, ਕਮਲਜੀਤ ਲਾਲੀ, ਹਰਭਾਗ ਸੈਨੀ, ਪਰਮਜੀਤ ਰੰਧਾਵਾ, ਬਲਦੀਸ਼ ਤੂਰ, ਨਿੰਨੋ ਛੋਟੇਪੁਰ, ਭੁਪਿੰਦਰ ਸਿੰਘ ਵਿੱਟੀ, ਮੋਹਿੰਦਰ ਪਾਲ, ਰਜਿੰਦਰ ਸਿੰਘ ਬੱਲ੍ਹਾ, ਹਰਨਾਮ ਸਿੰਘ ਡੇਅਰੀਵਾਲ, ਸੁਰਜੀਤ ਸਿੰਘ ਤੁੰਗਲਵਾਲ ਵੀ ਮੌਜ਼ੂਦ ਰਹੇ।















